ਭ੍ਰਿਸ਼ਟਾਚਾਰੀ ਬੇਪ੍ਰਵਾਹ! ਸਰਕਾਰੀ ਬੱਸਾਂ 'ਚੋਂ ਧੜੱਲੇ ਨਾਲ ਹੋ ਰਿਹਾ ਤੇਲ ਚੋਰੀ, ਵੀਡੀਓ ਵਾਇਰਲ ਹੋਣ ਮਗਰੋਂ ਹੋਏਗੀ ਕਾਰਵਾਈ
ਪੰਜਾਬ ਵਿੱਚ ਨਵੀਂ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ ਹੈ।
ਪਟਿਆਲਾ: ਪੰਜਾਬ ਵਿੱਚ ਨਵੀਂ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ ਹੈ। ਉਨ੍ਹਾਂ ਵੱਲੋਂ ਭ੍ਰਿਸ਼ਟਾਚਾਰ ਨੂੰ ਜੜ੍ਹ ਤੋਂ ਖਤਮ ਕਰਨ ਦੇ ਦਾਅਵੇ ਵੀ ਕੀਤੇ ਜਾ ਰਹੇ ਹਨ ਪਰ ਇਸ ਦੇ ਬਾਵਜੂਦ ਭ੍ਰਿਸ਼ਟਾਚਾਰ ਦੀਆਂ ਹੈਰਾਨ ਕਰਨ ਵਾਲੀਆਂ ਤਸਵੀਰਾਂ ਪਟਿਆਲਾ ਤੋਂ ਸਾਹਮਣੇ ਆਈਆਂ ਹਨ। ਇੱਥੇ ਸਰਕਾਰੀ ਬੱਸਾਂ ਦਾ ਤੇਲ ਚੋਰੀ ਕਰਕੇ ਖਜ਼ਾਨੇ ਨੂੰ ਚੂਨਾ ਲਾਇਆ ਜਾ ਰਿਹਾ ਹੈ।
ਦੱਸ ਦਈਏ ਕਿ ਆਮ ਆਦਮੀ ਪਾਰਟੀ ਦੀ ਨਵੀਂ ਸਰਕਾਰ ਬਣਨ ਦੇ ਬਾਵਜੂਦ ਭ੍ਰਿਸ਼ਟਾਚਾਰ ਜਾਰੀ ਹੈ। ਪਟਿਆਲਾ ਤੋਂ ਸਰਕਾਰੀ ਬੱਸਾਂ ਦੀਆਂ ਤਸਵੀਰਾਂ ਵਾਇਰਲ ਹੋਈਆਂ ਹਨ ਜਿਸ ਤੋਂ ਨਹੀਂ ਲੱਗਦਾ ਕਿ ਸਰਕਾਰੀ ਚੋਰੀ ਕਰਨ ਵਾਲਿਆਂ ਨੂੰ ਕਿਸੇ ਪ੍ਰਕਾਰ ਦਾ ਡਰ ਹੈ। ਪਟਿਆਲਾ ਵਿੱਚ ਪੀਆਰਟੀਸੀ ਬੱਸਾਂ ਵਿੱਚੋਂ ਤੇਲ ਦੀ ਚੋਰੀ ਹੁੰਦੀ ਸਾਫ ਦਿਖਾਈ ਦੇ ਰਹੀ ਹੈ। ਕਿਸ ਤਰ੍ਹਾਂ ਬੱਸਾਂ ਇੱਥੇ ਆ ਕੇ ਤੇਲ ਚੋਰੀ ਕਰਾਉਂਦੀਆਂ ਹਨ ਜਿਸ ਦਾ ਅਸਰ ਸਿੱਧਾ ਸਰਕਾਰੀ ਖਜ਼ਾਨੇ 'ਤੇ ਪੈ ਰਿਹਾ ਹੈ।
ਪਟਿਆਲਾ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਹਨ ਜੋ ਕਾਫੀ ਵਾਇਰਲ ਹੋ ਰਹੀਆਂ ਹਨ ਜਿਸ ਵਿੱਚ ਸਰਕਾਰੀ ਬੱਸਾਂ ਵਿੱਚੋਂ ਸ਼ਰ੍ਹੇਆਮ ਤੇਲ ਕੱਢਿਆ ਜਾ ਰਿਹਾ ਹੈ। ਇਸ ਸਬੰਧੀ ਜਦੋਂ ਪੀਆਰਟੀਸੀ ਦੀ ਐਮਡੀ ਪ੍ਰਨੀਤ ਸ਼ੇਰਗਿੱਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਗੱਡੀਆਂ ਵਿੱਚੋਂ ਤੇਲ ਕੱਢਣ ਦੀਆਂ ਜੋ ਇਹ ਵੀਡੀਓ ਵਾਇਰਲ ਹੋਈਆਂ ਨੇ ਉਹ ਉਨ੍ਹਾਂ ਦੇ ਮਹਿਕਮੇ ਕੋਲ ਪਹੁੰਚ ਚੁੱਕੀਆਂ ਹਨ।
ਉਨ੍ਹਾਂ ਕਿਹਾ ਕਿ ਪੀਆਰਟੀਸੀ ਦੀਆਂ ਇਹ ਗੱਡੀਆਂ ਕਿਲੋਮੀਟਰ ਸਕੀਮ ਅਧੀਨ ਹਨ ਪਰ ਇਨ੍ਹਾਂ ਨੂੰ ਡੀਜ਼ਲ ਪੀਆਰਟੀਸੀ ਮਹਿਕਮੇ ਵੱਲੋਂ ਮੁਹੱਈਆ ਕਰਵਾਇਆ ਜਾਂਦਾ ਹੈ ਤੇ ਉਨ੍ਹਾਂ ਕੋਲ ਇਸ ਤਰ੍ਹਾਂ ਦੀਆਂ ਪਹਿਲਾਂ ਵੀ ਕਾਫੀ ਸ਼ਿਕਾਇਤਾਂ ਆ ਰਹੀਆਂ ਹਨ। ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ ਤੇ ਜੇ ਜਾਂਚ ਵਿੱਚ ਇਹ ਦੋਸ਼ੀ ਪਾਏ ਗਏ ਤਾਂ ਇਨ੍ਹਾਂ ਦਾ ਕੰਟਰੈਕਟ ਰੱਦ ਕੀਤਾ ਜਾਵੇਗਾ ਤੇ ਜੇ ਹੋ ਸਕੇ ਤੇ ਇਨ੍ਹਾਂ ਖ਼ਿਲਾਫ਼ ਪੁਲਿਸ ਕਾਰਵਾਈ ਵੀ ਕੀਤੀ ਜਾਵੇਗੀ।