ਪੜਚੋਲ ਕਰੋ
ਕੁਰਸੀਆਂ 'ਤੇ ਲੰਗਰ ਖਿਲਾਫ ਡਟੇ ਜਥੇਦਾਰ

ਚੰਡੀਗੜ੍ਹ: ਅਸਟਰੇਲੀਆ ਦੇ ਸ਼ਹਿਰ ਸਿਡਨੀ ’ਚ ਗੁਰਦੁਆਰਾ ਆਸਟਰਲ ਦੇ ਪ੍ਰਬੰਧਕਾਂ ਨੇ ਲੰਗਰ ਘਰ ਵਿੱਚ ਕੁਰਸੀਆਂ ’ਤੇ ਬਿਠਾ ਕੇ ਲੰਗਰ ਛਕਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਬਾਰੇ ਬਾਕਾਇਦਾ ਗੁਰਦੁਆਰੇ ਸਾਹਮਣੇ ਬੋਰਡ ਲਾਇਆ ਗਿਆ ਹੈ। ਬੋਰਡ ਉੱਪਰ ਲਿਖਿਆ ਹੈ ਕਿ ਲੰਗਰ ਕੁਰਸੀਆਂ ਉੱਪਰ ਬੈਠ ਕੇ ਹੀ ਛਕਿਆ ਜਾਵੇ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਇਸ ਦਾ ਸਖ਼ਤ ਨੋਟਿਸ ਲਿਆ ਹੈ। ਉਨ੍ਹਾਂ ਹਦਾਇਤ ਕੀਤੀ ਹੈ ਕਿ ਇਸ ਸਬੰਧੀ ਗੁਰਦੁਆਰੇ ਦੇ ਬਾਹਰ ਲਿਖ ਕੇ ਲਾਏ ਗਏ ਨੋਟਿਸ ਨੂੰ ਤੁਰੰਤ ਹਟਾਇਆ ਜਾਵੇ। ਗਿਆਨੀ ਗੁਰਬਚਨ ਸਿੰਘ ਨੇ ਆਖਿਆ ਕਿ ਸਿਡਨੀ ਦੇ ਗੁਰਦੁਆਰੇ ਦੇ ਪ੍ਰਬੰਧਕਾਂ ਵੱਲੋਂ ਸਿੱਖ ਸਿਧਾਂਤ ਦੀ ਉਲੰਘਣਾ ਕੀਤੀ ਜਾ ਰਹੀ ਹੈ। ਗੁਰੂ ਕਾਲ ਤੋਂ ਚੱਲੀ ਆ ਰਹੀ ਪੰਗਤ ਵਿੱਚ ਬੈਠ ਕੇ ਲੰਗਰ ਛਕਣ ਦੀ ਪ੍ਰਥਾ ਨੂੰ ਢਾਹ ਲਾਈ ਜਾ ਰਹੀ ਹੈ। ਗੁਰਦੁਆਰੇ ਦੇ ਪ੍ਰਬੰਧਕਾਂ ਵੱਲੋਂ ਇਸ ਸਬੰਧੀ ਗੁਰਦੁਆਰੇ ਦੇ ਨੋਟਿਸ ਬੋਰਡ ’ਤੇ ਲਿਖ ਕੇ ਲਾਇਆ ਗਿਆ ਹੈ ਕਿ ਲੰਗਰ ਸਿਰਫ਼ ਕੁਰਸੀਆਂ ’ਤੇ ਬੈਠ ਕੇ ਹੀ ਛਕਿਆ ਜਾਵੇ। ਉਨ੍ਹਾਂ ਆਖਿਆ ਕਿ ਇਹ ਢੰਗ ਸਿੱਖ ਸਿਧਾਂਤਾਂ ਦੀ ਉਲੰਘਣਾ ਹੈ। ਗੁਰੂ ਕਾਲ ਦੇ ਵੇਲੇ ਬਾਦਸ਼ਾਹ ਅਕਬਰ ਨੇ ਵੀ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕਿਆ ਸੀ। ਉਨ੍ਹਾਂ ਆਖਿਆ ਕਿ ਅਕਾਲ ਤਖ਼ਤ ਵੱਲੋਂ ਪਹਿਲਾਂ ਵੀ ਇਸ ਸਬੰਧੀ ਹੁਕਮਨਾਮਾ ਜਾਰੀ ਹੋ ਚੁੱਕਾ ਹੈ ਕਿ ਲੰਗਰ ਸਿਰਫ ਪੰਗਤ ਵਿੱਚ ਬੈਠ ਕੇ ਹੀ ਛਕਿਆ ਜਾਵੇ ਪਰ ਜੇਕਰ ਕੋਈ ਅਪਹਾਜ ਹੈ ਜਾਂ ਬੈਠਣ ਤੋਂ ਅਸਮਰਥ ਹੈ ਤਾਂ ਉਸ ਵਾਸਤੇ ਵੱਖਰਾ ਪ੍ਰਬੰਧ ਕੀਤਾ ਜਾ ਸਕਦਾ ਹੈ। ਉਨ੍ਹਾਂ ਆਖਿਆ ਕਿ ਗੁਰਦੁਆਰਾ ਆਸਟਰਲ ਦੇ ਪ੍ਰਬੰਧਕਾਂ ਵੱਲੋਂ ਲਾਇਆ ਗਿਆ ਨੋਟਿਸ ਪੂਰੀ ਤਰ੍ਹਾਂ ਸਿੱਖ ਸਿਧਾਂਤਾਂ ਦੀ ਉਲੰਘਣਾ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਪੰਥਕ ਰਵਾਇਤਾਂ ਨੂੰ ਬਦਲਣ ਦੀ ਇਹ ਹਰਕਤ ਪੰਥ ਅੰਦਰ ਦੁਬਿਧਾ ਪਾਉਣ ਵਾਲੀ ਹੈ। ਉਨ੍ਹਾਂ ਕਿਹਾ ਕਿ ਗੁਰਦੁਆਰੇ ਅੰਦਰ ਲੰਗਰ ਦੀ ਪ੍ਰਥਾ ਪੰਗਤ ਨਾਲ ਜੁੜੀ ਹੋਈ ਹੈ ਤੇ ਇਸ ਨੂੰ ਬਦਲਣ ਦਾ ਕਿਸੇ ਨੂੰ ਕੋਈ ਹੱਕ ਨਹੀਂ ਹੈ। ਉਨ੍ਹਾਂ ਅਕਾਲ ਤਖ਼ਤ ਦੇ ਜਥੇਦਾਰ ਨੂੰ ਅਪੀਲ ਕੀਤੀ ਕਿ ਉਹ ਸਬੰਧਤ ਗੁਰਦੁਆਰੇ ਦੇ ਪ੍ਰਬੰਧਕਾਂ ਦੀ ਜਵਾਬ ਤਲਬੀ ਕਰਨ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















