DC ਨਾਲ ਬਦਸਲੂਕੀ, SDM ਨੂੰ ਬੰਦੀ ਬਣਾ ਕੇ ਗੱਡੀ ਸਮੇਤ ਦਰਿਆ 'ਚ ਸੁੱਟਣ ਦੀ ਕੋਸ਼ਿਸ਼, ਸਮੁੱਚੇ ਅਫ਼ਸਰਾਂ ਦੀ ਹੜਤਾਲ
ਡੀਸੀ ਗੁਰਦਾਸਪੁਰ ਨਾਲ ਬਦਸਲੂਕੀ ਕੀਤੀ ਗਈ ਤੇ ਦੂਜੇ ਪਾਸੇ ਐਸਡੀਐਮ ਜ਼ੀਰਾ ਨੂੰ ਬੰਦੀ ਬਣਾ ਕੇ ਗੱਡੀ ਸਮੇਤ ਦਰਿਆ ਵਿੱਚ ਸੁੱਟਣ ਦੀ ਕੋਸ਼ਿਸ਼ ਕੀਤੀ ਗਈ। ਇਸ 'ਤੇ ਡੀਸੀ ਦਫ਼ਤਰਾਂ ਦੇ ਕਾਮਿਆਂ ਵੱਲੋਂ ਸੋਮਵਾਰ 9 ਸਤੰਬਰ ਨੂੰ ਸਮੁੱਚੇ ਪੰਜਾਬ ਵਿੱਚ ਕਲਮ ਛੋੜ ਹੜਤਾਲ ਕਰਕੇ ਮੰਗ ਪੱਤਰ ਦੇਣ ਦਾ ਫੈਸਲਾ ਕੀਤਾ ਗਿਆ ਹੈ ਤੇ ਅਜਿਹਾ ਕਰਨ ਵਾਲੇ ਸ਼ਰਾਰਤੀ ਅਨਸਰਾਂ ਦੀ ਤੁਰੰਤ ਗ੍ਰਿਫ਼ਤਾਰੀ ਦੀ ਮੰਗ ਕੀਤੀ ਗਈ ਹੈ।

ਗੁਰਦਾਸਪੁਰ: ਡੀਸੀ ਗੁਰਦਾਸਪੁਰ ਨਾਲ ਬਦਸਲੂਕੀ ਕੀਤੀ ਗਈ ਤੇ ਦੂਜੇ ਪਾਸੇ ਐਸਡੀਐਮ ਜ਼ੀਰਾ ਨੂੰ ਬੰਦੀ ਬਣਾ ਕੇ ਗੱਡੀ ਸਮੇਤ ਦਰਿਆ ਵਿੱਚ ਸੁੱਟਣ ਦੀ ਕੋਸ਼ਿਸ਼ ਕੀਤੀ ਗਈ। ਇਸ 'ਤੇ ਡੀਸੀ ਦਫ਼ਤਰਾਂ ਦੇ ਕਾਮਿਆਂ ਵੱਲੋਂ ਸੋਮਵਾਰ 9 ਸਤੰਬਰ ਨੂੰ ਸਮੁੱਚੇ ਪੰਜਾਬ ਵਿੱਚ ਕਲਮ ਛੋੜ ਹੜਤਾਲ ਕਰਕੇ ਮੰਗ ਪੱਤਰ ਦੇਣ ਦਾ ਫੈਸਲਾ ਕੀਤਾ ਗਿਆ ਹੈ ਤੇ ਅਜਿਹਾ ਕਰਨ ਵਾਲੇ ਸ਼ਰਾਰਤੀ ਅਨਸਰਾਂ ਦੀ ਤੁਰੰਤ ਗ੍ਰਿਫ਼ਤਾਰੀ ਦੀ ਮੰਗ ਕੀਤੀ ਗਈ ਹੈ।
ਡੀਸੀ ਦਫਤਰ ਕਰਮਚਾਰੀ ਯੂਨੀਅਨ ਨੇ ਜ਼ਿਲ੍ਹਾ ਤੇ ਸੂਬਾਈ ਆਹੁਦੇਦਾਰਾਂ ਨਾਲ ਆਪਸੀ ਵਿਚਾਰ ਵਟਾਂਦਰਾ ਕਰਨ ਬਾਅਦ ਜ਼ਿਲ੍ਹਾ ਗੁਰਦਾਸਪੁਰ ਤੇ ਜ਼ੀਰਾ ਦੀਆਂ ਜਥੇਬੰਦੀਆਂ ਵੱਲੋਂ ਪਾਸ ਕੀਤੇ ਮਤਿਆਂ ਦੇ ਤਾਬੇ ਸਰਵਸੰਮਤੀ ਨਾਲ ਫੈਸਲਾ ਕੀਤਾ ਤੇ ਦੋਵਾਂ ਉਕਤ ਘਟਨਾਵਾਂ ਦੀ ਪੁਰਜ਼ੋਰ ਸ਼ਬਦਾਂ ਨਾਲ ਨਿੰਦਾ ਕੀਤੀ ਹੈ।
ਇਹ ਵੀ ਫੈਸਲਾ ਕੀਤਾ ਹੈ ਕਿ ਸੋਮਵਾਰ ਨੂੰ ਸਮੁੱਚੇ ਪੰਜਾਬ ਦੇ ਡੀਸੀ ਦਫ਼ਤਰਾਂ, ਉਪ ਮੰਡਲ ਮਜਿਸਟਰੇਟ ਦਫ਼ਤਰਾਂ, ਤਹਿਸੀਲਾਂ ਤੇ ਉਪ ਤਹਿਸੀਲਾਂ ਵਿੱਚ ਕੰਮ ਕਰਦੇ ਮੁਲਾਜ਼ਮ ਮੁਕੰਮਲ ਕਲਮਛੋੜ ਹੜਤਾਲ ਕਰਕੇ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਦੇ ਕੇ ਸਪੀਕਰ, ਵਿਧਾਨ ਸਭਾ ਗਵਰਨਰ ਪੰਜਾਬ, ਮੁੱਖ ਚੋਣ ਅਫਸਰ,ਪੰਜਾਬ ਅਤੇ ਪੰਜਾਬ ਸਰਕਾਰ ਨੂੰ ਅਪੀਲ ਕਰਨਗੇ ਕਿ ਸ਼ੋਸ਼ਲ ਮੀਡੀਆ ਵਿੱਚ ਬਣੇ ਰਹਿਣ ਲਈ ਕੀਤੀਆਂ ਗੈਰ ਕਾਨੂੰਨੀ ਗਤੀਵਿਧੀਆਂ ਦੇ ਤਾਬੇ ਇਸ ਵਿਧਾਇਕ ਨੂੰ ਵਿਧਾਨ ਸਭਾ ਤੋਂ ਮੁਅੱਤਲ ਕੀਤਾ ਜਾਵੇ, ਅੱਗੇ ਤੋਂ ਚੋਣ ਲੜਨ ਤੋਂ ਅਯੋਗ ਠਹਿਰਾਇਆ ਜਾਵੇ ਤੇ ਅਜਿਹੇ ਅਨਸਰਾਂ ਨੂੰ ਤੁਰੰਤ ਗ੍ਰਿਫ਼ਤਾਰ ਕਰਕੇ ਕਾਨੂੰਨ ਅਨੁਸਾਰ ਸਜ਼ਾ ਦਿਵਾਈ ਜਾਵੇ।
ਇਸ ਤੋਂ ਇਲਾਵਾ ਜ਼ੀਰਾ ਸਬ ਡਵੀਜ਼ਨ ਦੇ ਐਸਡੀਐਮ ਨਰਿੰਦਰ ਸਿੰਘ ਧਾਲੀਵਾਲ PCS ਨੂੰ ਪਿੰਡ ਗੱਟਾ ਬਾਦਸ਼ਾਹ ਵਿੱਚ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਬੰਦੀ ਬਣਾਉਣ ਤੇ ਉਨ੍ਹਾਂ ਨੂੰ ਗੱਡੀ ਸਮੇਤ ਦਰਿਆ ਵਿੱਚ ਸੁੱਟਣ ਦੀ ਕੋਸ਼ਿਸ਼ ਕਰਨ ਦੀ ਘਟਨਾ ਦੀ ਪੁਰਜ਼ੋਰ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ। ਅਫ਼ਸਰਾਂ ਨੇ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਜੇ ਸਬ ਡਿਵੀਜ਼ਨ ਦੇ ਮੈਜਿਸਟ੍ਰੇਟ ਹੀ ਸੁਰੱਖਿਅਤ ਨਹੀਂ ਤੇ ਫਿਰ ਆਮ ਆਦਮੀ ਕਿਵੇਂ ਸੁਰੱਖਿਅਤ ਮੰਨੇ ਜਾ ਸਕਦੇ ਹਨ।
ਉਸਤੋਂ ਵੀ ਦੁਖਦਾਈ ਗੱਲ ਇਹ ਹੈ ਕਿ ਅਜਿਹੇ ਸ਼ਰਾਰਤੀ ਅਨਸਰਾਂ ਤੇ ਜਲਦ ਤੇ ਸਖ਼ਤ ਕਾਰਵਾਈ ਨਹੀਂ ਹੁੰਦੀ, ਜਿਸ ਨਾਲ ਅਜਿਹੇ ਅਨਸਰਾਂ ਦੇ ਦਿਨੋ-ਦਿਨ ਹੌਸਲੇ ਵਧ ਰਹੇ ਹਨ। ਉਨ੍ਹਾਂ ਸਖ਼ਤ ਸ਼ਬਦਾਂ ਵਿੱਚ ਮੰਗ ਕੀਤੀ ਕਿ ਪ੍ਰਸ਼ਾਸਨ ਤੁਰੰਤ ਨੋਟਿਸ ਲਵੇ ਅਤੇ ਸ਼ਰਾਰਤੀ ਅਨਸਰਾਂ ਖਿਲਾਫ ਜਲਦ ਤੋਂ ਜਲਦ ਕਾਰਵਾਈ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰੇ। ਜੇ ਪ੍ਰਸ਼ਾਸਨ ਇਨ੍ਹਾਂ ਸ਼ਰਾਰਤੀ ਅਨਸਰਾਂ ਖਿਲਾਫ ਕੋਈ ਕਾਰਵਾਈ ਨਹੀਂ ਕਰੇਗਾ ਤਾਂ ਯੂਨੀਅਨ ਹੋਰ ਵੀ ਤਿੱਖਾ ਸੰਘਰਸ਼ ਅਰੰਭੇਗੀ।






















