ਕਰਤਾਰਪੁਰ ਲਾਂਘੇ 'ਤੇ ਅਜੇ ਨਹੀਂ ਹੋਈ ਕੋਈ ਰਸਮੀ ਗੱਲਬਾਤ

ਨਵੀਂ ਦਿੱਲੀ: ਕਰਤਾਰਪੁਰ ਸਾਹਿਬ ਲਾਂਘੇ 'ਤੇ ਬਿਆਨ ਤੋਂ ਬਾਅਦ ਨਵਜੋਤ ਸਿੱਧੂ ਲਗਾਤਾਰ ਸੁਰਖੀਆਂ 'ਚ ਹਨ। ਦਰਅਸਲ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਗਮ 'ਚ ਪਾਕਿਸਤਾਨ ਗਏ ਸਿੱਧੂ ਨੇ ਵਾਪਸ ਪਰਤ ਕੇ ਕਿਹਾ ਸੀ ਕਿ ਉਨ੍ਹਾਂ ਪਾਕਿ ਆਰਮੀ ਚੀਫ ਨੂੰ ਗਲੇ ਇਸ ਲਈ ਲਾਇਆ ਸੀ ਕਿਉਂਕਿ ਉਨ੍ਹਾਂ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਦੀ ਗੱਲ ਕਹੀ ਸੀ।
ਬੇਸ਼ੱਕ ਉਸ ਵੇਲੇ ਤੋਂ ਇਹ ਮਾਮਲਾ ਚਰਚਾ ਵਿੱਚ ਹੈ ਪਰ ਪਾਕਿਸਤਾਨ ਦਾ ਕਹਿਣਾ ਹੈ ਕਿ ਭਾਰਤ ਨਾਲ ਲਾਂਘਾ ਖੋਲ੍ਹਣ ਦੀ ਕੋਈ ਰਸਮੀ ਗੱਲਬਾਤ ਨਹੀਂ ਹੋਈ। ਪਾਕਿਸਤਾਨ ਵਿਦੇਸ਼ ਮੰਤਰਾਲੇ ਤੋਂ ਸਵਾਲ ਪੁੱਛਿਆ ਗਿਆ ਕਿ ਖ਼ਬਰਾਂ ਮੁਤਾਬਕ ਭਾਰਤੀ ਵਿਦੇਸ਼ ਮਤੰਰੀ ਸੁਸ਼ਮਾ ਸਵਰਾਜ ਨੇ ਕਿਹਾ ਕਿ ਭਾਰਤ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਲਈ ਪਾਕਿਸਤਾਨ ਨਾਲ ਗੱਲਬਾਤ ਲਈ ਤਿਆਰ ਹੈ। ਭਾਰਤ ਪਾਕਿਸਤਾਨ ਵੱਲੋਂ ਅਧਿਕਾਰਤ ਗੱਲਬਾਤ ਦੀ ਉਡੀਕ 'ਚ ਹੈ। ਇਸ ਦੇ ਜਵਾਬ 'ਚ ਪਾਕਿਸਤਾਨ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਅਜੇ ਤੱਕ ਦੋਵਾਂ ਦੇਸ਼ਾਂ ਦਰਮਿਆਨ ਇਸ ਮੁੱਦੇ 'ਤੇ ਅਧਿਕਾਰਤ ਗੱਲਬਾਤ ਨਹੀਂ ਹੋਈ।
ਪਾਕਿਸਤਾਨੀ ਵਿਦੇਸ਼ ਦਫ਼ਤਰ ਦੇ ਤਰਜਮਾਨ ਮੁਹੰਮਦ ਫ਼ੈਜ਼ਲ ਨੇ ਵੀ ਕਿਹਾ ਹੈ ਕਿ ਕਰਤਾਰਪੁਰ ਸਾਹਿਬ ਗੁਰਦੁਆਰੇ ਦੇ ਲਾਂਘੇ ਨੂੰ ਖੋਲ੍ਹਣ ਦੇ ਮੁੱਦੇ ’ਤੇ ਅਜੇ ਦੋਵੇਂ ਮੁਲਕਾਂ ਦਰਮਿਆਨ ਕੋਈ ਰਸਮੀ ਗੱਲਬਾਤ ਨਹੀਂ ਹੋਈ। ਫ਼ੈਜ਼ਲ ਨੇ ਕਿਹਾ ਕਿ ਉਹ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਦੀ ਇਸ ਮਹੀਨੇ ਨਿਊਯਾਰਕ ’ਚ ਹੋਣ ਵਾਲੀ ਬੈਠਕ ਦੌਰਾਨ ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਤੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਦਰਮਿਆਨ ਦੁਵੱਲੀ ਗੱਲਬਾਤ ਦੀ ਉਮੀਦ ਕਰ ਰਹੇ ਹਨ।
ਜ਼ਿਕਰਯੋਗ ਹੈ ਕਿ ਨਵਜੋਤ ਸਿੱਧੂ ਨੇ ਹਾਲ ਹੀ ਵਿੱਚ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਮੁਲਾਕਾਤ ਕੀਤੀ ਸੀ। ਮੁਲਾਕਾਤ ਤੋਂ ਬਾਅਦ ਸਿੱਧੂ ਨੇ ਕਿਹਾ ਕਿ ਭਾਰਤ ਸਰਕਾਰ ਦਾ ਫਰਜ਼ ਬਣਦਾ ਹੈ ਕਿ 10 ਕਰੋੜ ਸ਼ਰਧਾਲੂਆਂ ਲਈ ਕਰਤਾਰਪੁਰ ਲਾਂਘਾ ਖੋਲ੍ਹਣ ਲਈ ਪਾਕਿਸਤਾਨ ਨੂੰ ਬੇਨਤੀ ਕਰੇ। ਵਿਦੇਸ਼ ਮੰਤਰੀ ਨੇ ਭਰੋਸਾ ਦਿੱਤਾ ਸੀ ਕਿ ਡਰਾਫਟ ਤਿਆਰ ਹੋ ਰਿਹਾ ਕੇ ਜਲਦ ਚਿੱਠੀ ਲਿਖੀ ਜਾਏਗੀ। ਸਿੱਧੂ ਨੇ ਕਿਹਾ ਕਿ ਉਨ੍ਹਾਂ ਨੂੰ ਭਾਰਤ ਸਰਕਾਰ ਤੋਂ ਸਾਕਾਰਾਤਮਕ ਰਵੱਈਏ ਦੀ ਆਸ ਹੈ। ਜੇਕਰ ਭਾਰਤ ਵੱਲੋਂ ਬੇਨਤੀ ਜਾਂਦੀ ਹੈ ਤੇ ਪਾਕਿਸਤਾਨ ਉਸ 'ਤੇ ਗੌਰ ਕਰਦਾ ਹੈ ਤਾਂ ਇਹ ਲੋਕਾਂ ਦਾ ਭਲੇ ਦਾ ਕੰਮ ਹੋਵੇਗਾ।






















