Punjab Weather Update: ਪੰਜਾਬ 'ਚ ਮੌਨਸੂਨ ਦੀਆਂ ਛਹਿਬਰਾਂ! 3 ਜੁਲਾਈ ਤੱਕ ਹੋਏਗਾ ਜਲਥਲ
ਮੀਂਹ ਪੈਣ ਨਾਲ ਕਿਸਾਨਾਂ ਦੇ ਚਿਹਰੇ ਖਿੜ੍ਹ ਗਏ ਹਨ। ਇਹ ਮੀਂਹ ਖੇਤੀਬਾੜੀ ਲਈ ਲਾਹੇਵੰਦ ਦੱਸਿਆ ਜਾ ਰਿਹਾ ਹੈ। ਖੇਤੀ ਮਾਹਿਰਾਂ ਦਾ ਕਹਿਣਾ ਹੈ ਕਿ ਅਗੇਤਾ ਨਰਮਾ ਲਗਾਉਣ ਵਾਲਿਆਂ ਨੂੰ ਫਸਲ ਵੱਲ ਵਿਸ਼ੇਸ਼ ਤੌਰ ’ਤੇ ਧਿਆਨ ਦੇਣ ਦੀ ਲੋੜ ਹੈ ਤੇ ਲੋੜ ਪੈਣ ’ਤੇ ਸਪਰੇਅ ਕੀਤੀ ਜਾਣੀ ਚਾਹੀਦੀ ਹੈ।
Punjab Weather Update: ਪੰਜਾਬ ’ਚ ਮੌਨਸੂਨ ਨੇ ਸਮੇਂ ਤੋਂ ਪਹਿਲਾਂ ਦਸਤਕ ਦੇ ਦਿੱਤੀ ਹੈ। ਮੌਸਮ ਵਿਭਾਗ ਮੁਤਾਬਕ ਪੰਜਾਬ ਦੇ ਜ਼ਿਆਦਾਤਰ ਖੇਤਰਾਂ ’ਚ ਮੌਨਸੂਨ ਦੀ ਆਮਦ ਹੋ ਗਈ ਹੈ। ਵੀਰਵਾਰ ਨੂੰ ਮਾਲਵਾ ਖੇਤਰ ਦੇ ਸ੍ਰੀ ਮੁਕਤਸਰ ਸਾਹਿਬ, ਫਾਜ਼ਿਲਕਾ, ਬਠਿੰਡਾ ਤੇ ਮਾਨਸਾ ਨੂੰ ਛੱਡ ਕੇ ਬਾਕੀ ਥਾਵਾਂ ’ਤੇ ਭਰਵਾਂ ਮੀਂਹ ਪਿਆ ਹੈ। ਇਸ ਤੋਂ ਇਲਾਵਾ ਮਾਝਾ ਤੇ ਦੁਆਬਾ ਵਿੱਚ ਮੌਸਮ ਹੁੰਮਸ ਭਰਿਆ ਰਿਹਾ। ਉਨ੍ਹਾਂ ਦੱਸਿਆ ਕਿ ਸੂਬੇ ’ਚ ਭਲਕੇ 30 ਜੂਨ ਤੇ ਪਹਿਲੀ ਤੋਂ 3 ਜੁਲਾਈ ਤੱਕ ਕੁਝ ਥਾਵਾਂ ’ਤੇ ਹਲਕਾ ਮੀਂਹ ਪੈਣ ਦੀ ਸੰਭਾਵਨਾ ਹੈ।
ਹਾਸਲ ਜਾਣਕਾਰੀ ਮੁਤਾਬਕ ਮਾਲਵਾ ਖੇਤਰ ’ਚ ਵੀਰਵਾਰ ਨੂੰ ਮੌਨਸੂਨ ਦੇ ਪਹਿਲੇ ਮੀਂਹ ਨੇ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ, ਉੱਥੇ ਹੀ ਕਈ ਸ਼ਹਿਰਾਂ ਵਿੱਚ ਜਲ-ਥਲ ਕਰ ਦਿੱਤਾ। ਇਸ ਮੀਂਹ ਨਾਲ ਕਿਸਾਨਾਂ ਤੇ ਪਾਵਰਕੌਮ ਨੇ ਸੁੱਖ ਦਾ ਸਾਹ ਲਿਆ ਹੈ। ਇਸ ਦੌਰਾਨ ਸੜਕਾਂ ’ਤੇ ਪਾਣੀ ਭਰਨ ਕਾਰਨ ਰਾਹਗੀਰਾਂ ਨੂੰ ਆਵਾਜਾਈ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਹਾਸਲ ਜਾਣਕਾਰੀ ਅਨੁਸਾਰ ਪਟਿਆਲਾ ’ਚ 26 ਐਮਐਮ, ਚੰਡੀਗੜ੍ਹ ’ਚ 11.4 ਐਮਐਮ, ਲੁਧਿਆਣਾ ’ਚ 9 ਐਮਐਮ, ਫਤਹਿਗੜ੍ਹ ਸਾਹਿਬ ’ਚ 7 ਐਮਐਮ ਪਿਆ ਹੈ। ਪੰਜਾਬ ਵਿੱਚ ਕਈ ਥਾਵਾਂ ’ਤੇ ਮੀਂਹ ਪੈਣ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ।
ਦੂਜੇ ਪਾਸੇ ਮੀਂਹ ਪੈਣ ਨਾਲ ਕਿਸਾਨਾਂ ਦੇ ਚਿਹਰੇ ਖਿੜ੍ਹ ਗਏ ਹਨ। ਇਹ ਮੀਂਹ ਖੇਤੀਬਾੜੀ ਲਈ ਲਾਹੇਵੰਦ ਦੱਸਿਆ ਜਾ ਰਿਹਾ ਹੈ। ਖੇਤੀ ਮਾਹਿਰਾਂ ਦਾ ਕਹਿਣਾ ਹੈ ਕਿ ਅਗੇਤਾ ਨਰਮਾ ਲਗਾਉਣ ਵਾਲਿਆਂ ਨੂੰ ਫਸਲ ਵੱਲ ਵਿਸ਼ੇਸ਼ ਤੌਰ ’ਤੇ ਧਿਆਨ ਦੇਣ ਦੀ ਲੋੜ ਹੈ ਤੇ ਲੋੜ ਪੈਣ ’ਤੇ ਸਪਰੇਅ ਕੀਤੀ ਜਾਣੀ ਚਾਹੀਦੀ ਹੈ। ਉਧਰ, ਮੌਸਮ ਦਾ ਮਿਜ਼ਾਜ ਬਦਲਣ ਕਾਰਨ ਬਿਜਲੀ ਦੀ ਮੰਗ ਵੀ ਘੱਟ ਗਈ ਹੈ। ਵੀਰਵਾਰ ਨੂੰ ਪੰਜਾਬ ’ਚ ਦੁਪਹਿਰ ਸਮੇਂ ਮੀਂਹ ਪੈਣ ਤੋਂ ਪਹਿਲਾਂ ਬਿਜਲੀ ਦੀ ਮੰਗ 13 ਹਜ਼ਾਰ ਮੈਗਾਵਾਟ ਦੇ ਕਰੀਬ ਦਰਜ ਸੀ ਪਰ ਸ਼ਾਮ ਸਮੇਂ ਕੁਝ ਹਿੱਸਿਆਂ ’ਚ ਮੀਂਹ ਪੈਣ ਤੋਂ ਬਾਅਦ ਬਿਜਲੀ ਦੀ ਮੰਗ ਘੱਟ ਕੇ 11 ਹਜ਼ਾਰ ਮੈਗਾਵਾਟ ਦੇ ਕਰੀਬ ਰਹਿ ਗਈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।