(Source: ECI/ABP News/ABP Majha)
ਕਾਰਾਂ ਤੇ ਪੈਟਰੋਲ ਪੰਪ ਲੁੱਟਣ ਵਾਲੇ ਇੰਟਰ ਸਟੇਟ ਗੈਂਗ ਦਾ ਕੀਤਾ ਪਰਦਾਫਾਸ਼, ਸੱਤ ਜਣੇ ਗ੍ਰਿਫਤਾਰ
ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਕਾਬੂ ਦੋਸ਼ੀਆਂ ਵਿੱਚੋਂ ਜਸ਼ਨਦੀਪ ਸਿੰਘ ਉਰਫ ਸੁੱਖਾ ਪੁੱਤਰ ਗੁਰਦਾਸ ਸਿੰਘ ਵਾਸੀ ਸ਼ੇਰਗੜ੍ਹ ਥਾਣਾ ਡੱਬਵਾਲੀ ਜ਼ਿਲ੍ਹਾ ਸਿਰਸਾ ਹਰਿਆਣਾ ਸਤਾਰਾਂ ਮੁਕੱਦਮਿਆਂ ਵਿੱਚ ਭਗੌੜਾ ਸੀ।
ਹੁਸ਼ਿਆਰਪੁਰ: ਪੁਲਿਸ ਨੇ ਕਾਰਾਂ ਤੇ ਪੈਟਰੋਲ ਪੰਪ ਲੁੱਟਣ ਵਾਲੇ ਇੰਟਰਸਟੇਟ ਗੈਂਗ ਨੂੰ ਕਾਬੂ ਕਰਕੇ 7 ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਇਸ ਸਬੰਧੀ ਮੰਗਲਵਾਰ ਨੂੰ ਪੁਲਿਸ ਲਾਈਨ ਹੁਸ਼ਿਆਰਪੁਰ ਵਿਖੇ ਬੁਲਾਈ ਗਈ ਵਿਸ਼ੇਸ਼ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪੁਲਿਸ ਮੁਖੀ ਕੁਲਵੰਤ ਸਿੰਘ ਹੀਰ ਪੀਪੀਐਸ ਨੇ ਦੱਸਿਆ ਕਿ ਲੁੱਟਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 7 ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਉਨ੍ਹਾਂ ਕੋਲੋਂ 4 ਪਿਸਟਲ 32 ਬੋਰ, 44 ਜ਼ਿੰਦਾ ਰੌਂਦ, 3 ਦਾਤਰ, ਖੋਹੀਆਂ ਹੋਈਆਂ ਕਾਰਾਂ ਜਿਨ੍ਹਾਂ ਵਿੱਚ 1 ਸਵਿਫ਼ਟ ਕਾਰ,1 ਈਟੀਓਜ਼ ਕਾਰ,1 ਹਾਂਡਾ ਏਵੀਏਟਰ ਸਕੂਟਰੀ, 1 ਸਪਲੈਂਡਰ ਮੋਟਰਸਾਈਕਲ, 10 ਮੋਬਾਈਲ ਫੋਨ, 2 ਸੋਨੇ ਦੀਆਂ ਚੇਨਾਂ, 15 ਨਸ਼ੀਲੇ ਟੀਕੇ ਵੀ ਬਰਾਮਦ ਕੀਤੇ ਹਨ।
ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ 2 ਜਨਵਰੀ ਦੀ ਸ਼ਾਮ ਨੂੰ ਜ਼ਿਲ੍ਹਾ ਹੁਸ਼ਿਆਰਪੁਰ ਦੇ ਥਾਣਾ ਗੜ੍ਹਸ਼ੰਕਰ ਦੇ ਇਲਾਕੇ ਵਿੱਚ 3 ਅਣਪਛਾਤੇ ਈਟੀਓਜ਼ ਕਾਰ ਚਾਲਕਾਂ ਵੱਲੋਂ ਪੈਟਰੋਲ ਪੰਪ ਦੇ ਕਰਿੰਦਿਆਂ ਦੀ ਕੁੱਟਮਾਰ ਕਰਕੇ ਤੇ ਗੋਲੀਆਂ ਚਲਾ ਕੇ ਲੁੱਟ ਖੋਹ ਦੀ ਵਾਰਦਾਤ ਕੀਤੀ ਗਈ ਸੀ। ਥਾਣਾ ਗੜ੍ਹਸ਼ੰਕਰ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਸੀ। ਕਿਸੇ ਦੇ ਨਿੱਜੀ ਬੇਨਾਮ ਕਦਮਾਂ ਨੂੰ ਟ੍ਰੇਸ ਕਰਨ ਵਾਸਤੇ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਗਿਆ ਸੀ।
ਉਨ੍ਹਾਂ ਨੂੰ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਉਪਰੋਕਤ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਆਪਣੇ ਸਾਥੀਆਂ ਨਾਲ ਰਲ ਕੇ ਹੋਰ ਵੱਡੀਆਂ ਵਾਰਦਾਤਾਂ ਕਰਨ ਲਈ ਪਿੰਡ ਚੱਕ ਫੁੱਲੂ ਭੱਠੇ ਤੇ ਵਿਉਂਤਬੰਦੀ ਕਰ ਰਹੇ ਹਨ ਜਿਨ੍ਹਾਂ ਨੂੰ ਕਾਰਵਾਈ ਕਰਕੇ ਤੁਰੰਤ 6 ਵਿਅਕਤੀਆਂ ਨੂੰ ਕਾਬੂ ਕਰ ਲਿਆ ਗਿਆ ਤੇ ਇਨ੍ਹਾਂ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਜਾਂਚ ਪਡ਼ਤਾਲ ਸ਼ੁਰੂ ਕਰ ਦਿੱਤੀ ਗਈ।
ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਕਾਬੂ ਦੋਸ਼ੀਆਂ ਵਿੱਚੋਂ ਜਸ਼ਨਦੀਪ ਸਿੰਘ ਉਰਫ ਸੁੱਖਾ ਪੁੱਤਰ ਗੁਰਦਾਸ ਸਿੰਘ ਵਾਸੀ ਸ਼ੇਰਗੜ੍ਹ ਥਾਣਾ ਡੱਬਵਾਲੀ ਜ਼ਿਲ੍ਹਾ ਸਿਰਸਾ ਹਰਿਆਣਾ ਸਤਾਰਾਂ ਮੁਕੱਦਮਿਆਂ ਵਿੱਚ ਭਗੌੜਾ ਸੀ ਜਿਸ ਵੱਲੋਂ ਹਰਿਆਣੇ ਵਿੱਚ ਬੈਂਕ ਮੈਨੇਜਰ ਨੂੰ ਅਗਵਾ ਕਰਕੇ 14 ਲੱਖ ਦੀ ਫਿਰੌਤੀ ਮੰਗੀ ਗਈ ਸੀ ਤੇ 7 ਲੱਖ ਦੇ ਦਿੱਤੇ ਗਏ ਸਨ। ਇਸ ਮਾਮਲੇ ਵਿੱਚ ਇਸ ਦੇ ਬਾਕੀ ਸਾਥੀ ਫੜੇ ਗਏ ਸਨ ਪਰ ਇਹ ਫ਼ਰਾਰ ਸੀ ਚੱਲ ਰਿਹਾ ਸੀ।
ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਦੋਸ਼ੀਆਂ ਵਿਚੋਂ ਅਦਿੱਤਿਆ ਬਾਵਾ ਉਰਫ ਬਾਵਾ ਪੁੱਤਰ ਰਾਜਕੁਮਾਰ ਵਾਸੀ ਪਿੰਡ ਗੋਬਿੰਦਪੁਰ ਥਾਣਾ ਸਦਰ ਬੰਗਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਮਾਸਟਰਮਾਈਂਡ ਸੀ ਜੋ ਕਿਸੇ ਵੀ ਵਾਰਦਾਤ ਵੇਲੇ ਇੱਕ ਮਿੰਟ ਵਿਚ ਹੀ ਗੋਲੀ ਚਲਾ ਦਿੰਦਾ ਸੀ। ਉਨ੍ਹਾਂ ਦੱਸਿਆ ਕਿ ਇਹ ਗੈਂਗ ਸੋਸ਼ਲ ਮੀਡੀਆ ਇੰਸਟਾਗ੍ਰਾਮ ਆਜ਼ਾਦ ਗਰੁੱਪ ਨਾਲ ਜੁੜਿਆ ਹੋਇਆ ਹੈ ਜਿਸ ਰਾਹੀਂ ਫਿਰੌਤੀਆਂ ਲੈ ਕੇ ਵਾਰਦਾਤਾਂ ਕੀਤੀਆਂ ਗਈਆਂ ਸਨ।
ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: