ਲੋਕਾਂ ਦਾ 3 ਮਹੀਨਿਆਂ 'ਚ ਹੀ ‘ਆਪ’ ਸਰਕਾਰ ਤੋਂ ਮੋਹ ਭੰਗ, ਹੁਣ ਮੁੜ ਕਾਂਗਰਸ 'ਚ ਸ਼ਾਮਲ ਹੋ ਰਹੇ ਲੋਕ: ਰਾਜਾ ਵੜਿੰਗ
ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਖਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਹਲਕੇ ਸੰਗਰੂਰ ਵਿੱਚ ਲੋਕਾਂ ਦਾ ਤਿੰਨ ਮਹੀਨਿਆਂ ਵਿੱਚ ਹੀ ‘ਆਪ’ ਸਰਕਾਰ ਤੋਂ ਮੋਹ ਭੰਗ ਹੋ ਗਿਆ ਹੈ।
ਸੰਗਰੂਰ: ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਖਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਹਲਕੇ ਸੰਗਰੂਰ ਵਿੱਚ ਲੋਕਾਂ ਦਾ ਤਿੰਨ ਮਹੀਨਿਆਂ ਵਿੱਚ ਹੀ ‘ਆਪ’ ਸਰਕਾਰ ਤੋਂ ਮੋਹ ਭੰਗ ਹੋ ਗਿਆ ਹੈ। ਇਸ ਲਈ ਲੋਕ ਮੁੜ ਕਾਂਗਰਸ ਵਿੱਚ ਸ਼ਾਮਲ ਹੋ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਇਸ ਜ਼ਿਮਨੀ ਚੋਣ ਵਿੱਚ ‘ਆਪ’ ਉਮੀਦਵਾਰ ਦੀ ਹਾਰ ਪੱਕੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਜ਼ਿਮਨੀ ਚੋਣ ਵਿੱਚ ਮਸਾਂ 1-2 ਫ਼ੀਸਦ ਵੋਟਾਂ ਹੀ ਮਿਲਣਗੀਆਂ।
ਰਾਜਾ ਵੜਿੰਗ ਨੇ ਟਵੀਟ ਕਰਦਿਆਂ ਲਿਖਿਆ ਪੰਜਾਬ ਵਿੱਚ 'ਆਪ' ਸਰਕਾਰ ਪ੍ਰਚਾਰ ਦੀ ਆਕਸੀਜਨ 'ਤੇ ਚੱਲ ਰਹੀ ਹੈ, ਇਹ ਰੋਜ਼ਾਨਾ ਲਗਪਗ ਇੱਕ ਕਰੋੜ ਰੁਪਏ ਇਸ਼ਤਿਹਾਰਾਂ 'ਤੇ ਖਰਚ ਕਰਦੀ ਹੈ। ਜਿਵੇਂ ਹੀ ਜਿਉਂਦੇ ਰਹਿਣ ਲਈ ਇਸ ਕੋਲ ਕੁਝ ਵੀ ਭਰੋਸੇਮੰਦ ਨਹੀਂ, ਇਹ ਆਪਣੇ 'ਆਕਸੀਜਨ ਪੱਧਰ' ਨੂੰ ਕਾਇਮ ਰੱਖਣ ਲਈ ਕਰੋੜਾਂ ਵਿੱਚ 'ਪੰਪਿੰਗ' ਕਰਦੀ ਰਹਿੰਦੀ ਹੈ। ਪਹਿਲੇ ਮਹੀਨੇ 24 ਕਰੋੜ ਖਰਚੇ; ਯਕੀਨੀ ਤੌਰ 'ਤੇ ਚੰਗੀ ਸਿਹਤ ਦੀ ਨਿਸ਼ਾਨੀ ਨਹੀਂ ਹੈ।
. @AAPPunjab govt is surviving on Oxygen of Publicity, it purchases for almost ONE CRORE a day.
— Amarinder Singh Raja Warring (@RajaBrar_INC) June 18, 2022
As it has nothing credible to its credit for survival, it keeps on 'pumping' in crores to maintain its 'oxygen levels'. Spent 24 cr in first month; certainly not a sign of good health pic.twitter.com/DsIWG99k26
ਉਨ੍ਹਾਂ ਕਿਹਾ ਕਿ 100 ਸਾਲ ਪੁਰਾਣੀ ਇਸ ਪਾਰਟੀ ਦੇ ਉਮੀਦਵਾਰ ਦੇ ਪੋਸਟਰਾਂ ’ਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਦੀਆਂ ਫੋਟੋਆਂ ਨਾ ਹੋਣਾ ਅਕਾਲੀ ਦਲ ਦੀ ਖ਼ਤਮ ਹੋ ਰਹੀ ਸਾਖ਼ ਦਾ ਸਬੂਤ ਹੈ।
ਕਾਂਗਰਸ ਦੇ ਚਾਰ ਮੰਤਰੀਆਂ ਦੇ ਭਾਜਪਾ ਵਿੱਚ ਸ਼ਾਮਲ ਹੋਣ ਸਬੰਧੀ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਜਦੋਂ ਭਾਜਪਾ ਉਮੀਦਵਾਰ ਕੇਵਲ ਸਿੰਘ ਢਿੱਲੋਂ ਦੀ ਜ਼ਮਾਨਤ ਜ਼ਬਤ ਹੋ ਗਈ ਤਾਂ ਸਾਰਿਆਂ ਨੂੰ ਪਤਾ ਲੱਗ ਜਾਵੇਗਾ ਕਿ ਕੌਣ ਕਿੰਨੇ ਪਾਣੀ ਵਿੱਚ ਹੈ। ਉਨ੍ਹਾਂ ਨੇ ਹਲਕਾ ਸੰਗਰੂਰ ਤੋਂ ਕਾਂਗਰਸ ਦੇ ਉਮੀਦਵਾਰ ਦਲਵੀਰ ਸਿੰਘ ਗੋਲਡੀ ਦੇ ਹੱਕ ਵਿੱਚ ਭੁਗਤਣ ਦੀ ਅਪੀਲ ਕੀਤੀ।