ਅਕਾਲੀ ਦਲ ਨੂੰ ਮੋਦੀ ਸਰਕਾਰ ਦਾ ਵੱਡਾ ਝਟਕਾ, ਮਜੀਠੀਆ 'ਤੇ ਸ਼ਿਕੰਜਾ
ਸ਼੍ਰੋਮਣੀ ਅਕਾਲੀ ਦਲ ਨੇ ਕੇਂਦਰ ਦੇ ਇਸ ਫੈਸਲੇ ਨੂੰ ਸਿਆਸੀ ਰੰਜਸ਼ ਕਰਾਰ ਦਿੱਤਾ ਹੈ। ਮਜੀਠੀਆ ਨੂੰ ਕੇਂਦਰ ਸਰਕਾਰ ਤੋਂ ਜੈੱਡ ਸ਼੍ਰੇਣੀ ਸੁਰੱਖਿਆ ਪੰਜਾਬ ‘ਚ ਅਕਾਲੀ ਦਲ-ਬੀਜੇਪੀ ਗਠਜੋੜ ਸਰਕਾਰ ਵੇਲੇ ਦਿੱਤੀ ਗਈ ਸੀ।
ਰਮਨਦੀਪ ਕੌਰ ਦੀ ਰਿਪੋਰਟ
ਚੰਡੀਗੜ੍ਹ: ਬੀਜੇਪੀ ਨਾਲੋਂ ਤੋੜ ਵਿਛੋੜਾ ਕਰਨ ਮਗਰੋਂ ਕੇਂਦਰ ਸਰਕਾਰ ਨੇ ਹੁਣ ਸਾਬਕਾ ਮੰਤਰੀ ਤੇ ਅਕਾਲ ਦਲ ਦੇ ਜਨਰਲ ਸਕੱਤਰ ਬਿਕਰਮ ਮਜੀਠੀਆ ਜੀ ਜੈੱਡ ਸ਼੍ਰੇਣੀ ਸੁਰੱਖਿਆ ਵਾਪਸ ਲੈ ਲਈ ਹੈ। ਕੇਂਦਰ ਵੱਲੋਂ ਭੇਜੀ ਚਿੱਠੀ ਮਗਰੋਂ ਪੰਜਾਬ ਸਰਕਾਰ ਹੁਣ ਮਜੀਠੀਆ ਦੀ ਸੁਰੱਖਿਆ ਦੀ ਸਮੀਖਿਆ ਕਰੇਗੀ ਤੇ ਤੈਅ ਕੀਤਾ ਜਾਵੇਗੀ ਕਿ ਉਨ੍ਹਾਂ ਨੂੰ ਹੁਣ ਕਿਸ ਪ੍ਰਕਾਰ ਦੀ ਸੁਰੱਖਿਆ ਦਿੱਤੀ ਜਾਵੇ।
ਉਧਰ ਮਜੀਠੀਆ ਨੂੰ ਗੈਂਗਸਟਰਾਂ ਤੇ ਵਿਦੇਸ਼ਾਂ ‘ਚ ਲੁਕੇ ਗੈਰ ਸਮਾਜੀ ਤੱਤਾਂ ਤੋਂ ਲਗਾਤਾਰ ਧਮਕੀਆਂ ਮਿਲਣ ਕਾਰਨ ਅਕਾਲੀ-ਬੀਜੇਪੀ ਸਰਕਾਰ ਨੇ ਉਨ੍ਹਾਂ ਨੂੰ ਜੈੱਡ ਸ਼੍ਰੇਣੀ ਦੀ ਸੁਰੱਖਿਆ ਦੇਣ ਦੀ ਮੰਗ ਕੀਤੀ ਸੀ। ਇਸ ਸੁਰੱਖਿਆ ਤਹਿਤ ਮਜੀਠੀਆ ਨੂੰ ਸੀਆਈਐਸਐਫ ਦੇ 30-40 ਜਵਾਨ ਤੇ ਦੋ ਐਸਕਾਰਟ ਵਾਹਨ ਮੁਹੱਈਆ ਕਰਾਏ ਗਏ ਸਨ।
ਹੁਣ ਕੇਂਦਰ ਦੇ ਨਵੇਂ ਹੁਕਮਾਂ ਮਗਰੋਂ ਸਾਰੀ ਸੁਰੱਖਿਆ ਵਾਪਸ ਲੈ ਲਈ ਗਈ ਹੈ। ਹੁਣ ਮਜੀਠੀਆ ਦੀ ਸੁਰੱਖਿਆ ਸਿਰਫ ਪੰਜਾਬ ਪੁਲਿਸ ਦੇ ਅਧੀਨ ਹੈ। ਪੰਜਾਬ ਪੁਲਿਸ ਨੇ ਜੁਲਾਈ 2018 ‘ਚ ਸੂਬੇ ਦੇ ਸਿਆਸੀ ਲੀਡਰਾਂ ਤੇ ਹੋਰ ਖਾਸ ਸ਼ਖਸੀਅਤਾਂ ਦੀ ਸੁਰੱਖਿਆ ਦੀ ਸਮੀਖਿਆ ਕਰਦਿਆਂ ਮਜੀਠੀਆ ਦੀ ਸੁਰੱਖਿਆ ‘ਚੋਂ 11 ਜਵਾਨ ਵਾਪਸ ਬੁਲਾ ਲਏ ਸਨ। ਹੁਣ ਸੂਬਾ ਸਰਕਾਰ ਨੇ ਕੇਂਦਰ ਦੀ ਤਾਜੀ ਚਿੱਠੀ ਮਗਰੋਂ ਡੀਜੀਪੀ ਨੂੰ ਮਜੀਠੀਆ ਦੀ ਸੁਰੱਖਿਆ ਦੀ ਸਮੀਖਿਆ ਕਰਨ ਲਈ ਕਿਹਾ ਹੈ। ਕੇਂਦਰੀ ਖੇਤੀ ਕਾਨੂੰਨਾਂ ਦੇ ਮਸਲੇ ਤੇ ਬੀਜੇਪੀ ਤੇ ਸ਼੍ਰੋਮਣੀ ਅਕਾਲੀ ਦਲ ਤੜਿੰਗ ਹਨ। ਅਕਾਲੀ ਦਲ ਵੱਲੋਂ ਕੇਂਦਰ ਦਾ ਫੈਸਲਾ ਬਦਲਾਖੋਰੀ ਦੱਸਿਆ ਜਾ ਰਿਹਾ ਹੈ।