Punjab News: ਤਿਓਹਾਰਾਂ ਮੌਕੇ ਵੰਡੀ ਜਾ ਰਹੀ ਹੈ ਜ਼ਹਿਰ ! ਸਪਰੇਟੇ ਦੁੱਧ 'ਚ ਤੇਲ ਮਿਲਾ ਕੇ ਬਣਾਇਆ ਖੋਆ ਬਰਾਮਦ
Punjab News: ਅਧਿਕਾਰੀਆਂ ਨੇ ਦੱਸਿਆ ਕਿ ਇਸ ਮੌਕੇ ਉਨ੍ਹਾਂ ਨੇ 50 ਕਿਲੋ ਬਣਿਆ ਹੋਇਆ ਖੋਆ, 18 ਕਿਲੋ ਸਪਰੇਟਾ ਦੁੱਧ ਤੇ 10 ਕਿਲੋਗ੍ਰਾਮ ਰਿਫਾਇੰਡ ਤੇਲ ਬਰਾਮਦ ਕੀਤਾ।
Punjab News: ਤਿਉਹਾਰਾਂ ਦੇ ਦਿਨਾਂ ਵਿੱਚ ਮਿਠਾਈ ਦੀ ਮੰਗ ਵੱਧ ਜਾਣ ਕਾਰਨ ਇਸ ਵਿਚ ਨਕਲੀ ਦੁੱਧ ਤੇ ਖੋਏ ਦੀ ਵਰਤੋਂ ਵਧ ਜਾਂਦੀ ਹੈ ਜਿਸ ਨੂੰ ਸਖ਼ਤੀ ਨਾਲ ਰੋਕਣ ਲਈ ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਵੱਲੋਂ ਦਿੱਤੀਆਂ ਹਦਾਇਤਾਂ ਦੇ ਚੱਲਦੇ ਵਧੀਕ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਕੰਮ ਕਰ ਰਹੀ ਫੂਡ ਸੇਫਟੀ ਟੀਮ ਨੇ ਬੀਤੀ ਰਾਤ ਥਾਣਾ ਲੋਪੋਕੇ ਦੇ ਪਿੰਡ ਮਾਨਾਂਵਾਲਾ ਵਿਖੇ ਦੋ ਘਰਾਂ ਵਿਚ ਛਾਪਾ ਮਾਰਿਆ।
337 ਕਿਲੋਗ੍ਰਾਮ ਖੋਆ ਕੀਤਾ ਗਿਆ ਬਰਾਮਦ
ਇਸ ਮੌਕੇ ਸਪਰੇਟੇ ਦੁੱਧ ਤੇ ਰਿਫਾਇੰਡ ਤੇਲ ਦੀ ਵਰਤੋਂ ਨਾਲ ਤਿਆਰ ਕੀਤੇ 337 ਕਿਲੋਗ੍ਰਾਮ ਖੋਆ ਬਰਾਮਦ ਕੀਤਾ ਅਤੇ ਦੋਵਾਂ ਘਰਾਂ ਦੇ ਮਾਲਕਾਂ ਉਤੇ ਕੇਸ ਦਰਜ ਕਰਵਾਇਆ ਹੈ। ਸਹਾਇਕ ਕਮਿਸ਼ਨਰ ਫੂਡ ਸੇਫਟੀ ਰਜਿੰਦਰਪਾਲ ਸਿੰਘ ਨੇ ਦੱਸਿਆ ਕਿ ਜਦੋਂ ਸਾਡੀ ਟੀਮ ਨੇ ਮਾਨਾਂਵਾਲਾ ਵਿਖੇ ਦੇਸਾ ਸਿੰਘ ਪੁੱਤਰ ਰੁਲਦਾ ਸਿੰਘ ਦੇ ਘਰ ਛਾਪਾ ਮਾਰਿਆ ਤਾਂ ਉਥੋਂ ਸਪਰੇਟੇ ਦੁੱਧ ਵਿੱਚ ਰਿਫਾਇੰਡ ਤੇਲ ਪਾ ਕੇ ਖੋਆ ਬਨਾਉਣ ਦਾ ਕੰਮ ਚੱਲ ਰਿਹਾ ਸੀ।
ਅਧਿਕਾਰੀਆਂ ਨੇ ਦੱਸਿਆ ਕਿ ਇਸ ਮੌਕੇ ਉਨ੍ਹਾਂ ਨੇ 50 ਕਿਲੋ ਬਣਿਆ ਹੋਇਆ ਖੋਆ, 18 ਕਿਲੋ ਸਪਰੇਟਾ ਦੁੱਧ ਤੇ 10 ਕਿਲੋਗ੍ਰਾਮ ਰਿਫਾਇੰਡ ਤੇਲ ਬਰਾਮਦ ਕੀਤਾ। ਉਨਾਂ ਦੱਸਿਆ ਕਿ ਇਸੇ ਪਿੰਡ ਦੇ ਹੀ ਇੱਕ ਹੋਰ ਘਰ' ਜੋ ਕਿ ਕੁਲਦੀਪ ਸਿੰਘ ਪੁੱਤਰ ਤਰਲੋਕ ਸਿੰਘ ਦਾ ਹੈ' ਵਿੱਚ ਵੀ ਛਾਪਾ ਮਾਰਨ ਉਤੇ 287 ਕਿਲੋਗ੍ਰਾਮ ਇਸੇ ਤਰਾਂ ਤਿਆਰ ਕੀਤਾ ਖੋਆ, 44 ਕਿਲੋਗ੍ਰਾਮ ਸਪਰੇਟਾ ਦੁੱਧ ਤੇ 105 ਕਿਲੋਗ੍ਰਾਮ ਰਿਫਾਇੰਡ ਤੇਲ ਬਰਾਮਦ ਕੀਤਾ।
ਉਨਾਂ ਕਿਹਾ ਕਿ ਇਨਾਂ ਲੋਕਾਂ ਨੇ ਆਪਣੇ ਘਰਾਂ ਵਿੱਚ ਗਰਾਇੰਡਰ ਰੱਖੇ ਹੋਏ ਹਨ, ਜੋ ਕਿ ਤੇਲ ਤੇ ਦੁੱਧ ਨੂੰ ਮਿਲਾ ਕੇ ਫਿਰ ਖੋਆ ਬਨਾਉਣ ਦਾ ਕੰਮ ਕਰਦੇ ਸਨ। ਉਨਾਂ ਦੱਸਿਆ ਕਿ ਟੀਮ ਵਿੱਚ ਮੌਜੂਦ ਫੂਡ ਸੇਫਟੀ ਅਧਿਕਾਰੀ ਕਮਲਦੀਪ ਕੌਰ, ਸਾਖਸ਼ੀ ਖੋਸਲਾ, ਅਮਨਦੀਪ ਸਿੰਘ ਤੇ ਅਸ਼ਵਨੀ ਕੁਮਾਰ ਨੇ ਮੌਕੇ ਉਤੇ ਕਾਰਵਾਈ ਕਰਦੇ ਹੋਏ ਸਾਰਾ ਖੋਆ ਨਸ਼ਟ ਕਰਵਾਇਆ ਅਤੇ ਖੋਏ ਦੇ 6 ਨਮੂਨੇ ਅਗਲੀ ਜਾਂਚ ਲਈ ਲੈ ਕੇ ਬਾਕੀ ਪਦਾਰਥ ਜ਼ਬਤ ਕਰ ਲਏ।
ਉਨਾਂ ਦੱਸਿਆ ਕਿ ਟੀਮ ਨੇ ਸਾਰਾ ਮਾਮਲਾ ਥਾਣਾ ਲੋਪੋਕੇ ਦੇ ਐਸ ਐਚ ਓ ਯਾਦਵਿੰਦਰ ਸਿੰਘ ਦੇ ਧਿਆਨ ਵਿਚ ਲਿਆ ਕੇ ਦੋਵਾਂ ਵਿਅਕਤੀਆਂ ਵਿਰੁੱਧ ਆਈ ਪੀ ਸੀ ਦੀ ਧਾਰਾ 273-420 ਅਧੀਨ ਕੇਸ ਦਰਜ ਕਰਵਾ ਦਿੱਤਾ ਹੈ।