ਬੀਜੇਪੀ ਦੀ ਫਿਰੋਜ਼ਪੁਰ ਰੈਲੀ ਬਾਰੇ ਕੇਂਦਰੀ ਮੰਤਰੀ ਦਾ ਵੱਡਾ ਦਾਅਵਾ, ਬੋਲੇ ਇੰਨੇ ਲੋਕ ਪਹੁੰਚੇ ਕਿ ਚਾਰ ਰਾਜਾਂ ਤੋਂ ਮੰਗਵਾਉਣੀਆਂ ਪਈਆਂ ਹਜ਼ਾਰ ਬੱਸਾਂ
ਦੱਸ ਦਈਏ ਕਿ 5 ਜਨਵਰੀ ਨੂੰ ਫਿਰੋਜ਼ਪੁਰ 'ਚ ਕਿਸਾਨਾਂ ਵੱਲੋਂ ਰੋਡ ਜਾਮ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਦੇ ਕਾਫਲੇ ਨੂੰ ਫਲਾਈਓਵਰ 'ਤੇ ਕਰੀਬ 20 ਮਿੰਟ ਤੱਕ ਰੋਕਿਆ ਗਿਆ ਸੀ।
ਨਵੀਂ ਦਿੱਲੀ: ਬੀਜੇਪੀ ਦੀ ਫਿਰੋਜ਼ਪੁਰ ਰੈਲੀ ਬਾਰੇ ਅੱਜ ਕੇਂਦਰੀ ਮੰਤਰੀ ਤੇ ਭਾਜਪਾ ਦੇ ਪੰਜਾਬ ਮਾਮਲਿਆਂ ਦੇ ਚੋਣ ਇੰਚਾਰਜ ਗਜੇਂਦਰ ਸਿੰਘ ਸ਼ੇਖਾਵਤ ਨੇ ਵੱਡਾ ਦਾਅਵਾ ਕੀਤਾ ਹੈ। ਬੇਸ਼ੱਕ ਮੀਡੀਆ ਇਸ ਰੈਲੀ ਵਿੱਚ ਬੇਹੱਦ ਘੱਟ ਲੋਕ ਪਹੁੰਚਣ ਦੀ ਚਰਚਾ ਕਰ ਰਿਹਾ ਹੈ ਪਰ ਸ਼ੇਖਾਵਤ ਨੇ ਅੱਜ ਦਾਅਵਾ ਕੀਤਾ ਹੈ ਕਿ ਖਰਾਬ ਮੌਸਮ ਦੇ ਬਾਵਜੂਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫਿਰੋਜ਼ਪੁਰ ਰੈਲੀ ਵਿੱਚ ਸ਼ਾਮਲ ਹੋਣ ਲਈ ਲੋਕਾਂ ਵਿੱਚ ਇੰਨਾ ਉਤਸ਼ਾਹ ਸੀ ਕਿ ਪੰਜਾਬ ਵਿੱਚ ਪਾਰਟੀ ਨੂੰ ਆਲੇ-ਦੁਆਲੇ ਦੇ ਚਾਰ ਰਾਜਾਂ ਤੋਂ ਹਜ਼ਾਰ ਵਾਧੂ ਬੱਸਾਂ ਮੰਗਵਾਉਣੀਆ ਪਈਆਂ ਸਨ।
ਅੱਜ ਰਾਜਧਾਨੀ ਦਿੱਲੀ ਵਿੱਚ ਭਾਜਪਾ ਹੈੱਡਕੁਆਰਟਰ ਵਿੱਚ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਸ਼ੇਖਾਵਤ ਨੇ ਕਿਹਾ, ‘ਪੰਜਾਬ ਦੀ ਹਰ ਵਿਧਾਨ ਸਭਾ ਸੀਟ ਤੋਂ ਹਜ਼ਾਰਾਂ ਲੋਕ ਆਪਣੇ ਘਰਾਂ ਤੋਂ ਬਾਹਰ ਆਏ। ਮੈਂ ਆਪਣੇ ਲੰਬੇ ਸਿਆਸੀ ਜੀਵਨ ਵਿੱਚ ਕਦੇ ਨਹੀਂ ਦੇਖਿਆ ਕਿ ਜਦੋਂ ਮੌਸਮ ਇੰਨਾ ਖ਼ਰਾਬ ਹੋਵੇ, ਮੀਂਹ ਪੈ ਰਿਹਾ ਹੋਵੇ ਤੇ ਧੁੰਦ ਹੋਵੇ, ਫਿਰ ਵੀ ਲੋਕ ਆਪਣੇ ਆਪ ਹੀ ਬੱਸਾਂ ਵਿੱਚ ਬੈਠਣ ਤੇ ਹਜ਼ਾਰਾਂ ਬੱਸਾਂ ਰਵਾਨਾ ਹੋਈਆਂ। ਪੰਜਾਬ ਦੀਆਂ ਬੱਸਾਂ ਤੋਂ ਇਲਾਵਾ ਹਰਿਆਣਾ, ਹਿਮਾਚਲ ਪ੍ਰਦੇਸ਼, ਰਾਜਸਥਾਨ ਤੇ ਜੰਮੂ ਤੋਂ ਹਜ਼ਾਰ ਖਾਲੀ ਬੱਸਾਂ ਮੰਗਵਾਉਂਣੀਆਂ ਪਈਆਂ ਸਨ।
ਦੱਸ ਦਈਏ ਕਿ ਬੀਜੇਪੀ ਦੀ ਫਿਰੋਜ਼ਪੁਰ ਰੈਲੀ ਵਿੱਚ 70 ਹਜ਼ਾਰ ਲੋਕਾਂ ਦੇ ਬੈਠਣ ਦਾ ਪ੍ਰਬੰਧ ਕੀਤਾ ਗਿਆ ਸੀ। ਇਸ ਰੈਲੀ ਦੀਆਂ ਕਈ ਵੀਡੀਓ ਵਾਇਰਲ ਹੋਈਆਂ ਸੀ ਜਿਨ੍ਹਾਂ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਸੰਬੋਧਨ ਦੌਰਾਨ ਕੁਝ ਕੁ ਲੋਕ ਹੀ ਦਿਖਾਈ ਦੇ ਰਹੇ ਹਨ। ਬਾਕੀ ਸਾਰੀਆਂ ਕੁਰਸੀਆਂ ਖਾਲੀ ਦਿਖਾਈ ਦੇ ਰਹੀਆਂ ਹਨ। ਇਹ ਵੀ ਹੈਰਾਨੀ ਦੀ ਗੱਲ ਹੈ ਕਿ ਪੰਜਾਬ ਦੇ ਬੀਜੇਪੀ ਲੀਡਰ ਖੁਦ ਮੰਨ ਚੁੱਕੇ ਹਨ ਕਿ ਰੈਲੀ ਵਿੱਚ ਮੌਸਮ ਖਰਾਬ ਹੋਣ, ਕਿਸਾਨਾਂ ਤੇ ਸਰਕਾਰੀ ਅੜਿੱਕੇ ਕਰਕੇ ਲੋਕ ਨਹੀਂ ਪਹੁੰਚ ਸਕੇ। ਹੁਣ ਕੇਂਦਰੀ ਮੰਤਰੀ ਨੇ ਹੈਰਾਨ ਕਰ ਦੇਣ ਵਾਲਾ ਦਾਅਵਾ ਕੀਤਾ ਹੈ।
ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: