ਪਰਗਟ ਸਿੰਘ ਵੱਲੋਂ ਕੈਪਟਨ ਅਮਰਿੰਦਰ ਬਾਰੇ ਵੱਡਾ ਦਾਅਵਾ, ਬੋਲੇ, 'ਪਿਛਲੇ ਸਾਢੇ ਤਿੰਨ ਸਾਲ ਤੋਂ ਚੱਲ ਰਹੀ ਸੀ ਖੇਡ'
ਕੈਪਟਨ ਅਮਰਿੰਦਰ ਵੱਲੋਂ ਭਾਜਪਾ ਨਾਲ ਰਲ ਕੇ ਪਕਾਈ ਜਾ ਰਹੀ ਖਿੱਚੜੀ ਦਾ ਸੂਬੇ ਦੇ ਲੋਕਾਂ ਨੂੰ ਪਹਿਲਾਂ ਹੀ ਪਤਾ ਲੱਗ ਗਿਆ, ਜਿਸ ਕਾਰਨ ਹੁਣ ਉਹ ਇਨ੍ਹਾਂ ਦੀਆਂ ਗੱਲਾਂ ਵਿੱਚ ਨਹੀਂ ਆਉਣਗੇ।
ਚੰਡੀਗੜ੍ਹ/ਗੁਰਦਾਸਪੁਰ: ਕੈਬਨਿਟ ਮੰਤਰੀ ਪਰਗਟ ਸਿੰਘ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬਾਰੇ ਵੱਡੀ ਗੱਲ ਕਹੀ ਹੈ। ਉਨ੍ਹਾਂ ਕਿਹਾ ਕਿ ਭਾਜਪਾ, ਕੈਪਟਨ ਤੇ ਅਕਾਲੀ ਦਲ ਵਿਚਾਲੇ ਅਣਐਲਾਨਿਆ ਗਠਜੋੜ ਸੀ ਜੋ ਹੁਣ ਸਭ ਦੇ ਸਾਹਮਣੇ ਆ ਗਿਆ ਹੈ। ਉਨ੍ਹਾਂ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਤਿੰਨ ਖੇਤੀ ਕਾਨੂੰਨ ਵਾਪਸ ਲੈਣ ਦੇ ਐਲਾਨ ਦੇ ਤੁਰੰਤ ਬਾਅਦ ਕੈਪਟਨ ਨਿਰੰਤਰ ਭਾਜਪਾ ਦਾ ਰਾਗ ਅਲਾਪ ਰਹੇ ਹਨ। ਉਨ੍ਹਾਂ ਕਿਹਾ, ‘‘ਬਿੱਲੀ ਥੈਲਿਓਂ ਬਾਹਰ ਆ ਗਈ ਹੈ।’’
ਉਨ੍ਹਾਂ ਦਾਅਵਾ ਕੀਤਾ ਕਿ ਉਹ ਤਾਂ ਪਿਛਲੇ ਸਾਢੇ ਤਿੰਨ ਸਾਲ ਤੋਂ ਇਹ ਹੀ ਗੱਲ ਦੁਹਰਾ ਰਹੇ ਹਨ ਕਿ ਭਾਜਪਾ, ਕੈਪਟਨ ਤੇ ਅਕਾਲੀ ਦਲ ਵਿਚਾਲੇ ਅਣਐਲਾਨਿਆ ਗਠਜੋੜ ਹੈ। ਇਹ ਸਾਰੀ ਕਹਾਣੀ ਭਾਜਪਾ ਦੀ ਰਚੀ ਹੋਈ ਹੈ, ਜਿਸ ਨੂੰ ਲਾਗੂ ਕਰਨ ਦੀ ਜ਼ਿੰਮੇਵਾਰੀ ਕੈਪਟਨ ਦੀ ਸੀ ਤੇ ਅਕਾਲੀ ਦਲ ਇਸ ਦੀ ਹਮਾਇਤ ਕਰਦਾ ਸੀ। ਉਨ੍ਹਾਂ ਦੇ ਦਾਅਵਿਆਂ ਦੀ ਅਸਲੀਅਤ ਅੱਜ ਉਸ ਵੇਲੇ ਜੱਗ ਜ਼ਾਹਰ ਹੋ ਗਈ ਜਦੋਂ ਕੈਪਟਨ ਅਮਰਿੰਦਰ ਸਿੰਘ ਭਾਜਪਾ ਦੀ ਹਮਾਇਤ 'ਚ ਇਸ਼ਤਿਹਾਰ ਜਾਰੀ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਅਸਲ ਗੱਲ ਇਹ ਹੈ ਕਿ ਕੈਪਟਨ ਅਮਰਿੰਦਰ ਵੱਲੋਂ ਭਾਜਪਾ ਨਾਲ ਰਲ ਕੇ ਪਕਾਈ ਜਾ ਰਹੀ ਖਿੱਚੜੀ ਦਾ ਸੂਬੇ ਦੇ ਲੋਕਾਂ ਨੂੰ ਪਹਿਲਾਂ ਹੀ ਪਤਾ ਲੱਗ ਗਿਆ, ਜਿਸ ਕਾਰਨ ਹੁਣ ਉਹ ਇਨ੍ਹਾਂ ਦੀਆਂ ਗੱਲਾਂ 'ਚ ਨਹੀਂ ਆਉਣਗੇ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਵੱਲੋਂ ਤਿੰਨ ਖੇਤੀ ਕਾਨੂੰਨ ਵਾਪਸ ਲੈਣ ਦੇ ਐਲਾਨ ਦਾ ਉਹ ਸਵਾਗਤ ਕਰਦੇ ਹਨ ਪਰ 700 ਕਿਸਾਨਾਂ ਦੀ ਸ਼ਹਾਦਤ ਨੂੰ ਭੁਲਾਇਆ ਨਹੀਂ ਜਾ ਸਕਦਾ।
ਇਸੇ ਤਰ੍ਹਾਂ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਭਾਜਪਾ ਨਾਲ ਹੱਥ ਮਿਲਾਏ ਜਾਣ ਦੇ ਮਾਮਲੇ ’ਤੇ ਕਿਹਾ ਕਿ ਭਾਜਪਾ ਨਾਲ ਹੁਣ ਜੋ ਵੀ ਸਮਝੌਤਾ ਕਰੇਗਾ ਜਾਂ ਲੁਕ-ਛਿਪ ਕੇ ਭਾਜਪਾ ਨਾਲ ਚੱਲੇਗਾ, ਉਸ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਕੋਲੇ ਦੀ ਦਲਾਲੀ ਵਿੱਚ ਮੂੰਹ ਕਾਲਾ ਹੀ ਹੁੰਦਾ ਹੈ। ਹੁਣ ਚਾਹੇ ਸਮਝੌਤਾ ਅਮਰਿੰਦਰ ਕਰ ਲਵੇ ਤੇ ਬੇਸ਼ੱਕ ਸ਼੍ਰੋਮਣੀ ਅਕਾਲੀ ਦਲ। ਜੋ ਵੀ ਭਾਜਪਾ ਨਾਲ ਹੱਥ ਮਿਲਾਏਗਾ, ਉਹ ਸਿਆਸੀ ਤੌਰ ’ਤੇ ਭਸਮ ਹੋ ਜਾਵੇਗਾ।