Sirsa on PM Modi: ਸਿਰਸਾ ਦਾ ਦਾਅਵਾ, 75 ਸਾਲਾਂ 'ਚ ਪਹਿਲੀ ਵਾਰ ਸਿੱਖਾਂ ਨੂੰ ਸਭ ਤੋਂ ਵੱਧ ਮਾਣ ਮੋਦੀ ਸਰਕਾਰ ਨੇ ਦਿੱਤਾ
Manjinder Sirsa on PM Modi: ਸਿਰਸਾ ਦਾ ਦਾਅਵਾ, 75 ਸਾਲਾਂ 'ਚ ਪਹਿਲੀ ਵਾਰ ਸਿੱਖਾਂ ਨੂੰ ਸਭ ਤੋਂ ਵੱਧ ਮਾਣ ਮੋਦੀ ਸਰਕਾਰ ਨੇ ਦਿੱਤਾ
Manjinder Sirsa on PM Modi: ਭਾਜਪਾ ਦੇ ਕੌਮੀ ਸਕੱਤਰ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਹੈ ਕਿ ਦੇਸ਼ ਦੇ ਆਜ਼ਾਦੀ ਦੇ 75 ਵਰ੍ਹਿਆਂ ਵਿਚ ਸਿੱਖ ਭਾਈਚਾਰੇ ਨੂੰ ਮਾਣ ਤੇ ਸਤਿਕਾਰ ਦੇਣ ਵਾਲੀ ਮੋਦੀ ਸਰਕਾਰ ਪਹਿਲੀ ਸਰਕਾਰ ਸਾਬਤ ਹੋਈ ਹੈ ਤੇ ਸਿੱਖ ਭਾਈਚਾਰੇ ਨੂੰ ਵਿਵਾਦਾਂ ਤੇ ਟਕਰਾਅ ਦੀ ਪਹੁੰਚ ਤਿਆਗ ਕੇ ਆਪਣੇ ਬੱਚਿਆਂ ਦੇ ਸੁਨਹਿਰੀ ਭਵਿੱਖ ਵਾਸਤੇ ਸਰਕਾਰ ਨਾਲ ਰਲ ਕੇ ਕੰਮ ਕਰਨ ਦਾ ਸੁਨਹਿਰੀ ਮੌਕੇ ਦਾ ਲਾਭ ਲੈਣਾ ਚਾਹੀਦਾ ਹੈ।
ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਹੈ ਜਦੋਂ ਸਿੱਖ ਭਾਈਚਾਰੇ ਨੂੰ ਇੰਨਾ ਮਾਣ ਤੇ ਸਤਿਕਾਰ ਮਿਲਿਆ ਹੈ। ਉਹਨਾਂ ਕਿਹਾ ਕਿ ਇਹ ਵੀ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਹੋਇਆ ਹੈ ਕਿ ਜਿਸ ਲਾਲ ਕਿਲ੍ਹੇ ਤੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸ਼ਹੀਦ ਕਰਨ ਦੇ ਹੁਕਮ ਦਿੱਤੇ ਗਏ ਸਨ।
ਉਹਨਾਂ ਦਾ 400 ਸਾਲਾ ਪ੍ਰਕਾਸ਼ ਪੁਰਬ ਉਸੇ ਲਾਲ ਕਿਲ੍ਹੇ ’ਤੇ ਮਨਾਇਆ ਗਿਆ ਜਿਥੇ ਪ੍ਰਧਾਨ ਮੰਤਰੀ ਨੇ ਆਪ ਕਿਹਾ ਕਿ ਜੇਕਰ ਗੁਰੂ ਸਾਹਿਬ ਸ਼ਹਾਦਤ ਨਾ ਦਿੰਦੇ ਤਾਂ ਨਾ ਸਾਡੀ ਹੋਂਦ ਹੁੰਦੀ ਹੈ ਤੇ ਨਾ ਮੌਜੂਦਾ ਭਾਰਤ ਦੀ ਹੋਂਦ ਹੁੰਦੀ।
ਉਹਨਾਂ ਕਿਹਾ ਕਿ ਦੇਸ਼ ਵਿਚ ਅਜਿਹਾ ਪਹਿਲੀ ਵਾਰ ਹੋ ਰਿਹਾ ਹੈ ਕਿ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਤੇਗ ਬਹਾਦਰ ਸਾਹਿਬ ਦੇ ਪ੍ਰਕਾਸ਼ ਪੁਰਬ ’ਤੇ ਪ੍ਰਧਾਨ ਮੰਤਰੀ ਜਿਥੇ ਕਿਤੇ ਵੀ ਹੋਣ ਨੇੜਲੇ ਗੁਰੂ ਘਰ ਵਿਚ ਨਤਮਸਤਕ ਹੋ ਕੇ ਅਰਦਾਸ ਜ਼ਰੂਰ ਕਰਦੇ ਹਨ।
ਉਹਨਾਂ ਕਿਹਾ ਕਿ ਭਾਜਪਾ ਦੇ ਰਾਜਕਾਲ ਵਿਚ ਸਿੱਖਾਂ ਨੂੰ ਵੱਡੀ ਪ੍ਰਤੀਨਿਧਤਾ ਮਿਲੀ ਹੈ। ਜਿਥੇ ਪਾਣੀਪਤ ਵਿਚ ਸਾਡੀ ਧੀ ਅਵਨੀਤ ਕੌਰ ਮੇਅਰ ਵਜੋਂ ਸੇਵਾਵਾਂ ਨਿਭਾ ਰਹੀ ਹੈ, ਉਥੇ ਹੀ ਰਾਜਸਥਾਨ ਵਿਚ ਵੀ ਸਿੱਖ ਨੂੰ ਮੰਤਰੀ ਬਣਾਇਆ ਗਿਆ ਤੇ ਹੋਰ ਥਾਵਾਂ ’ਤੇ ਵੀ ਪ੍ਰਤੀਨਿਧਤਾ ਦਿੱਤੀ ਗਈ ਹੈ।
ਉਹਨਾਂ ਕਿਹਾ ਕਿ ਅੱਜ ਤੋਂ ਪਹਿਲਾਂ ਦੇਸ਼ ਵਿਚ ਹਾਲਾਤ ਇਹ ਸਨ ਕਿ ਸਾਡੇ ’ਤੇ ਜ਼ੁਲਮ ਢਾਹੁਣ ਵਾਲੇ ਬਾਬਰ ਤੇ ਔਰੰਗਜੇਬ ਦੇ ਨਾਂ ’ਤੇ ਕੌਮੀ ਰਾਜਧਾਨੀ ਵਿਚ ਸੜਕਾਂ ਦੇ ਨਾਂ ਰੱਖੇ ਹੋਏ ਸਨ ਜਦੋਂ ਕਿ ਹੁਣ ਇਹ ਨਾਂ ਦਰੁੱਸਤ ਕਰ ਕੇ ਗੁਰੂ ਸਾਹਿਬਾਨ ਦੇ ਨਾਂ ’ਤੇ ਰੱਖੇ ਗਏ ਹਨ।
ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਆਪ ਪਾਰਲੀਮੈਂਟ ਵਿਚ ਕਿਹਾ ਹੈ ਕਿ ਦਰਬਾਰ ਸਾਹਿਬ ’ਤੇ ਹਮਲਾ ਕਰਵਾਉਣਾ ਇਕ ਮਹਾਂਪਾਪ ਸੀ ਜੋ ਸਮੇਂ ਦੀ ਸਰਕਾਰ ਨੇ ਕੀਤਾ।
ਸਰਦਾਰ ਸਿਰਸਾ ਨੇ ਇਹ ਵੀ ਚਿੰਤਾ ਜ਼ਾਹਰ ਕੀਤੀ ਕਿ ਅੱਜ ਇਹ ਬਿਰਤਾਂਤ ਸਿਰਜਿਆ ਜਾ ਰਿਹਾ ਹੈ ਕਿ ਜੇਕਰ ਅਸੀਂ ਸਰਕਾਰ ਨੂੰ ਗਾਲ੍ਹਾਂ ਕੱਢਦੇ ਹਾਂ ਤਾਂ ਅਸੀਂ ਸੱਚੇ ਸਿੱਖ ਹਾਂ ਪਰ ਜੇਕਰ ਅਸੀਂ ਸਰਕਾਰ ਦੇ ਕਿਸੇ ਚੰਗੇ ਕੰਮ ਦੀ ਸਿਫ਼ਤ ਕਰਦੇ ਹਾਂ ਤਾਂ ਸਾਨੂੰ ਮਾੜਾ ਕਹਿਣ ਦੀ ਸ਼ੁਰੂਆਤ ਹੋ ਜਾਂਦੀ ਹੈ।
ਉਹਨਾਂ ਕਿਹਾ ਕਿ ਜਿਸ ਧਰਤੀ ’ਤੇ ਗੁਰੂ ਸਾਹਿਬ ਹੋਏ, ਗੁਰੂਆਂ ਦੀਆਂ ਸ਼ਹਾਦਤਾਂ ਹੋਈਆਂ, ਅਸੀਂ ਉਸਤੇ ਧਰਤੀ ਭਾਰਤ ਦੇ ਸਿੱਖ ਹਾਂ ਤੇ ਸਾਨੂੰ ਇਸ ਗੱਲ ’ਤੇ ਮਾਣ ਹੈ। ਉਹਨਾਂ ਕਿਹਾ ਕਿ ਸਾਨੂੰ ਵਿਵਾਦਾਂ ਤੇ ਟਕਰਾਅ ਦਾ ਰਵੱਈਆ ਤਿਆਗ ਕੇ ਆਪਣੇ ਬੱਚਿਆਂ ਦੇ ਬੇਹਤਰ ਭਵਿੱਖ ਵਾਸਤੇ ਸਰਕਾਰ ਨਾਲ ਰਲ ਕੇ ਕੰਮ ਕਰਨ ਦੇ ਸੁਨਹਿਰੀ ਮੌਕੇ ਦਾ ਲਾਭ ਲੈਣਾ ਚਾਹੀਦਾ ਹੈ।
ਉਹਨਾਂ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ’ਵੀਰ ਬਾਲ ਦਿਵਸ’ ਵਜੋਂ ਮਨਾਉਣ ਦੇ ਫੈਸਲੇ ਨਾਲ ਅੱਜ ਦੇਸ਼ ਤੇ ਦੁਨੀਆਂ ਭਰ ਵਿਚ ਸਕੂਲਾਂ ਵਿਚ ਪੜ੍ਹਦੇ ਬੱਚੇ ਸਾਹਿਜ਼ਾਦਿਆਂ ਤੋਂ ਪ੍ਰੇਰਿਤ ਹੋ ਰਹੇ ਹਨ ਤੇ ਮੇਘਾਲਿਆ ਤੇ ਤ੍ਰਿਪੁਰਾ ਵਰਗੇ ਰਾਜਾਂ ਵਿਚ ਵੀ ਸਥਾਨਕ ਭਾਸ਼ਾਵਾਂ ਵਿਚ ਸਾਹਿਬਜ਼ਾਦਿਆ ਦੀ ਉਸਤਤ ਹੋ ਰਹੀ ਹੈ।
ਹੁਣ ਤੱਕ ਸਕੂਲਾਂ ਵਿਚ ਬਾਲ ਦਿਵਸ ਮਨਾਇਆ ਜਾਂਦਾ ਸੀ ਜਿਸ ਤੋਂ ਬੱਚੇ ਕਿਸੇ ਵੀ ਤਰੀਕੇ ਪ੍ਰੇਰਿਤ ਨਹੀਂ ਹੁੰਦੇ ਸਨ ਪਰ ਹੁਣ ’ਵੀਰ ਬਾਲ ਦਿਵਸ’ ਮਨਾਉਣ ਦੀ ਸ਼ੁਰੂਆਤ ਹੋਈ ਹੈ ਜਿਸ ਸਦਕਾ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਬਾਰੇ ਸਿਰਫ ਪੰਜਾਬੀ, ਅੰਗਰੇਜ਼ੀ ਜਾਂ ਹਿੰਦੀ ਹੀ ਨਹੀਂ ਬਲਕਿ ਤਾਮਿਲ, ਮਰਾਠੀ, ਬੰਗਾਲੀ ਸਮੇਤ ਵੱਖ-ਵੱਖ ਭਾਸ਼ਾਵਾਂ ਵਿਚ ਸਾਹਿਤ ਛਪਿਆ ਹੈ ਤੇ ਸਕੂਲਾਂ ਵਿਚ ਪੜ੍ਹਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਹ ਵੀਰ ਬਾਲ ਦਿਵਸ ਮਨਾਉਣ ਨਾਲ 12 ਸਾਲ ਸਕੂਲਾਂ ਵਿਚ ਪੜ੍ਹਨ ਵਾਲੇ ਬੱਚੇ ਜਦੋਂ ਨੌਜਵਾਨੀ ਰੂਪ ਧਾਰਨ ਕਰਨਗੇ ਤਾਂ ਉਹ ਨਿਵੇਕਲੀ ਸੋਚ ਦੇ ਧਾਰਨੀ ਹੋਣਗੇ।