ਜਗਰਾਉਂ ਇਲਾਕੇ ਦੇ ਲੋਕਾਂ ਨੂੰ ਜਲਦ ਮਿਲੇਗਾ ਅਤਿ-ਅਧੁਨਿਕ ਜੱਚਾ-ਬੱਚਾ ਹਸਪਤਾਲ
ਅੱਜ ਡਿਪਟੀ ਕਮਿਸ਼ਨਰ ਲੁਧਿਆਣਾ ਸ਼ੁਰਭੀ ਮਲਿਕ ਵੱਲੋਂ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਅਤੇ ਆਪ ਆਗੂ ਪ੍ਰੋਫੈਸਰ ਸੁਖਵਿੰਦਰ ਸਿੰਘ ਦੇ ਨਾਲ ਜੱਚਾ-ਬੱਚਾ ਹਸਪਤਾਲ ਦੀ ਨਵੀਂ ਬਣੀ ਇਮਾਰਤ ਦਾ ਨਿਰੀਖਣ ਕੀਤਾ
ਲੁਧਿਆਣਾ: ਜਗਰਾਉਂ ਇਲਾਕੇ ਦੇ ਲੋਕਾਂ ਨੂੰ ਅਤਿ-ਅਧੁਨਿਕ 30 ਬੈੱਡ ਦਾ ਜੱਚਾ-ਬੱਚਾ ਹਸਪਤਾਲ ਬਹੁਤ ਜ਼ਲਦੀ ਮਿਲੇਗਾ। ਅੱਜ ਡਿਪਟੀ ਕਮਿਸ਼ਨਰ ਲੁਧਿਆਣਾ ਸ਼ੁਰਭੀ ਮਲਿਕ ਵੱਲੋਂ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਅਤੇ ਆਪ ਆਗੂ ਪ੍ਰੋਫੈਸਰ ਸੁਖਵਿੰਦਰ ਸਿੰਘ ਦੇ ਨਾਲ ਜੱਚਾ-ਬੱਚਾ ਹਸਪਤਾਲ ਦੀ ਨਵੀਂ ਬਣੀ ਇਮਾਰਤ ਦਾ ਨਿਰੀਖਣ ਕੀਤਾ ਗਿਆ ਅਤੇ ਸ਼ਾਨਦਾਰ ਤਰੀਕੇ ਤੇ ਸਹੂਲਤਾਂ ਨਾਲ ਬਣੀ ਇਮਾਰਤ ਉਪਰ ਤਸੱਲੀ ਦਾ ਪ੍ਰਗਟਾਵਾ ਕੀਤਾ।
ਇਸ ਹਸਪਤਾਲ ਦੇ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਨੇ ਦੱਸਿਆ ਕਿ ਉਹਨਾਂ ਵੱਲੋਂ ਇਹ ਜੱਚਾ-ਬੱਚਾ ਹਸਪਤਾਲ ਆਪਣੇ ਪਿਛਲੇ ਕਾਰਜਕਾਲ ਦੌਰਾਨ ਪਾਸ ਕਰਵਾਇਆ ਗਿਆ ਸੀ ਤੇ ਹੁਣ ਹਸਪਤਾਲ ਦੀ ਇਮਾਰਤ ਬਣਕੇ ਤਿਆਰ ਹੋ ਚੁੱਕੀ ਹੈ। ਇਸ ਹਸਪਤਾਲ ਦੀ ਲੋਕਾਂ ਵਾਸਤੇ ਬਹੁਤ ਜ਼ਲਦੀ ਹੀ ਸ਼ੁਰੂਆਤ ਕਰ ਦਿੱਤੀ ਜਾਵੇਗੀ। ਉਹਨਾਂ ਦੱਸਿਆ ਕਿ ਇਹ ਹਸਪਤਾਲ ਤਿੰਨ ਫਰੋਲ ਦਾ ਬਣਿਆ ਹੈ।
ਉਨ੍ਹਾਂ ਕਿਹਾ ਇਸ ਵਿੱਚ 4 ਜੱਚਾ ਵਾਰਡ, 2 ਬੱਚਿਆਂ ਦੇ ਵਾਰਡ, 30 ਬੈਡ, ਇੱਕ ਨਿੱਕੂ ਰੂਮ, 2 ਅਪ੍ਰੇਸ਼ਨ ਥੀਏਟਰ, 2 ਡਲਿਵਰੀ ਰੂਮ, 4 ਓ.ਪੀ.ਡੀ.ਰੂਮ, ਇੱਕ ਲੈਬਾਰਟਰੀ, ਅਲਟਰਾ ਸਾਊਂਡ ਰੂਮ, ਰਿਸ਼ੈਪਸ਼ਨ, ਇੱਕ ਪ੍ਰੀ-ਲੇਬਰ ਰੂਮ, 2 ਰਿਕਵਰੀ ਰੂਮ, ਐਕਲੈਮਸ਼ੀਆ ਰੂਮ, 3 ਪ੍ਰਾਈਵੇਟ ਰੂਮ ਅਤੇ 3 ਨਰਸਿੰਗ ਰੂਮ ਆਦਿ ਅਤਿ-ਅਧੁਨਿਕ ਸਹੂਲਤਾਂ ਨਾਲ ਤਿਆਰ ਕੀਤੇ ਗਏ ਹਨ।
ਇਸ ਹਸਪਤਾਲ ਦੇ ਸ਼ੁਰੂ ਹੋਣ ਨਾਲ ਜਗਰਾਉਂ ਹਲਕੇ ਤੋਂ ਇਲਾਵਾ ਬਾਹਰਲਿਆਂ ਹਲਕਿਆਂ ਨੂੰ ਵੀ ਇਸ ਹਸਪਤਾਲ ਦੀ ਵੱਡੀ ਸਹੂਲਤ ਮਿਲੇਗੀ। ਵਿਧਾਇਕਾ ਮਾਣੂੰਕੇ ਨੇ ਆਖਿਆ ਕਿ ਇਹ ਹਸਪਤਾਲ ਜਗਰਾਉਂ ਇਲਾਕੇ ਪਹਿਲਾ ਵੱਡਾ ਹਰ ਪ੍ਰਕਾਰ ਦੀਆਂ ਸਹੂਲਤਾਂ ਦੇ ਨਾਲ ਲੈਸ ਜੱਚਾ-ਬੱਚਾ ਹਸਪਤਾਲ ਹੈ, ਜੋ ਇਲਾਕੇ ਲਈ ਵਰਦਾਨ ਸਾਬਿਤ ਹੋਵੇਗਾ।
ਡਿਪਟੀ ਕਮਿਸ਼ਨਰ ਲੁਧਿਆਣਾ ਸ਼ੁਰਭੀ ਮਲਿਕ ਨੇ ਦੱਸਿਆ ਕਿ ਹਸਪਤਾਲ ਦੀ ਰਿਪੋਰਟ ਬਹੁਤ ਜ਼ਲਦੀ ਪੰਜਾਬ ਸਰਕਾਰ ਨੂੰ ਭੇਜ ਦਿੱਤੀ ਜਾਵੇਗੀ ਅਤੇ ਪੰਜਾਬ ਸਰਕਾਰ ਪਾਸੋਂ ਅਗਲੇ ਹੁਕਮ ਪ੍ਰਾਪਤ ਹੋਣ ਉਪਰੰਤ ਜੱਚਾ-ਬੱਚਾ ਹਸਪਤਾਲ ਨੂੰ ਸ਼ੁਰੂ ਕੀਤਾ ਜਾਵੇਗਾ। ਇਸ ਮੌਕੇ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਅਤੇ ਡਿਪਟੀ ਕਮਿਸ਼ਨਰ ਸ਼ੁਰਭੀ ਮਲਿਕ ਵੱਲੋਂ ਗਰੀਨ ਮਿਸ਼ਨ ਪੰਜਾਬ ਦੀ ਟੀਮ ਦੇ ਸਹਿਯੋਗ ਨਾਲ ਸੁਹੱਜਣਾ ਦਰਖ਼ਤਾਂ ਦੇ ਬੂਟੇ ਵੀ ਲਗਾਏ ਗਏ ਅਤੇ ਇਲਾਕੇ ਨੂੰ ਹਰਿਆ-ਭਰਿਆ ਬਨਾਉਣ ਦੇ ਨਾਲ ਨਾਲ ਵਾਤਰਾਵਰਨ ਤੇ ਪਾਣੀ ਬਚਾਉਣ ਲਈ ਉਪਰਾਲੇ ਕਰਨ ਦਾ ਸੁਨੇਹਾ ਦਿੱਤਾ।