(Source: ECI/ABP News)
ਖਿਡਾਰੀਆਂ ਨੂੰ ਕੌਮਾਂਤਰੀ ਮੁਕਾਬਲਿਆਂ ਲਈ ਤਿਆਰ ਕਰਨ 'ਤੇ ਕੇਂਦਰਿਤ ਹੋਵੇਗੀ ਨਵੀਂ ਖੇਡ ਨੀਤੀ: ਮੀਤ ਹੇਅਰ
ਇਹ ਜਾਣਕਾਰੀ ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਨਵੀਂ ਖੇਡ ਨੀਤੀ ਲਈ ਬਣਾਈ ਮਾਹਿਰਾਂ ਦੀ ਕਮੇਟੀ ਨਾਲ ਖਰੜੇ ਉਤੇ ਵਿਚਾਰ ਵਟਾਂਦਰਾ ਕਰਨ ਉਪਰੰਤ ਦਿੱਤੀ।
![ਖਿਡਾਰੀਆਂ ਨੂੰ ਕੌਮਾਂਤਰੀ ਮੁਕਾਬਲਿਆਂ ਲਈ ਤਿਆਰ ਕਰਨ 'ਤੇ ਕੇਂਦਰਿਤ ਹੋਵੇਗੀ ਨਵੀਂ ਖੇਡ ਨੀਤੀ: ਮੀਤ ਹੇਅਰ new sports policy will focus on preparing players for international competitions says cabinet minister meet hayer ਖਿਡਾਰੀਆਂ ਨੂੰ ਕੌਮਾਂਤਰੀ ਮੁਕਾਬਲਿਆਂ ਲਈ ਤਿਆਰ ਕਰਨ 'ਤੇ ਕੇਂਦਰਿਤ ਹੋਵੇਗੀ ਨਵੀਂ ਖੇਡ ਨੀਤੀ: ਮੀਤ ਹੇਅਰ](https://feeds.abplive.com/onecms/images/uploaded-images/2023/03/02/48ce62ff9ec8f9c3c91422cec98e921c1677753984169469_original.jpg?impolicy=abp_cdn&imwidth=1200&height=675)
Punjab News: ਪੰਜਾਬ ਨੂੰ ਖੇਡਾਂ ਵਿੱਚ ਦੇਸ਼ ਦਾ ਮੋਹਰੀ ਸੂਬਾ ਬਣਾਉਣ ਲਈ ਸੂਬੇ ਵਿੱਚ ਬਣਾਈ ਜਾ ਰਹੀ ਨਵੀਂ ਖੇਡ ਨੀਤੀ ਹੇਠਲੇ ਪੱਧਰ ਉਤੇ ਖਿਡਾਰੀਆਂ ਨੂੰ ਕੌਮਾਂਤਰੀ ਮੁਕਾਬਲਿਆਂ ਲਈ ਤਿਆਰ ਕਰਨ, ਕੌਮੀ ਮੁਕਾਬਲਿਆਂ ਦੇ ਜੇਤੂ ਖਿਡਾਰੀਆਂ ਦਾ ਮਾਣ ਸਨਮਾਨ, ਖਿਡਾਰੀਆਂ ਨੂੰ ਨੌਕਰੀਆਂ, ਕੋਚਾਂ ਨੂੰ ਐਵਾਰਡ ਦੇਣ ਤੇ ਕਾਲਜਾਂ-ਯੂਨੀਵਰਸਿਟੀਆਂ ਦੇ ਖਿਡਾਰੀਆਂ ਨੂੰ ਮੁਕਾਬਲੇ ਦਾ ਹਾਣੀ ਬਣਾਉਣ ਉਤੇ ਕੇਂਦਰਿਤ ਹੋਵੇਗੀ। ਇਹ ਜਾਣਕਾਰੀ ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਨਵੀਂ ਖੇਡ ਨੀਤੀ ਲਈ ਬਣਾਈ ਮਾਹਿਰਾਂ ਦੀ ਕਮੇਟੀ ਨਾਲ ਖਰੜੇ ਉਤੇ ਵਿਚਾਰ ਵਟਾਂਦਰਾ ਕਰਨ ਉਪਰੰਤ ਦਿੱਤੀ।
ਮੀਤ ਹੇਅਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਖੇਡ ਖੇਤਰ ਨੂੰ ਪ੍ਰਮੁੱਖ ਤਰਜੀਹ ਦੇਣ ਦੇ ਨਿਰਦੇਸ਼ਾਂ ਤਹਿਤ ਖੇਡ ਨੀਤੀ ਵਿੱਚ ਇਸ ਗੱਲ ਉਤੇ ਜ਼ੋਰ ਦਿੱਤਾ ਜਾਵੇਗਾ ਕਿ ਖਿਡਾਰੀਆਂ ਨੂੰ ਕੌਮਾਂਤਰੀ ਮੁਕਾਬਲਿਆਂ ਦੀ ਤਿਆਰੀ ਕਰਵਾਉਣ ਉਤੇ ਧਿਆਨ ਕੇਂਦਰਿਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਹਾਲ ਹੀ ਵਿੱਚ ਓਲੰਪਿਕਸ ਦੀ ਤਿਆਰੀ ਲਈ ਅਥਲੀਟ ਅਕਸ਼ਦੀਪ ਸਿੰਘ ਨੂੰ 5 ਲੱਖ ਰੁਪਏ ਦੀ ਨਗਦ ਰਾਸ਼ੀ ਦਿੱਤੀ ਗਈ ਹੈ। ਭਵਿੱਖ ਵਿੱਚ ਹੋਰਨਾਂ ਵੱਡੇ ਮੁਕਾਬਲਿਆਂ ਦੀ ਤਿਆਰੀ ਲਈ ਵੀ ਖਿਡਾਰੀਆਂ ਨੂੰ ਨਗਦ ਰਾਸ਼ੀ ਦੇਣ ਨੂੰ ਨੀਤੀ ਦਾ ਹਿੱਸਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਖਿਡਾਰੀ ਮੁਕਾਬਲੇ ਲਈ ਤਿਆਰ ਕਰਨਾ ਵੱਡੀ ਗੱਲ ਹੈ, ਤਮਗ਼ਾ ਜਿੱਤਣ ਤੋਂ ਬਾਅਦ ਤਾਂ ਹਰ ਕੋਈ ਇਨਾਮ, ਮਾਣ-ਸਨਮਾਨ ਦੇ ਦਿੰਦਾ ਹੈ ਪਰ ਲੋੜ ਹੈ ਮੁਕਾਬਲੇ ਤੋਂ ਪਹਿਲਾਂ ਤਿਆਰੀ ਲਈ ਮੱਦਦ ਕੀਤੀ ਜਾਵੇ।
ਖੇਡ ਮੰਤਰੀ ਨੇ ਦੱਸਿਆ ਕਿ ਕੌਮੀ ਪੱਧਰ ਦੇ ਸੀਨੀਅਰ ਤੇ ਜੂਨੀਅਰ ਮੁਕਾਬਲਿਆਂ ਦੇ ਤਮਗ਼ਾ ਜੇਤੂਆਂ ਨੂੰ ਹਰ ਮਹੀਨੇ ਵਜ਼ੀਫਾ ਦੇਣ ਲਈ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਵਜ਼ੀਫ਼ਾ ਸਕੀਮ ਸ਼ੁਰੂ ਕੀਤੀ ਗਈ ਹੈ। ਮੀਟਿੰਗ ਵਿੱਚ ਇਹ ਵਿਚਾਰ ਕੀਤਾ ਗਿਆ ਕਿ ਇਸ ਦਾ ਦਾਇਰਾ ਵਧਾਇਆ ਜਾਵੇ ਅਤੇ ਵਜ਼ੀਫ਼ਾ ਰਾਸ਼ੀ ਵੀ ਵਧਾਈ ਜਾਵੇ। ਖਿਡਾਰੀਆਂ ਨੂੰ ਕੌਮਾਂਤਰੀ ਮੁਕਾਬਲਿਆਂ ਦੇ ਤਮਗ਼ੇ ਅਨੁਸਾਰ ਨੌਕਰੀ ਦੇਣ ਨੂੰ ਤਰਜੀਹ ਦਿੱਤੀ ਜਾਵੇਗੀ। ਖਿਡਾਰੀਆਂ ਨੂੰ ਦਿੱਤੇ ਜਾਂਦੇ ਮਹਾਰਾਜਾ ਰਣਜੀਤ ਸਿੰਘ ਐਵਾਰਡ ਦੀ ਤਰਜ਼ ਉਤੇ ਕੋਚਾਂ ਲਈ ਐਵਾਰਡ ਸ਼ੁਰੂ ਕੀਤਾ ਜਾਵੇਗਾ। ਹੇਠਲੇ ਪੱਧਰ ਉਤੇ ਖਿਡਾਰੀਆਂ ਨੂੰ ਤਿਆਰ ਵਾਲੇ ਕੋਚਾਂ ਨੂੰ ਵੀ ਅਣਗੌਲਿਆ ਨਹੀਂ ਕੀਤਾ ਜਾਵੇਗਾ। ਕਾਲਜਾਂ-ਯੂਨੀਵਰਸਿਟੀਆਂ ਵਿੱਚ ਖੇਡ ਮੁਕਾਬਲਿਆਂ ਦਾ ਪੱਧਰ ਉਚਾ ਚੁੱਕਣ ਲਈ ਸੂਬੇ ਦੀਆਂ ਯੂਨੀਵਰਸਿਟੀਆਂ ਦੇ ਅੰਤਰ 'ਵਰਸਿਟੀ ਖੇਡ ਮੁਕਾਬਲੇ ਕਰਵਾਏ ਜਾਣਗੇ।
ਮੀਤ ਹੇਅਰ ਨੇ ਦੱਸਿਆ ਕਿ ਪੰਜਾਬ ਦੇ ਖਿਡਾਰੀਆਂ ਲਈ ਲੰਬੇ ਸਮੇਂ ਦੀਆਂ ਯੋਜਨਾਵਾਂ ਦਾ ਖਾਕਾ ਉਲੀਕਣ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਖੇਡ ਨੀਤੀ ਲਈ ਮਾਹਿਰਾਂ ਦੀ ਕਮੇਟੀ ਬਣਾਈ ਗਈ ਹੈ। ਉਹ ਨਿਰੰਤਰ ਇਸ ਦੀਆਂ ਮੀਟਿੰਗਾਂ ਕਰਕੇ ਇਕ-ਇਕ ਨੁਕਤੇ ਉਤੇ ਮਾਹਿਰਾਂ ਨਾਲ ਵਿਚਾਰ ਕਰ ਰਹੇ ਹਨ। ਜਲਦ ਹੀ ਨਵੀਂ ਖੇਡ ਨੀਤੀ ਜਾਰੀ ਕੀਤੀ ਜਾਵੇਗੀ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)