Sweeping Machines: 40 ਕਰੋੜ ਦੀਆਂ ਮਸ਼ੀਨਾਂ ਨਾਲ ਮੋਹਾਲੀ ਦੀਆਂ ਸੜਕਾਂ ਦੀ ਹੋਵੇਗੀ ਸਫ਼ਾਈ, ਪ੍ਰੋਜੈਕਟ ਨੂੰ ਹਰੀ ਝੰਡੀ
Mohali - ਅਗਲ੍ਹੇ 3 ਮਹੀਨਿਆਂ 'ਚ 40 ਕਰੋੜ ਦੀ ਲਾਗਤ ਵਾਲੀਆਂ ਮਸ਼ੀਨਾਂ ਨਾਲ ਮੋਹਾਲੀ ਦੀਆਂ ਸੜਕਾਂ 'ਤੇ ਸਫ਼ਾਈ ਦਾ ਕੰਮ ਸ਼ੁਰੂ ਹੋ ਜਾਵੇਗਾ
Swachh Bharat: ਮੋਹਾਲੀ ਦੇ ਮੇਅਰ ਅਮਰਜੀਤ ਸਿੰਘ ਸਿੱਧੂ ਨੇ ਦੱਸਿਆ ਹੈ ਕਿ ਅਗਲ੍ਹੇ 3 ਮਹੀਨਿਆਂ 'ਚ 40 ਕਰੋੜ ਦੀ ਲਾਗਤ ਵਾਲੀਆਂ ਮਸ਼ੀਨਾਂ ਨਾਲ ਮੋਹਾਲੀ ਦੀਆਂ ਸੜਕਾਂ 'ਤੇ ਸਫ਼ਾਈ ਦਾ ਕੰਮ ਸ਼ੁਰੂ ਹੋ ਜਾਵੇਗਾ। ਉਨ੍ਹਾਂ ਆਸ ਪ੍ਰਗਟਾਈ ਕਿ ਇਟਲੀ ਤੋਂ ਮੰਗਵਾਈਆਂ ਗਈਆਂ ਇਹਨਾਂ ਮਸ਼ੀਨਾਂ ਨਾਲ ਸਫ਼ਾਈ ਸ਼ੁਰੂ ਹੋ ਜਾਣ ਨਾਲ ਅਗਲੇ ਸਾਲ ਮੋਹਾਲੀ ਦੀ ਸਵੱਛਤਾ ਰੈਂਕਿੰਗ ਸਿਖਰ ਨੂੰ ਛੋਹੇਗੀ। ਮੇਅਰ ਨੇ ਇਹ ਟਿੱਪਣੀਆਂ ਨਗਰ ਨਿਗਮ ਦੀ ਲੇਖਾ ਤੇ ਠੇਕਾ ਕਮੇਟੀ ਦੀ ਮੀਟਿੰਗ ਉਪਰੰਤ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕੀਤੀਆਂ।
ਉਨ੍ਹਾਂ ਨੇ ਖੁਲਾਸਾ ਕੀਤਾ ਕਿ ਅੱਜ ਦੀ ਮੀਟਿੰਗ ਵਿਚ ਕਰੋੜਾਂ ਰੁਪਏ ਦੇ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਮਕੈਨੀਕਲ ਸਵੀਪਿੰਗ ਮਸ਼ੀਨਾਂ ਦੇ ਟੈਂਡਰ ਸਮੇਤ ਕੁਲ 52 ਕਰੋੜ ਰੁਪਏ ਦੇ ਕੰਮਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਉਹਨਾਂ ਇਹਨਾਂ ਕੰਮਾਂ ਦੀ ਤਫ਼ਸੀਲ ਦਸਦਿਆਂ ਕਿਹਾ ਕਿ ਫੇਜ਼ 11 ਦੇ ਪਾਰਕਾਂ ਵਿੱਚ ਫਲੱਡ ਲਾਈਟਾਂ ਲਗਾਉਣ, ਫੇਜ਼-8 ਉਦਯੋਗਿਕ ਖੇਤਰ ਵਿੱਚ ਇੰਜਨੀਅਰਿੰਗ ਦਾ ਕੰਮ, ਬਿਜਲੀ ਸਸਕਾਰ ਮਸ਼ੀਨਾਂ ਲਈ ਕਾਮਿਆਂ ਦਾ ਪ੍ਰਬੰਧ, ਨਵੇਂ ਸ਼ੈਲੋ ਟਿਊਬਵੈੱਲ, ਸ਼ੈਲਟਰ ਹੋਮ ਲਈ ਐਮਸੀ ਸਟੋਰ ਵਿੱਚ ਪੰਪਿੰਗ ਮਸ਼ੀਨਾਂ ਲਗਾਉਣ ਦੇ ਕੰਮ ਹਨ।
ਇਸੇ ਤਰਾਂ ਹੀ ਆਵਾਰਾ ਕੁੱਤਿਆਂ ਨੂੰ ਕਾਬੂ ਕਰਨ, ਮਟੌਰ ਵਿੱਚ ਧਰਮਸ਼ਾਲਾ ਦੀ ਉਸਾਰੀ, ਫਾਇਰ ਸਟੇਸ਼ਨ ਦਾ ਸਾਮਾਨ, ਕੁੰਭੜਾ ਵਿੱਚ ਮੈਨਹੋਲਾਂ ਅਤੇ ਗਲੀਆਂ ਦੀ ਮੁਰੰਮਤ, ਫੇਜ਼-11, ਸਟਰੀਟ ਲਾਈਟ ਲਗਾਉਣ ਅਤੇ ਮੁਰੰਮਤ ਸਮੇਤ ਹੋਰ ਕਾਰਜ ਸ਼ਾਮਲ ਹਨ।
ਮੇਅਰ ਨੇ ਕਿਹਾ ਕਿ ਮੋਹਾਲੀ ਹੁਣ ਦੇਸ਼ ਭਰ ਵਿੱਚ ਚੋਟੀ ਦੀ ਸਵੱਛ ਭਾਰਤ ਰੈਂਕਿੰਗ ਹਾਸਲ ਕਰਨ ਤੋਂ ਬਹੁਤ ਦੂਰ ਨਹੀਂ ਹੈ। ਉਨ੍ਹਾਂ ਕਿਹਾ ਕਿ ਗਮਾਡਾ ਵੱਲੋਂ ਫੰਡਾਂ ਦੇ ਮਾਮਲੇ ਵਿੱਚ ਲੋੜੀਂਦੇ ਸਹਿਯੋਗ ਨਾਲ ਮੋਹਾਲੀ ਦਾ ਵਿਕਾਸ ਦੀ ਨਵੀਆਂ ਬੁਲੰਦੀਆਂ ਨੂੰ ਛੂਹੇਗਾ।
ਇਸ ਮੀਟਿੰਗ ਵਿੱਚ ਨਿਗਮ ਕਮਿਸ਼ਨਰ ਨਵਜੋਤ ਕੌਰ, ਸੰਯੁਕਤ ਕਮਿਸ਼ਨਰ ਕਿਰਨ ਸ਼ਰਮਾ, ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ, ਕੌਂਸਲਰ ਅਤੇ ਸੀਨੀਅਰ ਅਧਿਕਾਰੀ ਹਾਜ਼ਰ ਸਨ।