![ABP Premium](https://cdn.abplive.com/imagebank/Premium-ad-Icon.png)
ਨਵਜੋਤ ਸਿੱਧੂ ਨੂੰ ਪਾਰਟੀ ਅੰਦਰੋਂ ਹੀ ਝਟਕਾ! ਮੁੱਖ ਮੰਤਰੀ ਬਣਨ ਦੀਆਂ ਸੱਧਰਾਂ ਰਹਿਣਗੀਆਂ ਅਧੂਰੀਆਂ?
ਸਮਾਗਮ ਵਿੱਚ ਸ਼ਾਮਲ ਵੱਖ-ਵੱਖ ਕਾਂਗਰਸੀ ਲੀਡਰਾਂ ਨੇ ਮੰਗ ਕੀਤੀ ਕਿ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਚਰਨਜੀਤ ਚੰਨੀ ਨੂੰ ਹੀ ਮੁੱਖ ਮੰਤਰੀ ਦੇ ਅਹੁਦੇ ਲਈ ਪਾਰਟੀ ਦਾ ਉਮੀਦਵਾਰ ਬਣਾਇਆ ਜਾਣਾ ਚਾਹੀਦਾ ਹੈ।
![ਨਵਜੋਤ ਸਿੱਧੂ ਨੂੰ ਪਾਰਟੀ ਅੰਦਰੋਂ ਹੀ ਝਟਕਾ! ਮੁੱਖ ਮੰਤਰੀ ਬਣਨ ਦੀਆਂ ਸੱਧਰਾਂ ਰਹਿਣਗੀਆਂ ਅਧੂਰੀਆਂ? Navjot Sidhu will not be CM Candidate in 2022 ਨਵਜੋਤ ਸਿੱਧੂ ਨੂੰ ਪਾਰਟੀ ਅੰਦਰੋਂ ਹੀ ਝਟਕਾ! ਮੁੱਖ ਮੰਤਰੀ ਬਣਨ ਦੀਆਂ ਸੱਧਰਾਂ ਰਹਿਣਗੀਆਂ ਅਧੂਰੀਆਂ?](https://feeds.abplive.com/onecms/images/uploaded-images/2021/10/14/04c9edb1cfd9cf313b5dc4f34f551f58_original.webp?impolicy=abp_cdn&imwidth=1200&height=675)
ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਦੀ ਮੁੱਖ ਮੰਤਰੀ ਬਣਨ ਦੀ ਇੱਛਾ ਅਧੂਰੀ ਰਹਿ ਸਕਦੀ ਹੈ। ਪਾਰਟੀ ਅੰਦਰ ਹੁਣ ਤੋਂ ਹੀ ਉਨ੍ਹਾਂ ਦੁਆਲੇ ਘੇਰਾ ਪਾਉਣਾ ਸ਼ੁਰੂ ਹੋ ਗਿਆ ਹੈ। ਇਸ ਦੀ ਮਿਸਾਲ ਬੁੱਧਵਾਰ ਨੂੰ ਸਿੱਧੂ ਦੇ ਗੜ੍ਹ ਅੰਮ੍ਰਿਤਸਰ ਵਿੱਚ ਵੇਖਣ ਨੂੰ ਮਿਲੀ। ਭਗਵਾਨ ਵਾਲਮੀਕਿ ਦੇ ਪ੍ਰਕਾਸ਼ ਦਿਵਸ ਮੌਕੇ ਰਾਮ ਤੀਰਥ ਮੰਦਰ ਵਿੱਚ ਕਰਵਾਏ ਰਾਜ ਪੱਧਰੀ ਸਮਾਗਮ ਵਿੱਚ ਕਾਂਗਰਸੀ ਲੀਡਰਾਂ ਨੇ ਚਰਨਜੀਤ ਚੰਨੀ ਨੂੰ ਹੀ ਮੁੱਖ ਮੰਤਰੀ ਦੇ ਅਹੁਦੇ ਲਈ ਪਾਰਟੀ ਦਾ ਉਮੀਦਵਾਰ ਬਣਾਉਣ ਦੀ ਮੁਹਿੰਮ ਵਿੱਢ ਦਿੱਤੀ।
ਇਸ ਸਮਾਗਮ ਵਿੱਚ ਸ਼ਾਮਲ ਵੱਖ-ਵੱਖ ਕਾਂਗਰਸੀ ਲੀਡਰਾਂ ਨੇ ਮੰਗ ਕੀਤੀ ਕਿ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਚਰਨਜੀਤ ਚੰਨੀ ਨੂੰ ਹੀ ਮੁੱਖ ਮੰਤਰੀ ਦੇ ਅਹੁਦੇ ਲਈ ਪਾਰਟੀ ਦਾ ਉਮੀਦਵਾਰ ਬਣਾਇਆ ਜਾਣਾ ਚਾਹੀਦਾ ਹੈ। ਇਸ ਵੇਲੇ ਮੁੱਖ ਮੰਤਰੀ ਚੰਨੀ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਵਿਚਾਲੇ ਤਣਾਅ ਚੱਲ ਰਿਹਾ ਹੈ। ਇਸ ਦੌਰਾਨ ਚੰਨੀ ਨੂੰ ਮੁੜ ਮੁੱਖ ਮੰਤਰੀ ਦਾ ਉਮੀਦਵਾਰ ਬਣਾਉਣ ਦੀ ਮੰਗ ਨੇ ਸਪਸ਼ਟ ਕਰ ਦਿੱਤਾ ਹੈ ਕਿ ਸਿੱਧੂ ਦਾ ਰਾਹ ਰੋਕਣ ਦੀਆਂ ਤਿਆਰੀਆਂ ਹੋ ਗਈਆਂ ਹਨ।
ਦੱਸ ਦਈਏ ਕਿ ਇਸ ਸਮਾਗਮ ਵਿੱਚ ਉਪ ਮੁੱਖ ਮੰਤਰੀ ਓਪੀ ਸੋਨੀ, ਕੈਬਨਿਟ ਮੰਤਰੀ ਡਾ. ਰਾਜ ਕੁਮਾਰ ਵੇਰਕਾ, ਸਪੀਕਰ ਰਾਣਾ ਕੇਪੀ ਸਿੰਘ, ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਤੇ ਤਰਸੇਮ ਸਿੰਘ ਡੀਸੀ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਮੰਗ ਕੀਤੀ ਕਿ ਕਾਂਗਰਸ ਪਾਰਟੀ ਵੱਲੋਂ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਵੱਲੋਂ ਮੁੱਖ ਮੰਤਰੀ ਦੇ ਅਹੁਦੇ ਦਾ ਉਮੀਦਵਾਰ ਚੰਨੀ ਨੂੰ ਹੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਚੰਨੀ ਸਿਰਫ ਚਾਰ ਮਹੀਨਿਆਂ ਲਈ ਹੀ ਨਹੀਂ, ਸਗੋਂ ਅਗਲੇ ਪੰਜ ਸਾਲਾਂ ਲਈ ਵੀ ਮੁੱਖ ਮੰਤਰੀ ਹੋਣ।
ਚਰਚਾ ਹੈ ਕਿ ਸੀਨੀਅਰ ਮੰਤਰੀਆਂ ਤੇ ਲੀਡਰਾਂ ਨੇ ਇੱਕ ਰਣਨੀਤੀ ਤਹਿਤ ਹੀ ਚੰਨੀ ਦਾ ਨਾਂ ਉਭਾਰਿਆ ਹੈ। ਇਸ ਨਾਲ ਇੱਕ ਤਾਂ ਚੰਨੀ ਦੀ ਪੈਰਵਾਈ ਕਰਨ ਵਾਲੇ ਲੀਡਰਾਂ ਦਲਿਤ ਵੋਟ ਨੂੰ ਪ੍ਰਭਾਵਿਤ ਕਰ ਸਕਣਗੇ, ਦੂਜਾ ਨਵਜੋਤ ਸਿੱਧੂ ਦਾ ਪੱਤਾ ਸਾਫ ਵੀ ਕਰ ਸਕਣਗੇ। ਪਾਰਟੀ ਦੇ ਸੀਨੀਅਰ ਲੀਡਰਾਂ ਨੂੰ ਇਹ ਵੀ ਲੱਗਦਾ ਹੈ ਕਿ ਜਿਸ ਤਰ੍ਹਾਂ ਸਿੱਧੂ ਉੱਪਰ ਵਿਰੋਧੀ ਧਿਰਾਂ ਵੱਲੋਂ ਨਿਸ਼ਾਨੇ ਲਾਏ ਜਾ ਰਹੇ ਹਨ, ਇਸ ਨਾਲ ਕਾਂਗਰਸ ਨੂੰ ਨੁਕਸਾਨ ਹੋ ਸਕਦਾ ਹੈ।
ਦੂਜੇ ਪਾਸੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਨਵਜੋਤ ਸਿੱਧੂ ਨੂੰ ਹੀ ਘੇਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਨਵਜੋਤ ਸਿੱਧੂ ਦੇ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਨ ਮਗਰੋਂ ਪਾਰਟੀ ਨੇ ਬੜੀ ਤੇਜ਼ੀ ਨਾਲ ਪੰਜਾਬ ’ਚ ਆਪਣਾ ਆਧਾਰ ਗੁਆਇਆ ਹੈ। ਉਨ੍ਹਾਂ ਕਿਹਾ, ‘‘ਛੇ ਮਹੀਨੇ ਪਹਿਲਾਂ ਅਸੀਂ ਮਜ਼ਬੂਤ ਸਥਿਤੀ ਵਿੱਚ ਸੀ, ਪਰ ਹੁਣ ਪਾਰਟੀ ਨਿਘਾਰ ਵੱਲ ਹੈ ਤੇ ਇਸ ਦੀ ਇਕੋ ਇਕ ਮੁੱਖ ਵਜ੍ਹਾ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਉਣਾ ਹੈ।
ਇਸ ਲਈ ਕੈਪਟਨ ਧੜਾ ਨਵਜੋਤ ਸਿੱਧੂ ਨੂੰ ਕਿਸੇ ਵੀ ਕੀਮਤ ਉੱਪਰ ਮੁੱਖ ਮੰਤਰੀ ਦੀ ਕੁਰਸੀ ਤੱਕ ਨਹੀਂ ਪਹੁੰਚਣ ਦੇਣਾ ਚਾਹੁੰਦਾ। ਕੈਪਟਨ ਨਾਲ ਰਹੇ ਲੀਡਰਾਂ ਨੂੰ ਲੱਗਦਾ ਹੈ ਕਿ ਸਿੱਧੂ ਦਾ ਪਾਰਟੀ ਅੰਦਰ ਜਿੰਨਾ ਕੱਦ ਵਧੇਗਾ, ਉਨ੍ਹਾਂ ਲਈ ਓਨਾ ਹੀ ਖਤਰਾ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)