Punjab news: ਅਲਵਿਦਾ! ਮਾਸਟਰ ਬਾਰੂ ਸਤਵਰਗ...ਤੁਰ ਗਿਆ ਇਨਕਲਾਬ ਦੇ ਰਾਹ ਦਾ ਪਾਂਧੀ
ਬਠਿੰਡਾ: ਨਿੱਘੇ ਸੁਭਾਅ ਦੇ ਧਾਰਨੀ, ਚੰਗੇ ਪਿਤਾ, ਦ੍ਰਿੜ ਇਨਕਲਾਬੀ ਰਾਜਨੀਤਕ ਆਗੂ, ਉਘੇ ਕਮਿਊਨਿਸਟ ਮਾਸਟਰ ਬਾਰੂ ਸਤਵਰਗ 25 ਅਗਸਤ ਰਾਤ 11:45 ਵਜੇ ਸਦੀਵੀਂ ਵਿਛੋੜਾ ਦੇ ਗਏ।
ਬਠਿੰਡਾ: ਨਿੱਘੇ ਸੁਭਾਅ ਦੇ ਧਾਰਨੀ, ਚੰਗੇ ਪਿਤਾ, ਦ੍ਰਿੜ ਇਨਕਲਾਬੀ ਰਾਜਨੀਤਕ ਆਗੂ, ਉਘੇ ਕਮਿਊਨਿਸਟ ਮਾਸਟਰ ਬਾਰੂ ਸਤਵਰਗ 25 ਅਗਸਤ ਰਾਤ 11:45 ਵਜੇ ਸਦੀਵੀਂ ਵਿਛੋੜਾ ਦੇ ਗਏ। ਉਹ ਏਮਜ਼ ਬਠਿੰਡਾ ਵਿੱਚ 19 ਅਗਸਤ ਤੋਂ ਜੇਰੇ ਇਲਾਜ ਸਨ। ਉਹ ਆਪਣੇ ਪਿੱਛੇ ਬੇਟੀਆਂ ਦੇ ਪਰਿਵਾਰਾਂ ਤੇ ਇਨਕਲਾਬੀ ਲਹਿਰ ਦੇ ਸਾਥੀਆਂ ਨੂੰ ਛੱਡ ਗਏ। ਉਹ ਉੱਘੇ ਨਾਟਕਕਾਰ ਗੁਰਸਰਨ ਭਾਅ ਜੀ ਦੇ ਵੀ ਸਾਥੀ ਰਹੇl
ਉਨ੍ਹਾਂ ਦਾ ਜਨਮ 1945 ਵਿੱਚ ਉਸ ਵੇਲੇ ਦੇ ਸੰਗਰੂਰ ਤੇ ਹੁਣ ਬਠਿੰਡਾ ਜ਼ਿਲ੍ਹੇ ਵਿੱਚ ਪੈਂਦੇ ਪਿੰਡ ਢੇਲਵਾ ਵਿਖ਼ੇ ਹੋਇਆ ਪਰ ਉਨ੍ਹਾਂ ਦਾ ਪਾਲਣ-ਪੋਸ਼ਣ ਉਨ੍ਹਾਂ ਦੇ ਨਾਨਕੇ ਪਿੰਡ ਮਹਿਰਾਜ ਵਿੱਚ ਹੋਇਆ ਜਿੱਥੋਂ ਉਨ੍ਹਾਂ ਦਸਵੀਂ ਤੇ ਰਾਮਪੁਰੇ ਤੋਂ ਜੇਬੀਟੀ ਪਾਸ ਕਰਕੇ ਟੀਚਰ ਭਰਤੀ ਹੋਏ l 1967-68 ਵਿੱਚ ਇਨ੍ਹਾਂ ਦਾ ਰਾਬਤਾ ਨਕਸਲਬਾੜੀ ਲਹਿਰ ਦੇ ਜੁਝਾਰੂਆਂ ਨਾਲ ਭੋਲਾ ਸਿੰਘ ਗੁਰੂਸਰ ਰਾਹੀਂ ਹੋਇਆ ਤੇ ਇਨ੍ਹਾਂ ਬਾਬਾ ਬੁਝਾ ਸਿੰਘ ਦੀ ਸਕੂਲਿੰਗ ਲੈਂਦਿਆਂ ਸੀਪੀਆਈ (ਐਮਐਲ) ਜੁਆਇਨ ਕਰ ਲਈ ਤੇ ਸਾਰੀ ਉਮਰ ਇਸ ਇਨਕਲਾਬੀ ਵਿਚਾਰਧਾਰਾ ਦਾ ਪ੍ਰਚਾਰ ਤੇ ਪਸਾਰ ਕਰਦੇ ਰਹੇl
ਇਹ ਵੀ ਪੜ੍ਹੋ: Nabha jail break case: ਨਾਭਾ ਜੇਲ੍ਹ ਬ੍ਰੇਕ ਦੇ ਮਾਸਟਰਮਾਈਂਡ ਰੋਮੀ ਦੀ ਹੋਏਗੀ ਭਾਰਤ ਹਵਾਲਗੀ, ਹਾਂਗਕਾਂਗ ਹਾਈ ਕੋਰਟ ਨੇ ਦਿੱਤਾ ਝਟਕਾ
1975 ਦੀ ਐਮਰਜੰਸੀ ਦੌਰਾਨ ਇਹ ਸਾਥੀ ਕਰੀਬ ਡੇਢ ਸਾਲ ਜੇਲ੍ਹ ਵਿੱਚ ਬੰਦ ਰਹੇl ਅੱਤ ਦੀ ਗਰੀਬੀ ਇਨ੍ਹਾਂ ਪਿੰਡੇ ਤੇ ਹੰਢਾਈ ਪਰ ਮਜ਼ਦੂਰ ਜਮਾਤ ਲਈ ਰਾਹ ਦਸੇਰਾ ਬਣੇ ਰਹੇl ਕਿਰਤੀ ਯੁੱਗ, ਕਿਰਤੀ ਕਿਸਾ, ਪ੍ਰਚੰਡ ਮੈਗਜ਼ੀਨ, ਸਮਕਾਲੀ ਦਿਸ਼ਾ, ਸੁਲਘਦੇ ਪਿੰਡ ਆਦਿ ਇਨਕਲਾਬੀ ਪਰਚਿਆਂ ਦੇ ਇਹ ਕਈ ਸਾਲ ਸੰਪਾਦਕ ਰਹੇ। ਇਨ੍ਹਾਂ ਦੀ ਸੰਪਾਦਕੀ ਕਰਦਿਆਂ ਉਨ੍ਹਾਂ ਨੂੰ ਪੁਲਿਸ ਕੇਸਾਂ ਦਾ ਵੀ ਸਾਹਮਣਾ ਕਰਨਾ ਪਿਆl ਉਨ੍ਹਾਂ ਇਨਕਲਾਬੀ ਤੇਲਗੂ ਕਵੀ ਕਾਮਰੇਡ ਵਰਵਰਾ ਰਾਓ ਦੀ ਅਗਵਾਈ ਵਿੱਚ ਇਹ ਆਲ ਇੰਡੀਆ ਲੀਗ ਫਾਰ ਰੈਵਲੂਸ਼ਨਰੀ ਕਲਚਰ ਦੀ ਸਿਖਰਲੀ ਕਮੇਟੀ ਨਾਲ ਵੀ ਕੰਮ ਕੀਤਾl
ਸੱਚ ਨੂੰ ਫਾਂਸੀ ਨਾਟਕਾਂ ਦੀ ਕਿਤਾਬ ਤੇ ਕਈ ਕਹਾਣੀਆਂ, ਪੰਜ ਇਨਕਲਾਬੀ ਨਾਵਲ (ਲਹੂ ਪਾਣੀ ਨਹੀਂ ਬਣਿਆ, ਫੱਟੜ ਸ਼ੀਹਣੀ, ਨਿੱਘੀ ਬੁੱਕਲ, ਸ਼ਰਧਾ ਦੇ ਫੁੱਲ ਤੇ ਪੰਨਾ ਇੱਕ ਇਤਿਹਾਸ ਦਾ) ਲਿਖੇ ਜੋ ਲੋਕਾਂ ਨੇ ਬਹੁਤ ਨੀਝ ਲਾ ਕੇ ਪੜ੍ਹੇl ਬਾਰੂ ਸਤਬਰਗ ਜੀ ਗੁਰਬਤ ਭਰੀ ਜਿੰਦਗੀ ਬਸਰ ਕਰ ਰਹੇ ਲੋਕਾਂ ਦੇ ਮਸੀਹਾ ਸਨ ਜਿਨ੍ਹਾਂ ਨੇ ਕਾਫੀ ਲੰਮਾ ਸਮਾਂ ਕਿਰਤੀ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਵਜੋਂ ਕੰਮ ਕੀਤਾ ਤੇ ਕਈ ਸਾਲ ਬੇਜ਼ਮੀਨੇ ਲੋਕਾਂ ਦੇ ਆਗੂ ਵਜੋਂ ਵਿਚਰਦੇ ਰਹੇl
ਮਾਸਟਰ ਬਾਰੂ ਸਤਬਰਗ ਵੱਲੋਂ ਲੋਕ ਇਨਕਲਾਬ ਦੇ ਮਿਸ਼ਨ ਲਈ ਚੱਕਿਆ ਗਿਆ ਸੂਹਾ ਝੰਡਾ ਸਦਾ ਲਹਿਰਾਇਆ ਜਾਂਦਾ ਰਹੇਗਾ। ਲਹਿਰ ਅੰਦਰ ਉਨ੍ਹਾਂ ਦਾ ਯੋਗਦਾਨ ਸਦਾ ਯਾਦ ਰੱਖਿਆ ਜਾਵੇਗਾ। ਬਠਿੰਡਾ ਦੇ ਮਹਿਰਾਜ ਪਿੰਡ ਵਿਖੇ ਉਨ੍ਹਾਂ ਦਾ ਸਸਕਾਰ ਇਨਕਲਾਬੀ ਰਵਾਇਤਾਂ ਨਾਲ ਉਸ ਦੇ ਸਾਥੀਆਂ ਵੱਲੋਂ ਸੂਹੀ ਲਾਲ ਸਲਾਮੀ ਨਾਲ ਵਿਦਾਅ ਕੀਤਾl
ਇਹ ਵੀ ਪੜ੍ਹੋ: Punjab News: ਭਗਵੰਤ ਮਾਨ ਨਾਲ ਪੁੱਠਾ ਪੰਗਾ ਲੈ ਬੈਠੇ ਗਵਰਨਰ! ਰਾਸ਼ਟਰਪਤੀ ਰਾਜ ਦੀ ਚੇਤਾਵਨੀ ਮਗਰੋਂ ਐਕਸ਼ਨ ਮੋਡ 'ਚ ਸੀਐਮ ਮਾਨ