ਖੁਸ਼ਖਬਰੀ! ਪੰਜਾਬ 'ਚ ਹੁਣ ਕੋਲ ਨਹੀਂ ਰੱਖਣੇ ਪੈਣਗੇ ਡ੍ਰਾਈਵਿੰਗ ਲਾਇਸੈਂਸ ਤੇ ਆਰਸੀ
ਪੰਜਾਬ ’ਚ ਹੁਣ ਡ੍ਰਾਈਵਿੰਗ ਲਾਇਸੈਂਸ (DL) ਤੇ ਰਜਿਸਟ੍ਰੇਸ਼ਨ ਸਰਟੀਫ਼ਿਕੇਟ (RC) ਦੀਆਂ ਡਿਜੀਟਲ ਕਾਪੀਆਂ ਨੂੰ ਮਾਨਤਾ ਮਿਲ ਗਈ ਹੈ। ਤੁਸੀਂ ਆਪਣੇ ਮੋਬਾਇਲ ਫ਼ੋਨ ਵਿੱਚ ਇਹ ਕਾਪੀਆਂ ਵਿਖਾਓ ਤੇ ਤੁਹਾਡਾ ਚਾਲਾਨ ਨਹੀਂ ਕੀਤਾ ਜਾਵੇਗਾ।
ਚੰਡੀਗੜ੍ਹ: ਪੰਜਾਬ ’ਚ ਹੁਣ ਡ੍ਰਾਈਵਿੰਗ ਲਾਇਸੈਂਸ (DL) ਤੇ ਰਜਿਸਟ੍ਰੇਸ਼ਨ ਸਰਟੀਫ਼ਿਕੇਟ (RC) ਦੀਆਂ ਡਿਜੀਟਲ ਕਾਪੀਆਂ ਨੂੰ ਮਾਨਤਾ ਮਿਲ ਗਈ ਹੈ। ਤੁਸੀਂ ਆਪਣੇ ਮੋਬਾਇਲ ਫ਼ੋਨ ਵਿੱਚ ਇਹ ਕਾਪੀਆਂ ਵਿਖਾਓ ਤੇ ਤੁਹਾਡਾ ਚਾਲਾਨ ਨਹੀਂ ਕੀਤਾ ਜਾਵੇਗਾ। ਪੰਜਾਬ ਦੇ ਟ੍ਰਾਂਸਪੋਰਟ ਵਿਭਾਗ ਨੇ ਡੀਐੱਲ ਤੇ ਆਰਸੀ ਦੇ ਇਲੈਕਟ੍ਰੌਨਿਕ ਫ਼ਾਰਮੈਟ ਨੂੰ ਪ੍ਰਵਾਨਗੀ ਦੇ ਦਿੱਤੀ ਹੈ।
ਪੰਜਾਬ ਦੇ ਟ੍ਰਾਂਸਪੋਰਟ ਮੰਤਰੀ ਰਜ਼ੀਆ ਸੁਲਤਾਨਾ ਨੇ ਦੱਸਿਆ ਕਿ ਜੇ ਟ੍ਰੈਫ਼ਿਕ ਪੁਲਿਸ ਤੇ ਆਰਟੀਓ ਚੈਕਿੰਗ ਦੌਰਾਨ ਡ੍ਰਾਈਵਿੰਗ ਲਾਇਸੈਂਸ ਤੇ ਵਾਹਨ ਰਜਿਸਟ੍ਰੇਸ਼ਨ ਸਰਟੀਫ਼ਿਕੇਟ ਦੀ ਮੰਗ ਕਰਦੇ ਹਨ, ਤਾਂ ਮੋਬਾਈਲ ਐਪ ਐਮ ਪਰਿਵਹਨ ਤੇ ਡੀਜੀ ਲੌਕਰ ਰਾਹੀਂ ਡਾਊਨਲੋਡ ਕਰ ਕੇ ਇਹ ਦਸਤਾਵੇਜ਼ ਵਿਖਾਏ ਜਾ ਸਕਦੇ ਹਨ। ਇੰਝ ਹੁਣ ਵਾਹਨ ਮਾਲਕਾਂ ਨੂੰ ਇਹ ਦਸਤਾਵੇਜ਼ ਆਪਣੇ ਕੋਲ ਰੱਖਣ ਦੀ ਜ਼ਰੂਰਤ ਨਹੀਂ ਹੋਵੇਗੀ।
ਕੈਬਿਨੇਟ ਮੰਤਰੀ ਨੇ ਕਿਹਾ ਕਿ ਪੰਜਾਬ ਟ੍ਰਾਂਸਪੋਰਟ ਕਮਿਸ਼ਨਰ ਵੱਲੋਂ ਪੰਜਾਬ ਰਾਜ ਖੇਤਰੀ ਟ੍ਰਾਂਸਪੋਰਟ ਅਥਾਰਟੀ ਦੇ ਸਮੂਹ ਸਕੱਤਰਾਂ, ਐਸਡੀਐਮ ਤੇ ਏਡੀਜੀਪੀ ਟ੍ਰੈਫ਼ਿਕ ਨੁੰ ਇਸ ਬਾਰੇ ਚਿੱਠੀ ਜਾਰੀ ਕੀਤੀ ਗਈ ਹੈ। ਅਧਿਕਾਰੀਆਂ ਨੂੰ ਕਿਹਾ ਗਿਆ ਹੈ ਕਿ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਵਰਚੁਅਲ ਡੀਐਲ ਤੇ ਆਰਸੀ ਦੀ ਮਨਜ਼ੂਰੀ ਦੀ ਜਾਣਕਾਰੀ ਰਾਜ ਦੇ ਟ੍ਰਾਂਸਪੋਰਟ ਦਫ਼ਤਰਾਂ ਦੇ ਨੋਟਿਸ ਬੋਰਡਾਂ ਉੱਤੇ ਲਾਈ ਜਾਵੇ।
ਪੰਜਾਬ ਦੇ ਟ੍ਰਾਂਸਪੋਰਟ ਕਮਿਸ਼ਨਰ ਡਾ. ਅਮਰ ਪਾਲ ਸਿੰਘ ਨੇ ਦੱਸਿਆ ਕਿ ਜੇ ਕਿਸੇ ਦਾ ਡ੍ਰਾਈਵਿੰਗ ਲਾਇਸੈਂਸ ਤੇ ਆਰਸੀ ਗੁੰਮ ਹੋ ਜਾਂਦੇ ਹਨ, ਤਾਂ ਉਸ ਲਈ ਫ਼ਿਕਰ ਕਰਨ ਦੀ ਜ਼ਰੂਰਤ ਨਹੀਂ ਹੈ। ਇਹ ਵਰਚੁਅਲ ਦਸਤਾਵੇਜ਼ ਵੀ ਹੁਣ ਪੂਰੀ ਤਰ੍ਹਾਂ ਪ੍ਰਵਾਨ ਹੋਣਗੇ।