Panchayat Elections: 'ਆਪ' ਵਰਕਰ ਹੀ ਸੀਐਮ ਭਗਵੰਤ ਮਾਨ ਦੀ ਨਸੀਹਤ ਮੰਨਣ ਤੋਂ ਇਨਕਾਰੀ! ਪੰਚਾਇਤੀ ਚੋਣਾਂ 'ਚ 'ਖੂਨੀ ਖੇਡ'
Panchayat Elections in Punjab: ਪੰਚਾਇਤੀ ਚੋਣਾਂ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਪੀਲ ਨੂੰ ਨਾਕਾਰਦਿਆਂ ਸਿਆਸੀ ਪਾਰਟੀਆਂ ਮੈਦਾਨ ਵਿੱਚ ਕੁੱਦ ਪਈਆਂ ਹਨ।
Panchayat Elections in Punjab: ਪੰਚਾਇਤੀ ਚੋਣਾਂ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਪੀਲ ਨੂੰ ਨਾਕਾਰਦਿਆਂ ਸਿਆਸੀ ਪਾਰਟੀਆਂ ਮੈਦਾਨ ਵਿੱਚ ਕੁੱਦ ਪਈਆਂ ਹਨ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਆਪਣੀ ਆਮ ਆਦਮੀ ਪਾਰਟੀ ਦੇ ਵਰਕਰ ਵੀ ਪੰਚਾਇਤੀ ਚੋਣਾਂ ਵਿੱਚ ਖੂਬ ਐਕਟਿਵ ਨਜ਼ਰ ਆ ਰਹੇ ਹਨ। ਹਾਲਾਤ ਇਹ ਹਨ ਕਿ ਸੱਤਾਧਿਰ ਉਪਰ ਧੱਕੇਸ਼ਾਹੀ ਦੇ ਦੋਸ਼ ਲੱਗਣੇ ਸ਼ੁਰੂ ਹੋ ਗਏ ਹਨ।
ਇਸ ਦੀ ਤਾਜ਼ਾ ਮਿਸਾਲ ਮੰਗਲਵਾਰ ਨੂੰ ਵੇਖਣ ਨੂੰ ਮਿਲੀ ਜਦੋਂ ਆਮ ਆਦਮੀ ਪਾਰਟੀ ਦੇ ਵਰਕਰ ਵਿਰੋਧੀ ਕਾਂਗਰਸੀ ਵਰਕਰਾਂ ਨਾਲ ਭਿੜ ਗਏ। ਫ਼ਤਹਿਗੜ੍ਹ ਪੰਜਤੂਰ ਵਿਖੇ ਨਗਰ ਪੰਚਾਇਤ ਦਫ਼ਤਰ ਵਿੱਚ ਪੰਚਾਇਤੀ ਚੋਣਾਂ ਲਈ ਨਾਮਜ਼ਦਗੀਆਂ ਦਾਖ਼ਲ ਕਰਾਉਣ ਆਏ ਦੋ ਸਿਆਸੀ ਪਾਰਟੀਆਂ ਦੇ ਸਮਰਥਕ ਆਪਸ ਵਿੱਚ ਭਿੜ ਗਏ। ਇਸ ਕਾਰਨ ਕਾਂਗਰਸ ਸਮਰਥਕ ਦੋ ਵਿਅਕਤੀ ਜ਼ਖ਼ਮੀ ਹੋ ਗਏ।
ਹਾਸਲ ਜਾਣਕਾਰੀ ਮੁਤਾਬਕ ਮੰਗਲਵਾਰ ਨੂੰ ਨਗਰ ਪੰਚਾਇਤ ਦਫ਼ਤਰ ਵਿੱਚ ਪਿੰਡ ਮੇਲਕ ਅਕਾਲੀਆਂ ਦੇ ਸਾਬਕਾ ਸਰਪੰਚ ਸੁਖਜਿੰਦਰ ਸਿੰਘ ਰਾਜੂ, ਜੋ ਕਾਂਗਰਸ ਪਾਰਟੀ ਨਾਲ ਸਬੰਧਤ ਹਨ, ਆਪਣੇ ਸਮਰਥਕਾਂ ਨਾਲ ਪੰਚਾਇਤ ਚੋਣਾਂ ਲਈ ਨਾਮਜ਼ਦਗੀਆਂ ਦਾਖ਼ਲ ਕਰਨ ਪੁੱਜੇ। ਉਹ ਜਿਵੇਂ ਹੀ ਧਰਮਕੋਟ ਚੌਕ ਵਿੱਚ ਸਥਿਤ ਨਗਰ ਪੰਚਾਇਤ ਦੇ ਦਫ਼ਤਰ ਪੁੱਜੇ ਤਾਂ ਉਨ੍ਹਾਂ ਦੀ ਦਫ਼ਤਰ ਦੇ ਗੇਟ ’ਤੇ ਪਿੰਡ ਦੇ ਹੀ ‘ਆਪ’ ਸਮਰਥਕਾਂ ਕਰਮਜੀਤ ਸਿੰਘ ਤੇ ਨਵਜੋਤ ਸਿੰਘ ਫ਼ੌਜੀ ਤੇ ਉਨ੍ਹਾਂ ਦੇ ਸਾਥੀਆਂ ਨਾਲ ਝੜਪ ਹੋ ਗਈ। ਇਸ ਦੌਰਾਨ ਸੁਖਜਿੰਦਰ ਦੇ ਦੋ ਸਾਥੀ ਹਰਜਿੰਦਰ ਸਿੰਘ ਤੇ ਦਵਿੰਦਰ ਸਿੰਘ ਜ਼ਖ਼ਮੀ ਹੋ ਗਏ।
ਜ਼ਖ਼ਮੀ ਹਰਜਿੰਦਰ ਸਿੰਘ ਨੇ ਦੋਸ਼ ਲਾਇਆ ਕਿ ਪਿੰਡ ਦੇ ‘ਆਪ’ ਆਗੂ ਕਰਮਜੀਤ ਸਿੰਘ ਤੇ ਨਵਜੋਤ ਸਿੰਘ ਫ਼ੌਜੀ ਨੇ ਉਨ੍ਹਾਂ ਦੇ ਸਮਰਥਕਾਂ ਨੂੰ ਕਾਗਜ਼ ਦਾਖ਼ਲ ਕਰਨ ਤੋਂ ਰੋਕਿਆ ਤੇ ਉਨ੍ਹਾਂ ’ਤੇ ਜਾਨਲੇਵਾ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਹਮਲਾ ਕਰਨ ਵਾਲੇ ਨਵਜੋਤ ਸਿੰਘ ਫ਼ੌਜੀ ਦੀ ਮਾਤਾ ਬਲਜੀਤ ਕੌਰ ਪਿੰਡ ਤੋਂ ‘ਆਪ’ ਦੀ ਸਰਪੰਚੀ ਦੀ ਉਮੀਦਵਾਰ ਹੈ।
ਉਨ੍ਹਾਂ ਨੇ ਦੋਸ਼ ਲਾਇਆ ਕਿ ਪੁਲਿਸ ਨੇ ਘਟਨਾ ਸਮੇਂ ਕੋਈ ਕਾਰਵਾਈ ਨਹੀਂ ਕੀਤੀ। ਹਮਲਾਵਰ ਉਨ੍ਹਾਂ ਨੂੰ ਸੱਟਾਂ ਮਾਰ ਕੇ ਉੱਥੋਂ ਗਏ। ਕਾਂਗਰਸੀ ਆਗੂ ਸੁਖਜਿੰਦਰ ਸਿੰਘ ਰਾਜੂ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਨ੍ਹਾਂ ਦੇ ਦੋ ਸਮਰਥਕ ਬਲਕਾਰ ਸਿੰਘ ਤੇ ਬਖਤੌਰ ਸਿੰਘ, ਜਦੋਂ ਦਫ਼ਤਰ ਤੋਂ ਫਾਈਲਾਂ ਜਮ੍ਹਾਂ ਕਰਵਾ ਕੇ ਵਾਪਸ ਆ ਰਹੇ ਸਨ ਤਾਂ ਹਮਲਾਵਰਾਂ ਨੇ ਉਨ੍ਹਾਂ ਤੋਂ ਰਸੀਦਾਂ ਖੋਹ ਕੇ ਪਾੜਨ ਮਗਰੋਂ ਧਮਕੀਆਂ ਦਿੱਤੀਆਂ।
ਕੋਟ ਈਸੇ ਖਾਂ ਵਿੱਚ ਵੀ ਗਰਮਾ-ਗਰਮੀ
ਇਸੇ ਤਰ੍ਹਾਂ ਅਕਾਲੀ ਦਲ ਦੇ ਹਲਕਾ ਇੰਚਾਰਜ ਤੇ ਪੰਜਾਬ ਸਿਹਤ ਨਿਗਮ ਦੇ ਸਾਬਕਾ ਚੇਅਰਮੈਨ ਬਰਜਿੰਦਰ ਸਿੰਘ ਮੱਖਣ ਦੀ ਅਗਵਾਈ ਹੇਠ ਅਕਾਲੀ ਕਾਰਕੁਨਾਂ ਨੇ ਪੰਚਾਇਤੀ ਚੋਣਾਂ ’ਚ ਕਥਿਤ ਗੜਬੜੀ ਖ਼ਿਲਾਫ਼ ਕੋਟ ਈਸੇ ਖਾਂ ਵਿੱਚ ਮੁੱਖ ਚੌਕ ’ਚ ਪ੍ਰਦਰਸ਼ਨ ਕੀਤਾ। ਅਕਾਲੀ ਆਗੂ ਬਰਜਿੰਦਰ ਸਿੰਘ ਮੱਖਣ ਬਰਾੜ ਨੇ ਕਿਹਾ ਕਿ ਸੱਤਾਧਾਰੀ ਧਿਰ ਨੇ ਇਨ੍ਹਾਂ ਚੋਣਾਂ ਵਿੱਚ ਲੋਕਤੰਤਰ ਦਾ ਜਨਾਜ਼ਾ ਕੱਢ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਚੋਣਾਂ ਵਿੱਚ ਅਕਾਲੀ ਸਮਰਥਕਾਂ ਨੂੰ ਨਾਮਜ਼ਦਗੀ ਪਰਚੇ ਭਰਨ ਤੋਂ ਰੋਕਿਆ ਜਾ ਰਿਹਾ ਹੈ। ਉਮੀਦਵਾਰਾਂ ਨੂੰ ਪੰਚਾਇਤ ਵਿਭਾਗ ਵੱਲੋਂ ਲੋੜੀਂਦੀ ਸਮੱਗਰੀ ਮੁਹੱਈਆ ਨਹੀਂ ਕਰਵਾਈ ਜਾ ਰਹੀ। ਉਨ੍ਹਾਂ ਕਿਹਾ ਕਿ ਸਰਕਾਰ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਚੋਣ ਪ੍ਰਕਿਰਿਆ ਤੋਂ ਲਾਂਭੇ ਕਰਕੇ ਧੱਕੇਸ਼ਾਹੀ ਨਾਲ ਪਿੰਡਾਂ ਵਿੱਚ ਆਪਣੀਆਂ ਪੰਚਾਇਤਾਂ ਬਣਾਉਣਾ ਚਾਹੁੰਦੀ ਹੈ। ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਕਾਲੀ ਦਲ ਇਸ ਧੱਕੇਸ਼ਾਹੀ ਦਾ ਸਮਾਂ ਆਉਣ ’ਤੇ ਜਵਾਬ ਦੇਵੇਗਾ।
ਜ਼ੀਰਾ ਵਿੱਚ ਜਬਰਦਸਤ ਟਕਰਾਅ
ਜ਼ੀਰਾ ਵਿੱਚ ਵੀ ਮੰਗਲਵਾਰ ਨੂੰ ਮਹੌਲ ਉਸ ਸਮੇਂ ਤਣਾਅਪੂਰਨ ਬਣ ਗਿਆ, ਜਦ ਹਲਕਾ ਜ਼ੀਰਾ ਦੇ ਸਾਬਕਾ ਵਿਧਾਇਕ ਤੇ ਜ਼ਿਲ੍ਹਾ ਕਾਂਗਰਸ ਪ੍ਰਧਾਨ ਕੁਲਬੀਰ ਸਿੰਘ ਜ਼ੀਰਾ ਦੀ ਅਗਵਾਈ ਹੇਠ ਪੰਚਾਇਤੀ ਚੋਣਾਂ ਦੀਆਂ ਨਾਮਜ਼ਦਗੀਆਂ ਦਾਖ਼ਲ ਕਰਵਾਉਣ ਲਈ ਕਾਂਗਰਸੀ ਵਰਕਰ ਜੀਵਨ ਮੱਲ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਜ਼ੀਰਾ ਵਿਖੇ ਜਾ ਰਹੇ ਸਨ ਤਾਂ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਉਨ੍ਹਾਂ ਨੂੰ ਕਥਿਤ ਤੌਰ ’ਤੇ ਨਾਮਜ਼ਦਗੀ ਭਰਨ ਤੋਂ ਰੋਕਣ ਲਈ ਇੱਟਾਂ-ਪੱਥਰਾਂ ਤੇ ਡਾਂਗਾਂ ਨਾਲ ਹਮਲਾ ਕਰ ਦਿੱਤਾ ਗਿਆ।
ਇਸ ਦੌਰਾਨ ਗੋਲੀਆਂ ਵੀ ਚੱਲੀਆਂ ਤੇ ਕੁਲਬੀਰ ਸਿੰਘ ਜ਼ੀਰਾ ਦੀ ਗੱਲ੍ਹ ਤੇ ਗੁਰਵਿੰਦਰ ਸਿੰਘ ਪਿੰਡ ਸੂਦਾਂ ਦੀ ਲੱਤ ਤੇ ਗੁੱਟ ਉੱਤੇ ਗੋਲੀਆਂ ਲੱਗੀਆਂ, ਜਿਸ ਨਾਲ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਇਸ ਤੋਂ ਇਲਾਵਾ ਚਰਨਜੀਤ ਸਿੰਘ, ਵਾਸੀ ਪਿੰਡ ਕਾਮਲਵਾਲਾ, ਮਨੀ ਵਾਸੀ ਜ਼ੀਰਾ, ਹਰਪ੍ਰੀਤ ਸਿੰਘ ਕਾਲਾ ਵਾਸੀ ਪਿੰਡ ਮਨਸੂਰਦੇਵਾ, ਦਲਜੀਤ ਸਿੰਘ ਵਾਸੀ ਪਿੰਡ ਕੱਚਰਭੰਨ, ਕਿੱਕਰ ਸਿੰਘ ਵਾਸੀ ਪਿੰਡ ਪੰਡੋਰੀ ਜੱਟਾਂ, ਬੋਹੜ ਸਿੰਘ, ਗੁਰਜੰਟ ਸਿੰਘ ਵਾਸੀ ਵਸਤੀ ਗਾਮੇ ਵਾਲੀ ਆਦਿ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ।
ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਕੁਲਬੀਰ ਸਿੰਘ ਜ਼ੀਰਾ ਨੇ ਦੋਸ਼ ਲਾਇਆ ਕਿ ਕਾਂਗਰਸ ਪਾਰਟੀ ਦੇ ਵਰਕਰਾਂ ਵੱਲੋਂ ਸਰਪੰਚੀਆਂ ਦੇ ਕਾਗਜ਼ ਦਾਖਲ ਕਰਨੇ ਸਨ, ਪਰ ਪੰਜਾਬ ਪੁਲਿਸ ਵੱਲੋਂ ਸਵੇਰ ਤੋਂ ਹੀ ਉਨ੍ਹਾਂ ਨੂੰ ਉਨ੍ਹਾਂ ਦੇ ਘਰ ਵਿੱਚ ਨਜ਼ਰਬੰਦ ਕੀਤਾ ਹੋਇਆ ਸੀ, ਜਦੋਂ ਉਹ 2 ਵਜੇ ਦੇ ਕਰੀਬ ਕਾਗਜ਼ ਦਾਖਲ ਕਰਨ ਲਈ ਆਪਣੇ ਘਰ ਤੋਂ ਰਵਾਨਾ ਹੋਏ ਤਾਂ ਵੀ ਪੁਲਿਸ ਉਨ੍ਹਾਂ ਨੂੰ ਥਾਂ-ਥਾਂ ਉਤੇ ਰੋਕਦੀ ਨਜ਼ਰ ਆਈ। ਉਨ੍ਹਾਂ ਕਿਹਾ ਕਿ ਨਾਮਜ਼ਦਗੀਆਂ ਭਰਨ ਵਾਲੀ ਜਗ੍ਹਾ ਉਨ੍ਹਾਂ ’ਤੇ ਹਮਲਾ ਕਰ ਦਿੱਤਾ ਗਿਆ।