ਪੜਚੋਲ ਕਰੋ
ਵਿਆਹਾਂ 'ਤੇ ਅੰਨ੍ਹਾ ਖ਼ਰਚ ਕਰਨ ਵਾਲੇ ਪੰਜਾਬੀਆਂ ਲਈ ਮਿਸਾਲ ਬਣਿਆ NRI ਜੋੜਾ, ਬੱਸ ਰਾਹੀਂ ਢੁੱਕੀ ਬਰਾਤ ਤੇ ਟੈਂਪੂ 'ਚ ਡੋਲੀ

ਜਲੰਧਰ: ਪੰਜਾਬੀ ਖ਼ਾਸ ਤੌਰ 'ਤੇ ਪ੍ਰਵਾਸੀ ਆਪਣੇ ਵਿਆਹਾਂ 'ਤੇ ਵੱਧ ਤੋਂ ਵੱਧ ਖ਼ਰਚ ਕਰਨ ਲਈ ਮਸ਼ਹੂਰ ਹਨ, ਪਰ ਇਨ੍ਹਾਂ ਮਹਿੰਗੇ ਵਿਆਹਾਂ ਦਾ ਸਮਾਜ 'ਤੇ ਨਕਾਰਾਤਮਕ ਪ੍ਰਭਾਵ ਪੈ ਰਿਹਾ ਹੈ। ਇਸ ਗੱਲ ਨੂੰ ਸਮਝਦਿਆਂ ਕੈਨੇਡਾ 'ਚ ਰਹਿੰਦੇ ਨੌਜਵਾਨ ਨੇ ਆਪਣੀ ਜੰਞ ਰੋਡਵੇਜ਼ ਦੀ ਬੱਸ ਵਿੱਚ ਲਿਜਾਣ ਦਾ ਨਿਸ਼ਚਾ ਕੀਤਾ ਅਤੇ ਸਾਰੇ ਕਾਰਜ ਬਿਲਕੁਲ ਸਾਦੇ ਢੰਗ ਨਾਲ ਕਰਵਾਏ। ਲਾੜਾ ਪੇਸ਼ੇ ਵਜੋਂ ਬਿਜਲੀ ਮਕੈਨਿਕ ਹੈ ਤੇ ਕੁਵੈਤ ਵਿੱਚ ਕੰਮ ਕਰਕੇ ਪੰਜਾਬ ਪਰਤਿਆ ਹੈ ਅਤੇ ਲਾੜੀ ਕੈਨੇਡਾ 'ਚ ਰਹਿੰਦੀ ਹੈ।
ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਅਧੀਨ ਪੈਂਦੇ ਪਿੰਡ ਭੀਣ ਦੇ ਪ੍ਰਵਾਸੀ ਪੰਜਾਬੀ ਅਮਰਜੋਤ ਸਿੰਘ ਆਪਣੀ ਬਾਰਾਤ ਰੋਡਵੇਜ਼ ਦੀ ਬੱਸ ’ਚ ਲੈਕੇ ਗਿਆ ਅਤੇ ਬਰਾਤੀਆਂ ਨੇ ਵੀ ਉਸ ਦਾ ਸਾਥ ਦਿੰਦਿਆਂ ਆਪੋ-ਆਪਣੀਆਂ ਟਿਕਟਾਂ ਖਰੀਦੀਆਂ। ਇਹ ਬਰਾਤ ਨਵਾਂ ਸ਼ਹਿਰ ਬੱਸ ਅੱਡੇ ਤੋਂ ਲੁਧਿਆਣਾ ਲਈ ਰਵਾਨਾ ਹੋਈ ਅਤੇ ਸ਼ਾਮ ਨੂੰ ਮੁੜ ਨਵਾਂ ਸ਼ਹਿਰ ਪੁੱਜੀ। ਬੱਸ ਵਿੱਚ ਸਫ਼ਰ ਦੌਰਾਨ ਬਰਾਤੀਆਂ ਨੇ ਸਮਾਜ ਨੂੰ ਸੇਧ ਦੇਣ ਲਈ ਹੱਥਾਂ ਵਿੱਚ ਤਖ਼ਤੀਆਂ ਫੜੀਆਂ ਹੋਈਆਂ ਸਨ।
ਪਿੰਡ ਭੀਣ ਦੇ ਸੁਰਿੰਦਰ ਸਿੰਘ ਦੇ ਪੁੱਤਰ ਅਮਰਜੋਤ ਸਿੰਘ ਦਾ ਵਿਆਹ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਮਾਣੂੰਕੇ ਦੇ ਜਗਦੀਸ਼ ਸਿੰਘ ਦੀ ਧੀ ਅਮਨ ਸਹੋਤਾ ਨਾਲ ਤੈਅ ਹੋਇਆ ਸੀ। ਦੋ ਸਾਲ ਪਹਿਲਾਂ ਉਨ੍ਹਾਂ ਦੀ ਮੰਗਣੀ ਹੋਈ ਤੇ ਅਮਨ ਕੈਨੇਡਾ ਵਿੱਚ ਆਪਣੀ ਪੜ੍ਹਾਈ ਪੂਰੀ ਕਰਨ ਉਪਰੰਤ ਕੰਮਕਾਜੀ ਵੀਜ਼ਾ (ਵਰਕ ਪਰਮਿਟ) ਲੈ ਕੇ ਪੰਜਾਬ ਵਿਆਹ ਕਰਵਾਉਣ ਆਈ।
ਦੋਵਾਂ ਪਰਿਵਾਰਾਂ ਵਿੱਚ ਸਾਦਾ ਵਿਆਹ ਕਰਨ ਲਈ ਸਹਿਮਤੀ ਬਣ ਗਈ। ਅਮਰਜੋਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਵਿਆਹ ਦਾਜ ਤੋਂ ਬਗ਼ੈਰ, ਬਿਨਾਂ ਕੋਈ ਹੋਰ ਖ਼ਰਚ ਕੀਤੇ ਤੇ ਸਾਦੇ ਕੱਪੜਿਆਂ ਵਿੱਚ ਨੇਪਰੇ ਚੜ੍ਹਿਆ ਹੈ। ਲਾੜੇ ਨੇ ਦੱਸਿਆ ਕਿ ਉਨ੍ਹਾਂ ਦੇ ਸਹੁਰੇ ਪਰਿਵਾਰ ਨੇ ਬਰਾਤ 'ਚ ਪੰਜ ਵਿਅਕਤੀ ਹੀ ਬੁਲਾਏ ਸਨ ਪਰ ਉਨ੍ਹਾਂ ਦੇ ਬਰਾਤੀ ਦੀ ਗਿਣਤੀ 20 ਹੋ ਗਈ ਸੀ।
ਲਾੜੇ ਨੇ ਦੱਸਿਆ ਕਿ ਲੜਕੀ ਦੇ ਪਰਿਵਾਰ ਨੇ ਬਰਾਤ ਨੂੰ ਜਗਰਾਉਂ ਦੇ ਢਾਬੇ ’ਤੇ ਰੋਟੀ ਪਾਣੀ ਛਕਾਇਆ। ਉਨ੍ਹਾਂ ਕਿਹਾ ਕਿ ਉਹ ਲੋਕਾਂ ਨੂੰ ਸਾਦਾ ਵਿਆਹ ਕਰਨ ਦਾ ਸੁਨੇਹਾ ਦੇ ਰਹੇ ਹਨ ਤਾਂ ਜੋ ਕਿਸੇ ਵੀ ਲੜਕੀ ਦੇ ਪਿਤਾ ਨੂੰ ਕਰਜ਼ੇ ਹੇਠ ਆ ਕੇ ਖੁਦਕੁਸ਼ੀ ਨਾ ਕਰਨੀ ਪਵੇ। ਬਰਾਤ ਦੇਰ ਰਾਤ ਨਵਾਂ ਸ਼ਹਿਰ ਬੱਸ ਅੱਡੇ ’ਤੇ ਪੁੱਜੀ ਅਤੇ ਬਰਾਤੀ ਟੈਂਪੂ ਰਾਹੀਂ ਆਪਣੇ ਪਿੰਡ ਭੀਣ ਨੂੰ ਰਵਾਨਾ ਹੋ ਗਏ।
ਦੋਵਾਂ ਨੇ ਆਪਣੇ ਵਿਆਹ ਦੀ ਰਿਸੈਪਸ਼ਨ ਪਾਰਟੀ ਨੂੰ ਵੀ ਲੋਕ-ਸੇਵਾ ਲੇਖੇ ਲਾਉਂਦਿਆਂ ਅਤੇ ਖ਼ੂਨਦਾਨ ਕੈਂਪ ਲਗਵਾਇਆ। ਹਾਲਾਂਕਿ, ਦੋਵੇਂ ਪਰਿਵਾਰ ਸਰਦੇ-ਪੁੱਜਦੇ ਸਨ ਤੇ ਲੱਖਾਂ ਰੁਪਏ ਪਾਣੀ ਵਾਂਗ ਵਹਾਉਣ ਦੀ ਸਮਰੱਥਾ ਰੱਖਦੇ ਸਨ, ਪਰ ਉਨ੍ਹਾਂ ਵੱਲੋਂ ਚੁੱਕਿਆ ਇਹ ਕਦਮ ਸਮੁੱਚੇ ਪੰਜਾਬੀਆਂ ਲਈ ਮਿਸਾਲ ਹੈ। ਗਏ। ਸੋਸ਼ਲ ਮੀਡੀਆ 'ਤੇ ਇਸ ਸਾਦੇ ਵਿਆਹ ਦੀ ਖ਼ੂਬ ਸ਼ਲਾਘਾ ਹੋ ਰਹੀ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















