ਪਹਿਲੀ ਅਕਤੂਬਰ ਤੋਂ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਪਰ ਕਿਸਾਨ ਪ੍ਰੇਸ਼ਾਨ
ਕਿਸਾਨਾਂ ਦਾ ਕਹਿਣਾ ਹੈ, ਸਰਕਾਰੀ ਖਰੀਦ ਪਹਿਲੀ ਅਕਤੂਬਰ ਤੋਂ ਹੀ ਸ਼ੁਰੂ ਕੀਤੀ ਜਾਵੇ ਕਿਉਂਕਿ ਹਮੇਸ਼ਾ ਹੀ ਸਰਕਾਰੀ ਖਰੀਦ ਲੇਟ ਹੋ ਜਾਂਦੀ ਹੈ।
ਗੁਰਦਾਸਪੁਰ: ਝੋਨੇ ਦੀ ਖਰੀਦ ਸਰਕਾਰੀ ਤੌਰ 'ਤੇ ਕੱਲ੍ਹ ਪਹਿਲੀ ਅਕਤੂਬਰ ਤੋਂ ਸ਼ੁਰੂ ਹੋਣ ਜਾ ਰਹੀ ਹੈ। ਕੇਂਦਰ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤੀ ਗਿਆ ਹੈ ਕਿ ਝੋਨੇ ਦੀ ਖਰੀਦ ਪੁਰਾਣੇ ਮਾਪਦੰਡਾਂ ਨਾਲ ਹੋਵੇਗੀ ਪਰ ਕਿਸਾਨਾਂ ਨੂੰ ਪੈਸੇ ਨਵੀਆਂ ਹਦਾਇਤਾਂ ਨਾਲ ਦਿੱਤੇ ਜਾਣਗੇ।
ਇਨ੍ਹਾਂ ਹਦਾਇਤਾਂ ਨਾਲ ਕਿਸਾਨਾਂ ਵਿੱਚ ਨਿਰਾਸ਼ਾ ਵੀ ਹੈ ਤੇ ਸੰਤੁਸ਼ਟੀ ਵੀ ਹੈ। ਕਿਸਾਨਾਂ ਦਾ ਕਹਿਣਾ ਹੈ, ਸਰਕਾਰੀ ਖਰੀਦ ਪਹਿਲੀ ਅਕਤੂਬਰ ਤੋਂ ਹੀ ਸ਼ੁਰੂ ਕੀਤੀ ਜਾਵੇ ਕਿਉਂਕਿ ਹਮੇਸ਼ਾ ਹੀ ਸਰਕਾਰੀ ਖਰੀਦ ਲੇਟ ਹੋ ਜਾਂਦੀ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਪੈਸੇ ਪੁਰਾਣੀਆਂ ਹਦਾਇਤਾਂ ਅਨੁਸਾਰ ਹੀ ਦਿੱਤੇ ਜਾਣ, ਜਿਸ ਨਾਲ ਉਨ੍ਹਾਂ ਨੂੰ ਖੱਜਲ-ਖੁਆਰੀ ਨਾ ਹੋਵੇ।
ਜਦੋਂ ਸਾਡੀ ਟੀਮ ਨੇ ਜ਼ਿਲ੍ਹਾ ਗੁਰਦਾਸਪੁਰ ਦੀ ਸਭ ਤੋਂ ਵੱਡੀ ਦਾਣਾ ਮੰਡੀ ਬਟਾਲਾ ਦਾ ਜਾਇਜ਼ਾ ਲਿਆ ਤਾਂ ਕਿਸਾਨਾਂ ਦਾ ਕਹਿਣਾ ਸੀ ਕਿ ਨਾ ਤਾਂ ਮੰਡੀ ਵਿੱਚ ਬੈਠਣ ਨੂੰ ਜਗ੍ਹਾ ਹੈ, ਨਾ ਪੀਣ ਨੂੰ ਪਾਣੀ ਹੈ ਤੇ ਨਾ ਹੀ ਸਾਫ-ਸੁਥਰੇ ਬਾਥਰੂਮ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਬਟਾਲਾ ਦੀ ਦਾਣਾ ਮੰਡੀ ਜ਼ਿਲ੍ਹੇ ਦੀ ਸਭ ਤੋਂ ਵੱਡੀ ਹੈ ਪਰ ਇੱਥੇ ਇੱਕੋ ਹੀ ਸ਼ੈੱਡ ਹੈ, ਸਰਕਾਰ ਨੂੰ ਚਾਹੀਦਾ ਹੈ ਕਿ ਮੰਡੀ ਵਿਚ ਇਕ ਹੋਰ ਸ਼ੈੱਡ ਦਾ ਪ੍ਰਬੰਧ ਕੀਤਾ ਜਾਵੇ, ਤਾਂ ਕਿਸਾਨ ਅਰਾਮ ਨਾਲ ਛਾਂ ਵਿੱਚ ਬੈਠ ਸਕਣ।
ਉਧਰ ਮਾਰਕੀਟ ਕਮੇਟੀ ਦੇ ਸਕੱਤਰ ਨੇ ਕਿਹਾ ਕਿ ਸਾਡੇ ਵੱਲੋਂ ਸਾਰੇ ਪ੍ਰਬੰਧ ਮੁਕੰਮਲ ਹਨ। ਇਸ ਮੌਕੇ ਕਿਸਾਨ ਸੁਖਵਿੰਦਰ ਸਿੰਘ, ਜਗੀਰ ਸਿੰਘ, ਪੂਰਨ ਸਿੰਘ ਤੇ ਸੰਤੋਖ ਸਿੰਘ ਨੇ ਕਿਹਾ ਕਿ ਅਸੀਂ ਅੱਜ ਪਹਿਲੇ ਦਿਨ ਦਾਣਾ ਮੰਡੀ ਵਿੱਚ ਆਏ ਹਾਂ ਪਰ ਮੰਡੀ ਵਿੱਚ ਕੋਈ ਵੀ ਪ੍ਰਬੰਧ ਪੂਰਾ ਨਹੀਂ, ਨਾ ਤਾਂ ਬੈਠਣ ਨੂੰ ਕੋਈ ਜਗ੍ਹਾ ਹੈ, ਨਾ ਸਾਫ-ਸੁਥਰੇ ਬਾਥਰੂਮ ਹਨ।
ਕਿਸਾਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਝੋਨੇ ਦੀ ਖਰੀਦ ਤਾਂ ਪੁਰਾਣੇ ਮਾਪਦੰਡਾਂ ਦੇ ਤਹਿਤ ਹੀ ਰੱਖੀ ਹੈ, ਪਰ ਕਿਸਾਨਾਂ ਨੂੰ ਪੈਸੇ ਦੇਣ ਦਾ ਤਰੀਕਾ ਨਵੇਂ ਮਾਪਦੰਡਾਂ ਦੇ ਤਹਿਤ ਰੱਖਿਆ ਹੈ, ਜਿਸ ਦਾ ਅਸੀਂ ਵਿਰੋਧ ਕਰਦੇ ਹਾਂ। ਸਰਕਾਰ ਨੂੰ ਚਾਹੀਦਾ ਹੈ ਕਿ ਕਿਸਾਨਾਂ ਨੂੰ ਪੈਸੇ ਵੀ ਪੁਰਾਣੇ ਮਾਪਦੰਡਾਂ ਦੇ ਨਾਲ ਹੀ ਦਿੱਤੇ ਜਾਣ ਤਾਂ ਕਿ ਉਨ੍ਹਾਂ ਨੂੰ ਕੋਈ ਖੱਜਲ-ਖੁਆਰੀ ਨਾ ਹੋ ਸਕੇ।
ਇਸ ਮੌਕੇ ਮਾਰਕੀਟ ਕਮੇਟੀ ਦੇ ਸਕੱਤਰ ਬਿਕਰਮ ਸਿੰਘ ਨੇ ਕਿਹਾ ਕਿ ਝੋਨੇ ਦੀ ਖਰੀਦ ਪੁਰਾਣੇ ਮਾਪਦੰਡਾਂ ਦੇ ਨਾਲ ਹੋਵੇਗੀ ਪਰ ਕਿਸਾਨਾਂ ਨੂੰ ਪੇਮੈਂਟ ਨਵੇਂ ਮਾਪਦੰਡਾਂ ਦੇ ਨਾਲ ਹੋਵੇਗੀ। ਸਕੱਤਰ ਬਿਕਰਮ ਸਿੰਘ ਨੇ ਕਿਹਾ ਕਿ ਕੱਲ੍ਹ ਤੋਂ ਝੋਨੇ ਦੀ ਸਰਕਾਰੀ ਸ਼ੁਰੂ ਹੋ ਰਹੀ ਹੈ, ਇਸ ਨੂੰ ਦੇਖਦੇ ਹੋਏ ਕਿਸਾਨਾਂ ਦੇ ਬੈਠਣ ਦਾ ਪ੍ਰਬੰਧ ਕੀਤਾ ਗਿਆ ਹੈ, ਬਾਥਰੂਮ ਸਾਫ ਕਰਵਾਏ ਗਏ ਹਨ ਤੇ ਹੋਰ ਵੀ ਪ੍ਰਬੰਧਾਂ ਦਾ ਖਾਸ ਧਿਆਨ ਰੱਖਿਆ ਗਿਆ ਹੈ, ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਨਹੀਂ ਆਉਣ ਦਿਤੀ ਜਾਵੇਗੀ। ਉਨ੍ਹਾਂ ਦਾ ਕਹਿਣਾ ਸੀ ਕਿ ਕਿਸਾਨ ਆਪਣੀ ਫਸਲ ਨੂੰ ਚੰਗੀ ਤਰਾਂ ਸੁਕਾ ਕੇ ਹੀ ਮੰਡੀ ਵਿਚ ਲੈ ਕੇ ਆਉਣ ਤਾਂ ਕਿ ਕਿਸਾਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ।