ਪੜਚੋਲ ਕਰੋ
ਪਟਿਆਲਾ ਨੂੰ ਨਸ਼ਾ ਮੁਕਤ ਜ਼ਿਲ੍ਹਾ ਬਣਾਉਣ ਲਈ ਸਿਵਲ ਤੇ ਪੁਲਿਸ ਪ੍ਰਸ਼ਾਸਨ ਸਾਂਝੇ ਯਤਨ ਕਰਨਗੇ : ਦੀਪਕ ਪਾਰੀਕ
ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਕੀਤੇ ਐਲਾਨ 'ਤੇ ਫੁੱਲ ਚੜ੍ਹਾਉਂਦੇ ਹੋਏ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਨੇ ਇੱਕ ਨਿਵੇਕਲੀ ਪਹਿਲਕਦਮੀ ਕਰਦਿਆਂ ਅੱਜ 'ਸਹਿਯੋਗੀ' ਨਾਮ ਦੀ ਇੱਕ ਹੈਲਪਲਾਈਨ ਦਾ ਆਗ਼ਾਜ਼ ਕੀਤਾ ਹੈ।

Sahyogi
ਪਟਿਆਲਾ : ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਕੀਤੇ ਐਲਾਨ 'ਤੇ ਫੁੱਲ ਚੜ੍ਹਾਉਂਦੇ ਹੋਏ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਨੇ ਇੱਕ ਨਿਵੇਕਲੀ ਪਹਿਲਕਦਮੀ ਕਰਦਿਆਂ ਅੱਜ 'ਸਹਿਯੋਗੀ' ਨਾਮ ਦੀ ਇੱਕ ਹੈਲਪਲਾਈਨ ਦਾ ਆਗ਼ਾਜ਼ ਕੀਤਾ ਹੈ। ਪਟਿਆਲਾ ਦੇ ਸਾਕੇਤ ਹਸਪਤਾਲ ਵਿਖੇ 24 ਘੰਟੇ ਕਾਰਜਸ਼ੀਲ ਰਹਿਣ ਵਾਲੀ ਇਸ 'ਸਹਿਯੋਗੀ ਹੈਲਪਲਾਈਨ 0175-2213385' ਨੂੰ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਅਤੇ ਐਸ.ਐਸ.ਪੀ. ਦੀਪਕ ਪਾਰੀਕ ਨੇ ਅੱਜ ਇੱਥੇ ਜਾਰੀ ਕੀਤਾ। ਇਸ ਦੇ ਨਾਲ ਹੀ ਪਟਿਆਲਾ ਜ਼ਿਲ੍ਹੇ ਨੂੰ ਨਸ਼ਾ ਮੁਕਤ ਕਰਨ ਲਈ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਵੱਲੋਂ ਸਾਂਝੀ ਵਿਉਂਤਬੰਦੀ ਉਲੀਕੀ ਗਈ।
ਇਸ ਮੌਕੇ ਡੀ.ਸੀ. ਸਾਕਸ਼ੀ ਸਾਹਨੀ ਨੇ ਕਿਹਾ ਕਿ ਸਹਿਯੋਗੀ ਹੈਲਪਲਾਈਨ ਨਸ਼ਾ ਛੱਡਣ ਵਾਲਿਆਂ ਸਮੇਤ ਆਪਣੀ ਮਾਨਸਿਕ ਸਿਹਤ ਨੂੰ ਤੰਦਰੁਸਤ ਕਰਨ ਦੇ ਚਾਹਵਾਨਾਂ ਲਈ ਇੱਕ ਵਰਦਾਨ ਸਾਬਤ ਹੋਵੇਗੀ, ਕਿਉਂਕਿ ਅਜਿਹੇ ਵਿਅਕਤੀਆਂ ਦੀ ਪਛਾਣ ਗੁਪਤ ਰੱਖੀ ਜਾਵੇਗੀ ਅਤੇ ਉਨ੍ਹਾਂ ਨੂੰ ਬਿਹਤਰ ਸਲਾਹ ਦੇਕੇ ਉਨ੍ਹਾਂ ਇਲਾਜ ਕੀਤਾ ਜਾਵੇਗਾ।ਜਦਕਿ ਐਸ.ਐਸ.ਪੀ. ਦੀਪਕ ਪਾਰੀਕ ਨੇ ਕਿਹਾ ਕਿ ਪਟਿਆਲਾ ਜ਼ਿਲ੍ਹੇ ਨੂੰ ਨਸ਼ਾ ਮੁਕਤ ਕਰਨ ਲਈ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਸਾਂਝੇ ਯਤਨ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਨਸ਼ੇ ਦੀ ਲਤ ਲਗਾ ਚੁੱਕੇ ਵਿਅਕਤੀਆਂ ਦੀ ਨਸ਼ਾ ਮੁਕਤੀ ਲਈ ਦੋਸਤਾਨਾ ਢੰਗ ਨਾਲ ਪਰੰਤੂ ਨਸ਼ੇ ਦੇ ਤਸਕਰਾਂ ਨਾਲ ਸਖ਼ਤੀ ਨਾਲ ਪੇਸ਼ ਆਇਆ ਜਾਵੇਗਾ।
ਡੀ.ਸੀ. ਅਤੇ ਐਸ.ਐਸ.ਪੀ. ਨੇ ਇਸ ਹੈਲਪਲਾਈਨ ਨੂੰ ਲਾਂਚ ਕਰਨ ਮੌਕੇ ਹੈਲਪਲਾਈਨ ਦੇ ਨੋਡਲ ਅਫ਼ਸਰ-ਕਮ-ਏ.ਡੀ.ਸੀ. (ਯੂ.ਡੀ.) ਗੌਤਮ ਜੈਨ, ਏ.ਡੀ.ਸੀ. (ਡੀ) ਅਨੁਪ੍ਰਿਤਾ ਜੌਹਲ, ਸਮੂਹ ਐਸ.ਡੀ.ਐਮਜ਼, ਸਿਵਲ ਸਰਜਨ ਡਾ. ਰਾਜੂ ਧੀਰ, ਡੀ.ਐਮ.ਸੀ. ਡਾ. ਸਜੀਲਾ ਖ਼ਾਨ ਤੇ ਐਸ.ਐਮ.ਓਜ਼ ਸਮੇਤ ਜ਼ਿਲ੍ਹਾ ਖੇਡ ਅਫ਼ਸਰ ਸ਼ਾਸਵਤ ਰਾਜ਼ਦਾਨ, ਕੇਂਦਰੀ ਜੇਲ ਦੇ ਸੁਪਰਡੈਂਟ ਵੱਲੋਂ ਡੀ.ਐਸ.ਪੀ. ਸੁਰੱਖਿਆ ਬਲਜਿੰਦਰ ਸਿੰਘ ਚੱਠਾ, ਸਿੱਖਿਆ ਵਿਭਾਗ, ਡਰੱਗ ਇੰਸਪੈਕਟਰਾਂ, ਜ਼ਿਲ੍ਹਾ ਅਟਾਰਨੀ ਵੱਲੋਂ ਏ.ਡੀ.ਏ. ਹਰਮਿੰਦਰ ਸਿੰਘ, ਸਾਕੇਤ ਹਸਪਤਾਲ ਦੇ ਪ੍ਰਾਜੈਕਟ ਡਾਇਰੈਕਟਰ ਪਰਮਿੰਦਰ ਕੌਰ ਮਨਚੰਦਾ ਆਦਿ ਨਾਲ ਇੱਕ ਅਹਿਮ ਮੀਟਿੰਗ ਵੀ ਕੀਤੀ।
ਮੀਟਿੰਗ ਮੌਕੇ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਅੰਦਰ ਸਾਰੇ ਵਿਧਾਇਕ ਸਾਹਿਬਾਨ ਦੇ ਸਹਿਯੋਗ ਨਾਲ ਖੇਡ ਸੱਭਿਆਚਾਰ ਅਤੇ ਲਾਇਬ੍ਰੇਰੀ ਸੱਭਿਆਚਾਰ ਪ੍ਰਫੁਲਤ ਕੀਤਾ ਜਾਵੇਗਾ ਤਾਂ ਕਿ ਨੌਜਵਾਨਾਂ ਨੂੰ ਸੇਧ ਮਿਲ ਸਕੇ। ਇਸ ਤੋਂ ਬਿਨ੍ਹਾਂ ਨਸ਼ਾ ਮੁਕਤੀ ਕੇਂਦਰਾਂ ਵਿਖੇ ਨਸ਼ੇ ਤੋਂ ਪੀੜਤਾਂ ਦੇ ਇਲਾਜ ਦੌਰਾਨ ਉਨ੍ਹਾਂ ਦੇ ਮੁੜਵਸੇਬੇ ਲਈ ਹੁਨਰ ਸਿਖਲਾਈ ਦੇ ਵੀ ਪ੍ਰਬੰਧ ਕੀਤੇ ਜਾਣਗੇ। ਜਦਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਚੰਗੇ ਨਾਗਰਿਕ ਬਣਨ ਲਈ ਭਾਰਤੀ ਫ਼ੌਜ ਦੇ ਅਧਿਕਾਰੀਆਂ ਦੇ ਲੈਕਚਰ ਵੀ ਕਰਵਾਏ ਜਾਣਗੇ।
ਡੀ.ਸੀ. ਨੇ ਸਮੂਹ ਐਸ.ਡੀ.ਐਮਜ਼ ਨੂੰ ਜ਼ਿਲ੍ਹੇ ਦੇ ਓਟ ਸੈਂਟਰਾਂ ਸਮੇਤ ਨਸ਼ਾ ਮੁਕਤੀ ਕੇਂਦਰਾਂ ਦਾ ਨਿਰੀਖਣ ਦੇ ਨਾਲ-ਨਾਲ ਡਰੱਗ ਇੰਸਪੈਕਟਰਾਂ ਤੇ ਕੈਮਿਸਟ ਐਸੋਸੀਏਸ਼ਨਾਂ ਦੇ ਸਹਿਯੋਗ ਨਾਲ ਕੈਮਿਸਟਾਂ ਦਾ ਵੀ ਨਿਰੀਖਣ ਕਰਨ ਲਈ ਵੀ ਆਖਿਆ। ਜ਼ਿਲ੍ਹਾ ਖੇਡ ਅਫ਼ਸਰ ਨੂੰ ਜ਼ਿਲ੍ਹੇ ਅੰਦਰ ਪਿੰਡ ਪੱਧਰ ਤੋਂ ਲੈਕੇ ਬਲਾਕ ਤੇ ਜ਼ਿਲ੍ਹਾ ਪੱਧਰ ਦੇ ਖੇਡ ਟੂਰਨਾਮੈਂਟ ਊਲੀਕਣ ਦੇ ਨਾਲ-ਨਾਲ ਗਰਮੀ ਦੀਆਂ ਛੁੱਟੀਆਂ 'ਚ ਕਮਾਂਡੋ ਸਿਖਲਾਈ ਕੇਂਦਰ ਵਿਖੇ ਵਿਸ਼ੇਸ਼ ਕੈਂਪ ਲਗਵਾਉਣ ਲਈ ਕਿਹਾ ਗਿਆ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















