ਪੜਚੋਲ ਕਰੋ
Advertisement
(Source: ECI/ABP News/ABP Majha)
ਆਖ਼ਰ ਕਿਓਂ ਨਾ ਹੋਵੇ ਜੰਗ, ਜਾਣੋ ਨਵਜੋਤ ਸਿੱਧੂ ਦੀ ਜ਼ੁਬਾਨੀਂ..!
ਚੰਡੀਗੜ੍ਹ: ਪੰਜਾਬ ਦੇ ਕੈਬਨਿਟ ਮੰਤਰੀ ਅਤੇ ਪਾਕਿਸਤਾਨ ਕਰਕੇ ਅਕਸਰ ਵਿਵਾਦਾਂ ਵਿੱਚ ਘਿਰਨ ਵਾਲੇ ਨਵਜੋਤ ਸਿੰਘ ਸਿੱਧੂ ਨੇ ਭਾਰਤ ਤੇ ਗੁਆਂਢੀ ਮੁਲਕ ਦੇ ਮੌਜੂਦਾ ਹਾਲਾਤ ਬਾਰੇ ਆਪਣੇ ਵਿਚਾਰ ਦਿੱਤੇ ਹਨ। ਬੇਸ਼ੱਕ ਸਾਰੇ ਵਿਚਾਰਾਂ ਨਾਲ ਤੁਸੀਂ ਸਹਿਮਤ ਨਾ ਹੋਵੋਂ, ਪਰ ਜੰਗ ਤੋਂ ਬਚਣ ਲਈ ਸਿੱਧੂ ਦੀ ਅਪੀਲ ਕਾਫੀ ਅਹਿਮ ਹੈ।
ਹੇਠਾਂ ਪੜ੍ਹੋ ਸਿੱਧੂ ਵੱਲੋਂ ਲਿਖਿਆ ਖੁੱਲ੍ਹਾ ਖ਼ਤ-
ਸਰਹੱਦ ਦੇ ਦੋਵੇਂ ਪਾਸੇ ਰਣਨੀਤਿਕ ਲੋਕ ਤਬਾਹੀ ਦੀਆਂ ਗੋਂਦਾਂ ਗੁੰਦ ਰਹੇ ਹਨ। ਦੋਵੇਂ ਹੀ ਇੱਕ ਦੂਜੇ ਨੂੰ ਬਰਬਾਦ ਦੇਖਣਾ ਚਾਹੁੰਦੇ ਹਨ ਕਿਉਂਕਿ ਦੋਵੇਂ ਹੀ ਇਕ ਦੂਜੇ ਦੀ ਬਰਬਾਦੀ ਵਿੱਚ ਆਪਣਾ ਬਚਾਅ ਤੇ ਸੁਰੱਖਿਆ ਸਮਝਦੇ ਹਨ। ਪਰ ਅਜਿਹਾ ਸੋਚਣਾ ਇੱਕ ਭਰਮ ਹੈ।
ਪਿਛਲੇ ਕੁਝ ਸਮੇਂ ਤੋਂ ਸਾਡੇ ਮਨਾਂ ਅੰਦਰ ਡਰ ਅਣਸੱਦੇ ਮਹਿਮਾਨ ਵਾਂਗ ਘਰ ਕਰ ਗਿਆ ਹੈ। ਅੱਤਵਾਦ ਦਾ ਡਰ, ਮੌਤ ਦਾ ਡਰ, ਤਬਾਹੀ ਦਾ ਡਰ, ਬਰਬਾਦੀ ਦੀ ਭਾਵਨਾ ਦਾ ਡਰ ਸਾਡੇ ਸਾਹ ਸੂਤ ਰਿਹਾ ਹੈ। ਕੁਝ ਲੋਕਾਂ ਕੋਲ ਡਰਨ ਦਾ ਕੋਈ ਕਾਰਨ ਨਹੀਂ ਬਚਿਆ ਕਿਉਂਕਿ ਉਨ੍ਹਾਂ ਦਾ ਡਰ ਸੱਚ ਹੋ ਗਿਆ ਹੈ। ਮੈਂ ਆਪਣੇ ਦੇਸ਼ ਦਾ ਦਰਦ ਸ਼ਹੀਦਾਂ ਦੇ ਪਰਿਵਾਰਾਂ ਦੇ ਚਿਹਰਿਆਂ ਉੱਪਰ ਦੇਖਿਆ ਹੈ। ਡਰ, ਡਰ ਨੂੰ ਜਨਮ ਦਿੰਦਾ ਹੈ। ਸੰਵਾਦ ਤੋਂ ਡਰ, ਨਵੀਂ ਗੱਲਬਾਤ ਤੋਂ ਡਰ, ਵੱਖਰਾ ਸੋਚਣ ਤੋਂ ਡਰ, ਉਨ੍ਹਾਂ ਵਿਚਾਰਾਂ ਤੋਂ ਡਰ ਜੋ ਵਿਚਾਰ ਆਕਾਵਾਂ ਨੂੰ ਵੰਗਾਰਦੇ ਹਨ। ਡਰ ਇੱਕ ਅੰਨ੍ਹੀ ਗਲੀ ਹੈ ਜਿਸ ਵਿਚ ਜਿਸ ਵਿੱਚੋਂ ਢਹਿੰਦੀ ਕਲਾ ਹੀ ਉਪਜਦੀ ਹੈ।
ਕਿਸੇ ਦੀ ਤਬਾਹੀ ਬਾਰੇ ਸੋਚਣਾ ਸੌਖਾ ਕੰਮ ਹੈ, ਪਰ ਇਹ ਸਾਨੂੰ ਸੁਰੱਖਿਅਤ ਨਹੀਂ ਬਣਾ ਦਿੰਦਾ। ਮੈਂ ਆਪਣੇ ਰਾਸ਼ਟਰ ਨਾਲ ਖੜ੍ਹਾ ਹਾਂ। ਮੈਂ ਇੱਕ ਆਜ਼ਾਦੀ ਘੁਲਾਟੀਏ ਦਾ ਪੁੱਤਰ ਹਾਂ ਅਤੇ ਮੇਰੀ ਸੱਚੀ ਦੇਸ਼ ਭਗਤੀ ਦਾ ਇਮਤਿਹਾਨ ਮੇਰੀ ਨਿਡਰਤਾ ਹੈ। ਮੈਂ ਉਸ ਡਰ ਦੇ ਵਿਰੁੱਧ ਹਿੱਕ ਤਾਣ ਕੇ ਖੜ੍ਹਾ ਹਾਂ ਜਿਸ ਡਰ ਕਰਕੇ ਸਾਡੇ ਵਿੱਚੋਂ ਬਹੁਤੇ ਚੁੱਪ ਹਨ।
ਮੈਂ ਆਪਣੇ ਇਸ ਅਟੱਲ ਵਿਸ਼ਵਾਸ ਉੱਪਰ ਕਾਇਮ ਹਾਂ ਕਿ ਕੁਝ ਲੋਕਾਂ ਦੇ ਗ਼ੈਰ ਮਨੁੱਖੀ ਕੰਮਾਂ ਲਈ ਕਿਸੇ ਪੂਰੀ ਕੌਮ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ। ਸਾਡੇ ਪ੍ਰਧਾਨ ਮੰਤਰੀ ਨੇ ਭਾਵਨਾ ਪ੍ਰਗਟ ਕੀਤੀ ਹੈ ਕਿ “ਸਾਡੀ ਲੜਾਈ ਅੱਤਵਾਦ ਅਤੇ ਮਾਨਵਤਾ ਦੇ ਦੁਸ਼ਮਣਾਂ ਦੇ ਖਿਲਾਫ਼ ਹੈ ਨਾ ਕਿ ਕਸ਼ਮੀਰ ਦੇ ਖਿਲਾਫ਼ ਹੈ ਅਤੇ ਨਾ ਹੀ ਇਹ ਕਿਸੇ ਕਸ਼ਮੀਰੀ ਦੇ ਖਿਲਾਫ਼ ਹੈ।” ਸਾਡੀ ਵਿਦੇਸ਼ ਮੰਤਰੀ ਨੇ ਆਪਣੀ ਭਾਵਨਾ ਪ੍ਰਗਟ ਕੀਤੀ ਹੈ ਕਿ “ਸਾਡੀ ਲੜਾਈ ਪਾਕਿਸਤਾਨ ਖਿਲਾਫ਼ ਨਹੀਂ ਹੈ ਸਗੋਂ ਦਹਿਸ਼ਤਗਰਦੀ ਦੀ ਸਥਾਪਤੀ ਦੇ ਖਿਲਾਫ਼ ਹੈ।”
ਮੈਂ ਆਪਣੇ ਇਸ ਵਿਸ਼ਵਾਸ ਉੱਤੇ ਕਾਇਮ ਹਾਂ ਕਿ ਸੰਵਾਦ ਅਤੇ ਕੂਟਨੀਤਿਕ ਦਬਾਅ ਵੱਡੇ ਪੱਧਰ ਉੱਪਰ ਅਤੇ ਲੰਮੇ ਸਮੇਂ ਲਈ ਸਰਹੱਦ ਦੇ ਇਸ ਪਾਰ ਅਤੇ ਉਸ ਪਾਰ ਸਰਗਰਮ ਅੱਤਵਾਦੀ ਸੰਗਠਨਾਂ ਦਾ ਖ਼ਾਤਮਾ ਕਰ ਸਕਦਾ ਹੈ। ਅੱਤਵਾਦ ਦਾ ਹੱਲ ਅਮਨ, ਵਿਕਾਸ ਅਤੇ ਤਰੱਕੀ ਹੈ ਨਾ ਕਿ ਬੇਰੁਜ਼ਗਾਰੀ, ਨਫ਼ਰਤ ਅਤੇ ਡਰ। ਭਾਰਤ ਮਾਤਾ ਦਾ ਕੋਈ ਵੀ ਪੁੱਤਰ ਆਪਣੇ ਪਿਆਰਿਆਂ ਤੋਂ ਵੱਖ ਨਹੀਂ ਹੋਣਾ ਚਾਹੀਦਾ ਜਿਵੇਂ ਕਿ ਅੱਜ ਅਭਿਨੰਦਨ ਹੋਇਆ ਹੈ। ਜੰਗ ਵੱਲ ਵੱਧਦੇ ਕਦਮ ਅਜਿਹੀਆਂ ਹੋਰ ਘਟਨਾਵਾਂ ਨੂੰ ਜਨਮ ਦੇਣਗੇ। ਇਸ ਤਰ੍ਹਾਂ ਅਸੀਂ ਉੱਥੇ ਪਹੁੰਚ ਜਾਵਾਂਗੇ ਜਿਥੋਂ ਵਾਪਿਸ ਨਹੀਂ ਆਇਆ ਜਾ ਸਕਦਾ ਨਾ ਹੀ ਹੋਏ ਨੁਕਸਾਨ ਨੂੰ ਪੂਰਿਆ ਜਾ ਸਕਦਾ ਹੈ।
ਅਟਲ ਬਿਹਾਰੀ ਵਾਜਪਾਈ ਦੇ ਸ਼ਬਦ ਸੱਚ ਜਾਪਦੇ ਹਨ ਕਿ “ਸਾਡਾ ਉਦੇਸ਼ ਆਤੰਕਵਾਦ, ਇਸ ਦੇ ਆਕਾਵਾਂ, ਇਸ ਨੂੰ ਹਥਿਆਰਾਂ ਅਤੇ ਪੈਸਿਆਂ ਦੀ ਸਪਲਾਈ ਕਰਨ ਵਾਲਿਆਂ ਨਾਲ ਨਜਿੱਠਣਾ ਹੋਣਾ ਚਾਹੀਦਾ ਹੈ। ਇਸ ਦੇ ਨਾਲ-ਨਾਲ ਸਾਡੇ ਬੂਹੇ ਉਨ੍ਹਾਂ ਯਤਨਾਂ ਲਈ ਹਮੇਸ਼ਾਂ ਖੁੱਲ੍ਹੇ ਰਹਿਣੇ ਚਾਹੀਦੇ ਹਨ ਜੋ ਖੇਰੂੰ-ਖੇਰੂੰ ਹੋਏ ਸਮਾਜ ਵਿਚ ਅਮਨ ਵਿਕਾਸ ਅਤੇ ਉਨਤੀ ਦੀ ਸਥਾਪਤੀ ਵੱਲ ਅਗਰਸਰ ਹਨ।” ਵਾਜਪਾਈ ਕਾਰਗਿਲ ਵਰਗੀ ਲੜਾਈ ਤੋਂ ਬਾਅਦ ਵੀ ਅਜਿਹੀ ਗੱਲ ਆਖਣ ਦਾ ਹੌਸਲਾ ਰੱਖਦੇ ਸਨ।
ਆਓ, ਆਪਣੇ ਦੇਸ਼ ਦੇ ਆਸ਼ਕ ਬਣਕੇ ਦੇਸ਼ ਭਗਤੀ ਦੇ ਫ਼ਰਜ਼ ਨਿਭਾਈਏ। ‘ਰਾਸ਼ਟਰਵਾਦੀ’ ਹੋਣ ਦਾ ਠੱਪਾ ਲਗਾ ਕੇ ਆਪਣੀ ਹਉਮੈ ਨੂੰ ਪੱਠੇ ਨਾ ਪਾਈਏ ਅਤੇ ਹੋਰਾਂ ਨੂੰ ਰਾਸ਼ਟਰ ਵਿਰੋਧੀ ਆਖ ਕੇ ਝੂਠਾ ਰੋਹਬ ਨਾ ਜਮਾਈਏ। ਜਿਵੇਂ ਕਿ ਮਹਾਤਮਾ ਗਾਂਧੀ ਨੇ ਸਵਾਲ ਉਠਾਇਆ ਸੀ ਕਿ ਕੀ ਰਾਸ਼ਟਰਵਾਦ ਲਈ ਨਫ਼ਰਤ ਜ਼ਰੂਰੀ ਹੈ?
ਇੱਕ ਸੱਚਾ ਦੇਸ਼ ਭਗਤ ਡਰ ਦੇ ਵਿਰੁੱਧ ਖੜ੍ਹਦਾ ਹੈ। ਮੈਂ ਅਜਿਹੇ ਸੋਚੇ-ਸਮਝੇ ਪ੍ਰਵਚਨ ਜੋ ਵਿਚਾਰਾਂ ਦੀ ਵੱਖਰਤਾ ਨੂੰ ਦਬਾਉਂਦਾ ਹੈ ਅਤੇ ਸਾਈਬਰ ਸੈਨਾ, ਟਰੋਲਜ਼ ਤੇ ਗੁੰਡਿਆਂ 'ਤੇ ਨਿਰਭਰ ਹੈ, ਦੇ ਖਿਲਾਫ਼ ਖੜ੍ਹਾ ਹਾਂ। ਮੈਂ ਉਨ੍ਹਾਂ ਦੇ ਖਿਲਾਫ਼ ਖੜ੍ਹਾ ਹਾਂ ਜੋ ਝੂਠ ਅਤੇ ਆਡੰਬਰ ਨੂੰ ਆਪਣੀ ਸ਼ਕਤੀ ਸਮਝਦੇ ਹਨ। ਮੈਂ ਉਸ ਡਰ ਦੇ ਖਿਲਾਫ਼ ਖੜ੍ਹਾ ਹਾਂ ਜਿਸ ਨੇ ਗੌਰੀ ਲੰਕੇਸ਼, ਰੋਹਿਤ ਵੇਮੁਲਾ, ਗੋਵਿੰਦ ਪੰਸਾਰੇ, ਐਮ.ਐਮ.ਕਲਬੁਰਗੀ, ਨਜੀਬ ਅਤੇ ਏ.ਐਸ.ਆਈ. ਰਵਿੰਦਰ ਸਿੰਘ ਨੂੰ ਕਤਲ ਕੀਤਾ।
ਇਹ ਕੋਈ ਸਬੱਬ ਨਹੀਂ ਸਗੋਂ ਸਾਡੀ ਚੋਣ ਹੋਵੇਗੀ ਜੋ ਸਾਡੇ ਦੇਸ਼ ਦੀ ਹੋਣੀ ਨਿਸ਼ਚਿਤ ਕਰੇਗੀ। ਅਸੀਂ ਦੇਸ਼ ਭਗਤ ਹੋਣਾ ਚੁਣ ਸਕਦੇ ਹਾਂ ਅਤੇ ਪੁੱਛ ਕਸਦੇ ਹਾਂ ਕਿ ਇਹ ਕਿਹੋ ਜਿਹੀ ਦੇਸ਼ ਭਗਤੀ ਹੈ ਕਿ ਇੱਕ ਭਾਰਤੀ ਦੂਜੇ ਭਾਰਤੀ ਦੇ ਵਿਰੁੱਧ ਬੋਲ ਰਿਹਾ ਹੈ। ਪਿਛੇ ਕੁਝ ਸਮੇਂ ਤੋਂ ਡਰ ਸਾਡੇ ਮਨਾਂ ਅੰਦਰ ਘਰ ਕਰ ਗਿਆ ਹੈ ਪਰ ਸਾਡੇ ਕੋਲ ਇੱਕ ਵਿਕਲਪ ਹੈ , ਇਹ ਵਿਕਲਪ ਨਿਡਰਤਾ ਹੈ। ਨਿਡਰਤਾ ਅਜਿਹੀ ਖੁਸ਼ਬੂ ਹੈ ਜੋ ਹਵਾਵਾਂ ਦੇ ਸੰਗ ਨਹੀਂ ਸਗੋਂ ਹਰ ਹਨ੍ਹੇਰੀ ਨਾਲ ਟਕਰਾ ਕੇ ਫੈਲਦੀ ਹੈ।
-ਨਵਜੋਤ ਸਿੰਘ ਸਿੱਧੂ
आप के चयन पर निर्भर है आपका भविष्| ਸਾਡੇ ਕੋਲ ਇਕ ਵਿਕਲਪ ਹੈ... pic.twitter.com/LOkAf4JL7P
— Navjot Singh Sidhu (@sherryontopp) February 28, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਸੰਗਰੂਰ
ਦੇਸ਼
Advertisement