Punjab News: ਕਾਂਗਰਸ ਨੇ AAP 'ਤੇ ਚੁੱਕੇ ਸਵਾਲ, ਕਿਹਾ ਕੇਜਰੀਵਾਲ ਨੇ ਪੰਜਾਬ ਨੂੰ ਕੱਢੀਆਂ ਗਾਲ਼ਾਂ, ਪੰਜਾਬੀਆਂ ਤੋਂ ਮੁਆਫ਼ੀ ਮੰਗਣ
AAP vs Congress: ਮਾਲਵਿੰਦਰ ਕੰਗ ਜੀ, ਦੇਸ਼ ਲਈ ਅਨਾਜ ਦੇ ਭੰਡਾਰ ਭਰਨ ਵਾਲੇ ਪੰਜਾਬ ਨੂੰ ਗੋਦੀ ਮੀਡੀਆ ਅਤੇ ਦਿੱਲੀ ਦੇ ਜਿਸ ਸੈਕਸ਼ਨ ਨੇ ਗਾਲ਼ਾਂ ਕੱਢੀਆਂ, ਉਸ ਵਿੱਚ ਤੁਹਾਡੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੀ ਹਨ।
ਪੰਜਾਬ ਵਿੱਚ ਪਰਾਲੀ ਸਾੜਨ ਦੇ ਮੁੱਦੇ 'ਤੇ ਵਿਰੋਧੀ ਸਿਆਸੀ ਧਿਰਾਂ ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਲਗਾਤਾਰ ਸਵਾਲ ਖੜ੍ਹੀਆਂ ਕਰ ਰਹੀਆਂ ਹਨ। ਜਲੰਧਰ ਕੈਂਟ ਤੋਂ ਕਾਂਗਰਸ ਦੇ ਵਿਧਾਇਆ ਤੇ ਸਾਬਕਾ ਸਿੱਖਿਆ ਮੰਤਰੀ ਪਰਗਟ ਸਿੰਘ ਨੇ ਪਰਾਲੀ ਦੇ ਮੁੱਦੇ 'ਤੇ ਆਮ ਆਦਮੀ ਪਾਰਟੀ ਨੂੰ ਆਪਣਾ ਸਟੈਂਡ ਸਪੱਸ਼ਟ ਕਰਨ ਲਈ ਕਿਹਾ ਹੈ।
ਪਰਗਟ ਸਿੰਘ ਨੇ ਆਮ ਆਦਮੀ ਪਾਰਟੀ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਦੇ ਬਿਆਨ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ ਹਨ। ਪਰਗਟ ਸਿੰਘ ਨੇ ਕਿਹਾ ਕਿ ਪਰਾਲੀ ਸਾੜਨ ਨੂੰ ਲੈ ਪੰਜਾਬ 'ਤੇ ਜੋ ਅਰਵਿੰਦ ਕੇਜਰੀਵਾਲ ਨੇ ਸਵਾਲ ਚੁੱਕੇ ਸਨ ਕੀ ਪਾਰਟੀ ਜਾਂ ਅਰਵਿੰਦ ਕੇਜਰੀਵਾਲ ਮੁਆਫ਼ੀ ਮੰਗਣਗੇ ?
ਪਰਗਟ ਸਿੰਘ ਨੇ ਟਵੀਟ ਕਰਕੇ ਕਿਹਾ ਕਿ - ਮਾਲਵਿੰਦਰ ਕੰਗ ਜੀ, ਦੇਸ਼ ਲਈ ਅਨਾਜ ਦੇ ਭੰਡਾਰ ਭਰਨ ਵਾਲੇ ਪੰਜਾਬ ਨੂੰ ਗੋਦੀ ਮੀਡੀਆ ਅਤੇ ਦਿੱਲੀ ਦੇ ਜਿਸ ਸੈਕਸ਼ਨ ਨੇ ਗਾਲ਼ਾਂ ਕੱਢੀਆਂ, ਉਸ ਵਿੱਚ ਤੁਹਾਡੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੀ ਹਨ। ਪਿਛਲੇ ਕਈ ਸਾਲਾਂ ਤੋਂ ਪੰਜਾਬ ਨੂੰ ਭੰਡਣ ਵਾਲੇ ਤੁਹਾਡੇ ਸੁਪਰੀਮੋ ਹੁਣ ਪੰਜਾਬ ਤੋਂ ਮਾਫ਼ੀ ਮੰਗਣਗੇ?
ਦਰਅਸਲ ਇਸ ਟਵੀਟ ਵਿੱਚ ਪਰਗਟ ਸਿੰਘ ਨੇ ਮਾਲਵਿੰਦਰ ਕੰਗ ਅਤੇ ਕੇਜਰੀਵਾਲ ਦੀ ਵੀਡੀਓ ਸ਼ੇਅਰ ਕੀਤੀ ਹੈ। ਜਿਸ ਵਿੱਚ ਆਪ ਦੇ ਬੁਲਾਰੇ ਮਾਲਵਿੰਦਰ ਕੰਗ ਆਖ ਰਹੇ ਹਨ ਕਿ ਜਦੋਂ ਦੇਸ਼ ਵਿੱਚ ਅਨਾਜ਼ ਦਾ ਸੰਕਟ ਸੀ ਤਾਂ ਪੰਜਾਬ ਨੇ ਦੇਸ਼ ਨੂੰ ਅਨਾਜ਼ ਪੈਦਾ ਕਰਕੇ ਦੇਸ਼ ਦੇ ਅਨਾਜ਼ ਭੰਡਾਰ ਭਰੇ। ਇਸ ਸੰਕਟ ਚੋਂ ਬਾਹਰ ਕੱਢਿਆ ਸੀ। ਪਰ ਕੁੱਝ ਗੋਦੀ ਮੀਡੀਆ ਵਾਲੇ ਪੰਜਾਬ ਨੂੰ ਸਾਨੂੰ ਗਾਲਾਂ ਕੱਢ ਰਹੇ ਹਨ ਪਰ ਯਾਦ ਰੱਖਿਆ ਕਿ ਮੁਸ਼ਕਿਲ ਦੀ ਘੜੀ ਵਿੱਚ ਪੰਜਾਬ ਨੇ ਦੇਸ਼ ਦਾ ਅਨਾਜ਼ ਭੰਡਾਰ ਭਰਿਆ ਸੀ।
ਦੂਜੇ ਪਾਸੇ ਅਰਵਿੰਦ ਕੇਜਰੀਵਾਲ ਦੀ ਵੀਡੀਓ ਜੋ ਸ਼ੇਅਰ ਕੀਤੀ ਹੈ ਉਸ ਵਿੱਚ ਕੇਜਰੀਵਾਲ ਆਖ ਰਹੇ ਹਨ ਕਿ ਪੰਜਾਬ 'ਚ ਸਾੜੀ ਜਾ ਰਹੀ ਪਰਾਲੀ ਦਾ ਧੂੰਆ ਦਿੱਲੀ ਪਹੁੰਚ ਰਿਹਾ ਹੈ। ਇਸੇ ਨੂੰ ਲੈ ਕੇ ਪਰਗਟ ਸਿੰਘ ਨੇ ਕਿਹਾ ਕਿ ਪੰਜਾਬ ਨੂੰ ਜੋ ਗਾਲਾਂ ਕੱਢ ਰਹੇ ਕੇਜਰੀਵਾਲ ਕੀ ਹੁਣ ਉਹ ਪੰਜਾਬੀਆਂ ਤੋਂ ਮੁਆਫ਼ੀ ਮੰਗਣਗੇ ?