(Source: ECI/ABP News/ABP Majha)
ਹੁਣ ਮਸ਼ਹੂਰ ਨਿਰਦੇਸ਼ਕ ਮੋਹਿਤ ਬਨਵੈਤ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਖ਼ੁਦ ਨੂੰ ਗੈਂਗਸਟਰ ਗੋਲਡੀ ਬਰਾੜ ਦੱਸ ਕੇ ਮੰਗੇ ਇੱਕ ਕਰੋੜ ਰੁਪਏ
ਪੰਜਾਬੀ ਫਿਲਮ ਇੰਡਸਟਰੀ ਦੇ ਮਸ਼ਹੂਰ ਨਿਰਦੇਸ਼ਕ ਮੋਹਿਤ ਬਨਵੈਤ ਤੋਂ ਇਕ ਕਰੋੜ ਦੀ ਫਿਰੌਤੀ ਮੰਗਣ ਦਾ ਮਾਮਲਾ ਸਾਹਮਣੇ ਆਇਆ ਹੈ। ਫਿਰੌਤੀ ਲੈਣ ਵਾਲੇ ਨੇ ਖ਼ੁਦ ਨੂੰ ਗੋਲਡੀ ਬਰਾੜ ਦੱਸਦਿਆਂ ਕਿਹਾ ਕਿ ਉਹ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਕਰੀਬੀ ਹੈ।
ਚੰਡੀਗੜ੍ਹ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਗੈਂਗਸਟਰਾਂ ਵੱਲੋਂ ਲੋਕਾਂ ਤੋਂ ਫਿਰੌਤੀ ਮੰਗਣ ਲਈ ਕੀਤੀਆਂ ਜਾਣ ਵਾਲੀਆਂ ਕਾਲਾਂ ਦਾ ਸਿਲਸਿਲਾ ਅਚਾਨਕ ਵਧ ਗਿਆ ਹੈ। ਇਸ ਤੋਂ ਬਾਅਦ ਪੰਜਾਬ ਵਿੱਚ ਗੈਂਗਸਟਰ ਦੇ ਨਾਂ ‘ਤੇ ਵਪਾਰੀਆਂ, ਗਾਇਕਾਂ ਤੇ ਲੀਡਰਾਂ ਤੋਂ ਫਿਰੌਤੀ ਮੰਗਣ ਦਾ ਸਿਲਸਿਲਾ ਆਮ ਹੀ ਹੋ ਗਿਆ। ਬੀਤੇ ਦਿਨੀਂ ਪੰਜਾਬ ਦੇ ਕਈ ਵਿਧਾਇਕਾਂ ਨੂੰ ਵੀ ਫਿਰੌਤੀ ਦੇਣ ਦੇ ਫੋਨ ਆ ਚੁੱਕੇ ਹਨ।
ਹੁਣ ਪੰਜਾਬੀ ਫਿਲਮ ਇੰਡਸਟਰੀ ਦੇ ਮਸ਼ਹੂਰ ਨਿਰਦੇਸ਼ਕ ਮੋਹਿਤ ਬਨਵੈਤ ਤੋਂ ਇਕ ਕਰੋੜ ਦੀ ਫਿਰੌਤੀ ਮੰਗਣ ਦਾ ਮਾਮਲਾ ਸਾਹਮਣੇ ਆਇਆ ਹੈ। ਫਿਰੌਤੀ ਲੈਣ ਵਾਲੇ ਨੇ ਖ਼ੁਦ ਨੂੰ ਗੋਲਡੀ ਬਰਾੜ ਦੱਸਦਿਆਂ ਕਿਹਾ ਕਿ ਉਹ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਕਰੀਬੀ ਹੈ। ਉਸ ਨੇ ਫਿਰੌਤੀ ਨਾ ਦੇਣ 'ਤੇ ਬਨਵੈਤ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ। ਆਰੋਪੀ ਨੇ ਨਿਰਦੇਸ਼ਕ ਨੂੰ ਫੋਨ 'ਤੇ ਉਸ ਦੇ ਘਰ ਦੇ ਨੰਬਰ ਤੋਂ ਲੈ ਕੇ ਗੱਡੀਆਂ ਤੱਕ ਦੇ ਨੰਬਰ ਲਿਖ ਕੇ ਭੇਜੇ ਹਨ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਮੋਹਿਤ ਬਨਵੈਤ ਨੇ ਦੱਸਿਆ ਕਿ ਉਸ ਦੇ ਮੋਬਾਈਲ ’ਤੇ ਇੱਕ ਕਾਲ ਆਈ। ਕਾਲਰ ਨੇ ਕਿਹਾ ਕਿ ਉਹ ਗੋਲਡੀ ਬਰਾੜ ਬੋਲ ਰਿਹਾ ਹੈ। ਜੇ ਤੁਸੀਂ ਆਪਣੀ ਜਾਨ ਦੀ ਸੁਰੱਖਿਆ ਚਾਹੁੰਦੇ ਹੋ ਤਾਂ ਤੁਹਾਨੂੰ ਇੱਕ ਕਰੋੜ ਦੇਣਾ ਪਵੇਗਾ। ਇਹ ਕਹਿ ਕੇ ਫੋਨ ਕੱਟ ਦਿੱਤਾ। ਫਿਰ ਉਸਦੇ ਵਟਸਐਪ 'ਤੇ ਇੱਕ ਨੰਬਰ ਤੋਂ ਮੈਸੇਜ ਆਇਆ। ਇਸ ਵਿੱਚ ਉਸ ਦੇ ਘਰ ਦਾ ਨੰਬਰ ਤੇ ਗੱਡੀ ਦਾ ਨੰਬਰ ਲਿਖੇ ਹੋਏ ਸੀ। ਉਸ ਨੂੰ ਰਿਕਾਰਡਿੰਗ ਦੇ ਜ਼ਰੀਏ ਧਮਕੀਆਂ ਭੇਜਿਆ ਗਈਆਂ।
ਦੱਸ ਦੇਈਏ ਕਿ ਪੰਜਾਬੀ ਫਿਲਮ ਤੇ ਮਿਊਜ਼ਿਕ ਇੰਡਸਟਰੀ ਨਾਲ ਜੁੜੇ ਲੋਕਾਂ ਤੋਂ ਫਿਰੌਤੀ ਮੰਗਣ ਦੇ ਫੋਨ ਆਉਣ ਦਾ ਸਿਲਸਿਲਾ 2018 ਤੋਂ ਸ਼ੁਰੂ ਹੋਇਆ ਸੀ। ਇਸ ਤੋਂ ਪਹਿਲਾਂ ਪੰਜਾਬੀ ਗਾਇਕ ਪਰਮੀਸ਼ ਵਰਮਾ 'ਤੇ ਸੈਕਟਰ-91 'ਚ ਹਮਲਾ ਹੋਇਆ ਸੀ। ਉਸ ਨੇ ਬੜੀ ਮੁਸ਼ਕਲ ਨਾਲ ਆਪਣੀ ਜਾਨ ਬਚਾਈ ਸੀ। ਇਸ ਤੋਂ ਬਾਅਦ ਜਦੋਂ ਗਿੱਪੀ ਗਰੇਵਾਲ ਦੀ 'ਕੈਰੀ ਆਨ ਜੱਟਾ' ਰਿਲੀਜ਼ ਹੋਈ ਤਾਂ ਉਸ ਨੂੰ ਫਿਰੌਤੀ ਦੇਣ ਦਾ ਫੋਨ ਆਇਆ। ਇਸ ਮਾਮਲੇ 'ਚ ਫੇਜ਼-8 ਥਾਣੇ 'ਚ ਗੈਂਗਸਟਰ ਦਿਲਪ੍ਰੀਤ ਬਾਬਾ ਸਮੇਤ ਕਈ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ।