Patiala Clash: ਪਟਿਆਲਾ ਹਿੰਸਾ ਦੇ ਮੁਲਜ਼ਮ ਬਰਜਿੰਦਰ ਪਰਵਾਨਾ 'ਤੇ ਹਰੀਸ਼ ਸਿੰਗਲਾ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ 'ਚ ਭੇਜਿਆ
ਪਟਿਆਲਾ ਹਿੰਸਾ ਮਾਮਲੇ ਦੇ ਆਰੋਪੀ ਹਰੀਸ਼ ਸਿੰਗਲਾ ਨੂੰ 14 ਦਿਨਾਂ ਦੀ ਜੁਡੀਸ਼ੀਅਲ ਕਸਟਡੀ 'ਚ ਭੇਜ ਦਿੱਤਾ ਗਿਆ ਹੈ।
ਪਟਿਆਲਾ: ਪਟਿਆਲਾ ਹਿੰਸਾ ਮਾਮਲੇ ਵਿੱਚ ਪੁਲਿਸ ਵੱਲੋਂ ਮੁੱਖ ਮੁਲਜ਼ਮ ਵਜੋਂ ਨਾਮਜ਼ਦ ਬਰਜਿੰਦਰ ਸਿੰਘ ਪਰਵਾਨਾ ਤੇ ਹਰੀਸ਼ ਸਿੰਗਲਾ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਲਾਤ ਨੇ ਪਰਵਾਨਾ ਤੇ ਸਿੰਗਲਾ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਇਸ ਤੋਂ ਪਹਿਲਾਂ ਪੁਲਿਸ ਪਰਵਾਨਾ ਦਾ ਦੋ ਵਾਰ ਰਿਮਾਂਡ ਲੈ ਚੁੱਕੀ ਹੈ।
ਦਰਅਸਲ ਪਟਿਆਲਾ ਹਿੰਸਾ ਮਾਮਲੇ ਦੇ ਮੁਲਜ਼ਮਾਂ ਦਾ ਰਿਮਾਂਡ ਅੱਜ ਖਤਮ ਹੋ ਗਿਆ ਸੀ। ਮੁੱਖ ਮੁਲਜ਼ਾਮ ਵਜੋਂ ਨਾਮਜ਼ਦ ਬਲਜਿੰਦਰ ਪਰਵਾਨਾ ਤੇ ਹਰੀਸ਼ ਸਿੰਗਲਾ ਨੂੰ ਅੱਜ ਅਦਾਲਤ 'ਚ ਪੇਸ਼ ਕੀਤਾ ਗਿਆ। ਬਲਜਿੰਦਰ ਸਿੰਘ ਪਰਵਾਨਾ ਦਾ ਦੂਜੀ ਵਾਰ ਮਿਲਿਆ ਚਾਰ-ਰੋਜ਼ਾ ਪੁਲਿਸ ਰਿਮਾਂਡ ਅੱਜ ਖਤਮ ਹੋਇਆ।
ਦੱਸ ਦਈਏ ਕਿ ਪਰਵਾਨਾ ਦਾ ਪਹਿਲਾ ਰਿਮਾਂਡ ਇਰਾਦਾ ਕਤਲ ਦੇ ਕੇਸ ’ਚ ਲਿਆ ਗਿਆ ਸੀ ਪਰ ਦੂਜੀ ਵਾਰ ਰਿਮਾਂਡ ਵਧਾਉਣ ਲਈ ਪੁਲਿਸ ਨੇ ਉਸ ਕੋਲ ਵਿਦੇਸ਼ੋਂ ਫੰਡ ਆਉਣ ਦਾ ਖਦਸ਼ਾ ਜ਼ਾਹਿਰ ਕਰਦਿਆਂ ਇਸ ਸਬੰਧੀ ਬੈਂਕ ਖਾਤਿਆਂ ਦੀ ਜਾਂਚ ਕਰਨ ਦਾ ਹਵਾਲਾ ਦਿੱਤਾ ਸੀ। ਹਾਸਲ ਜਾਣਕਾਰੀ ਮੁਤਾਬਕ ਪੁਲੀਸ ਨੇ ਦਰਜਨਾਂ ਹੀ ਵਿਅਕਤੀਆਂ ਖ਼ਿਲਾਫ਼ ਕੁੱਲ ਛੇ ਕੇਸ ਦਰਜ ਕੀਤੇ ਸਨ ਜਿਸ ਸਬੰਧੀ ਹੁਣ ਤੱਕ 15 ਜਣਿਆ ਨੂੰ ਹੀ ਗ੍ਰਿਫ਼ਤਾਰ ਕੀਤਾ ਜਾ ਸਕਿਆ ਹੈ।
ਦੱਸ ਦਈਏ ਕਿ 29 ਅਪਰੈਲ ਨੂੰ ਪਟਿਆਲਾ ਵਿੱਚ ਹੋਈ ਹਿੰਸਾ ਕਾਰਨ ਸੂਬੇ ਦੀ ਸਿਆਸਤ ਗਰਮਾਈ ਹੋਈ ਹੈ। ਪੰਜਾਬ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਤੇਜ਼ ਕਰ ਦਿੱਤੀ ਹੈ। ਪੰਜਾਬ ਪੁਲਿਸ ਨੇ ਪਟਿਆਲਾ ਵਿੱਚ ਪਿਛਲੇ ਹਫ਼ਤੇ ਖਾਲਿਸਤਾਨ ਵਿਰੋਧੀ ਮਾਰਚ ਦੌਰਾਨ ਹੋਈ ਹਿੰਸਾ ਦੀ ਜਾਂਚ ਲਈ ਪੰਜ ਮੈਂਬਰੀ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਹੈ।
ਪਟਿਆਲਾ ਵਿੱਚ ਹੋਈ ਹਿੰਸਾ ਦੌਰਾਨ ਚਾਰ ਵਿਅਕਤੀ ਜ਼ਖ਼ਮੀ ਹੋ ਗਏ ਸਨ। ਪਟਿਆਲਾ ਰੇਂਜ ਦੇ ਇੰਸਪੈਕਟਰ ਜਨਰਲ ਪੁਲਿਸ ਮੁਖਵਿੰਦਰ ਸਿੰਘ ਛੀਨਾ ਨੇ ਪਟਿਆਲਾ ਹਿੰਸਾ ਦੀ ਜਾਂਚ ਲਈ ਐਸਪੀ ਮਹਿਤਾਬ ਸਿੰਘ ਦੀ ਨਿਗਰਾਨੀ ਹੇਠ ਐਸਆਈਟੀ ਬਣਾਈ ਹੈ। ਐਸਆਈਟੀ 29 ਅਪਰੈਲ ਨੂੰ ਇੱਥੇ ਦੋ ਧੜਿਆਂ ਵਿਚਾਲੇ ਹੋਈ ਝੜਪ ਦੀ ਵਿਸਤ੍ਰਿਤ ਜਾਂਚ ਕਰੇਗੀ।
ਯਾਦ ਰਹੇ ਕਾਲੀ ਮਾਤਾ ਮੰਦਰ ਦੇ ਬਾਹਰ ਜਿੱਥੇ ਸ਼ਿਵ ਸੈਨਾ (ਬਾਲ ਠਾਕਰੇ) ਦੇ ਮੈਂਬਰਾਂ ਨੇ ਖਾਲਿਸਤਾਨ ਮੁਰਦਾਬਾਦ ਮਾਰਚ ਕੱਢਿਆ ਉੱਥੇ ਝੜਪ ਹੋ ਗਈ ਸੀ। ਇਸ ਦੌਰਾਨ ਨਿਹੰਗ ਸਿੰਘਾਂ ਸਮੇਤ ਕੁਝ ਸਿੱਖ ਜਥੇਬੰਦੀਆਂ ਨੇ ਰੋਸ ਵਜੋਂ ਇੱਕ ਹੋਰ ਮਾਰਚ ਕੱਢਿਆ ਸੀ।