ਪਟਿਆਲਾ ਹਿੰਸਾ: ਬਰਜਿੰਦਰ ਪਰਵਾਨਾ ਨੂੰ ਮਈ ਤੱਕ ਪੁਲਿਸ ਰਿਮਾਂਡ 'ਤੇ ਭੇਜਿਆ
ਬ੍ਰੇਕਿੰਗ ਨਿਊਜ਼: ਪਟਿਆਲਾ ਹਿੰਸਾ ਮਾਮਲੇ ਦੇ ਮੁਲਜ਼ਮ ਬਰਜਿੰਦਰ ਸਿੰਘ ਪਰਵਾਨਾ ਨੂੰ ਪਟਿਆਲਾ ਪੁਲਿਸ ਵੱਲੋਂ ਮੀਡੀਆ ਤੋਂ ਬਚਾ ਕੇ ਗੁੱਪਚੁੱਪ ਤਰੀਕੇ ਨਾਲ ਅਦਾਲਤ ਵਿੱਚ ਪੇਸ਼ ਕੀਤਾ ਗਿਆ।
ਬ੍ਰੇਕਿੰਗ ਨਿਊਜ਼: ਪਟਿਆਲਾ ਹਿੰਸਾ ਮਾਮਲੇ ਦੇ ਮੁਲਜ਼ਮ ਬਰਜਿੰਦਰ ਸਿੰਘ ਪਰਵਾਨਾ ਨੂੰ ਪਟਿਆਲਾ ਪੁਲਿਸ ਵੱਲੋਂ ਮੀਡੀਆ ਤੋਂ ਬਚਾ ਕੇ ਗੁੱਪਚੁੱਪ ਤਰੀਕੇ ਨਾਲ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਵੱਲੋਂ ਬਰਜਿੰਦਰ ਪਰਵਾਨਾ ਨੂੰ 9 ਮਈ ਤੱਕ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਗਿਆ।
ਪੰਜ ਮੈਂਬਰੀ ਵਿਸ਼ੇਸ਼ ਜਾਂਚ ਟੀਮ ਦਾ ਗਠਨ
ਉਧਰ, ਪਿਛਲੇ ਹਫ਼ਤੇ ਪਟਿਆਲਾ ਵਿੱਚ ਹੋਈ ਹਿੰਸਾ ਕਾਰਨ ਸੂਬੇ ਦੀ ਸਿਆਸਤ ਗਰਮਾਈ ਹੋਈ ਹੈ। ਪੰਜਾਬ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਤੇਜ਼ ਕਰ ਦਿੱਤੀ ਹੈ। ਪੰਜਾਬ ਪੁਲਿਸ ਨੇ ਕਿਹਾ ਕਿ ਉਨ੍ਹਾਂ ਨੇ ਪਟਿਆਲਾ ਵਿੱਚ ਪਿਛਲੇ ਹਫ਼ਤੇ ਖਾਲਿਸਤਾਨ ਵਿਰੋਧੀ ਮਾਰਚ ਦੌਰਾਨ ਹੋਈ ਹਿੰਸਾ ਦੀ ਜਾਂਚ ਲਈ ਪੰਜ ਮੈਂਬਰੀ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਹੈ।
ਪਟਿਆਲਾ ਵਿੱਚ ਪਿਛਲੇ ਹਫ਼ਤੇ ਹੋਈ ਹਿੰਸਾ ਵਿੱਚ ਚਾਰ ਵਿਅਕਤੀ ਜ਼ਖ਼ਮੀ ਹੋ ਗਏ ਸਨ। ਪਟਿਆਲਾ ਰੇਂਜ ਦੇ ਇੰਸਪੈਕਟਰ ਜਨਰਲ ਪੁਲਿਸ ਮੁਖਵਿੰਦਰ ਸਿੰਘ ਛੀਨਾ ਨੇ ਦੱਸਿਆ ਕਿ ਪਟਿਆਲਾ ਕਾਂਡ ਦੀ ਜਾਂਚ ਲਈ ਐਸਪੀ ਮਹਿਤਾਬ ਸਿੰਘ ਦੀ ਨਿਗਰਾਨੀ ਹੇਠ ਐਸਆਈਟੀ ਬਣਾਈ ਹੈ। ਛੀਨਾ ਨੇ ਕਿਹਾ ਕਿ ਐਸਆਈਟੀ 29 ਅਪਰੈਲ ਨੂੰ ਇੱਥੇ ਦੋ ਧੜਿਆਂ ਵਿਚਾਲੇ ਹੋਈ ਝੜਪ ਦੀ ਵਿਸਤ੍ਰਿਤ ਜਾਂਚ ਕਰੇਗੀ।
ਕਾਲੀ ਮਾਤਾ ਮੰਦਰ ਦੇ ਬਾਹਰ ਜਿੱਥੇ ਸ਼ਿਵ ਸੈਨਾ (ਬਾਲ ਠਾਕਰੇ) ਦੇ ਮੈਂਬਰਾਂ ਨੇ ਖਾਲਿਸਤਾਨ ਮੁਰਦਾਬਾਦ ਮਾਰਚ ਕੱਢਿਆ ਉੱਥੇ ਝੜਪ ਹੋ ਗਈ। ਇਸ ਦੌਰਾਨ ਨਿਹੰਗਾਂ ਸਮੇਤ ਕੁਝ ਸਿੱਖ ਜੱਥੇਬੰਦੀਆਂ ਨੇ ਰੋਸ ਵਜੋਂ ਇੱਕ ਹੋਰ ਮਾਰਚ ਕੱਢਿਆ।
ਚਾਰ ਲੋਕ ਹੋਏ ਜ਼ਖਮੀ
ਪੁਲਿਸ ਮੁਤਾਬਕ ਦੋ ਗੁੱਟਾਂ ਵਿਚਾਲੇ ਝੜਪ ਹੋ ਗਈ, ਜਿਸ ਵਿੱਚ ਚਾਰ ਲੋਕ ਜ਼ਖਮੀ ਹੋ ਗਏ। ਹਿੰਸਾ ਵਿੱਚ ਸ਼ਾਮਲ ਹੋਣ ਦੇ ਦੋਸ਼ ਵਿੱਚ ਮੁੱਖ ਮੁਲਜ਼ਮ ਬਰਜਿੰਦਰ ਸਿੰਘ ਪਰਵਾਨਾ ਅਤੇ ਅੱਠ ਹੋਰਾਂ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਘਟਨਾ ਦੇ ਸਬੰਧ ਵਿੱਚ ਛੇ ਐਫਆਈਆਰ ਦਰਜ ਕੀਤੀਆਂ ਗਈਆਂ ਹਨ।
ਦੱਸ ਦੇਈਏ ਕਿ ਇਸ ਮਾਮਲੇ ਨੂੰ ਲੈ ਕੇ ਵਿਰੋਧੀ ਧਿਰ ਲਗਾਤਾਰ ਪੰਜਾਬ ਸਰਕਾਰ 'ਤੇ ਸਵਾਲ ਚੁੱਕ ਰਹੀ ਹੈ। ਕਾਂਗਰਸ ਦੇ ਇੱਕ ਸਮੂਹ ਨੇ ਵੀ ਰਾਜਪਾਲ ਨਾਲ ਮੁਲਾਕਾਤ ਕੀਤੀ ਅਤੇ ਪਟਿਆਲਾ ਹਿੰਸਾ ਤੋਂ ਬਾਅਦ ਸੂਬੇ ਵਿੱਚ ਕਾਨੂੰਨ ਵਿਵਸਥਾ ਦੀ ਸਥਿਤੀ 'ਤੇ ਚਿੰਤਾ ਜ਼ਾਹਰ ਕੀਤੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਹਿਲਾਂ ਹੀ ਸਪੱਸ਼ਟ ਕਰ ਚੁੱਕੇ ਹਨ ਕਿ ਉਹ ਅਜਿਹੀ ਕਿਸੇ ਵੀ ਘਟਨਾ ਨੂੰ ਬਰਦਾਸ਼ਤ ਨਹੀਂ ਕਰਨਗੇ।