Punjab Weather Today: ਪੰਜਾਬ 'ਚ ਪ੍ਰਦੂਸ਼ਣ ਦਾ ਖ਼ਤਰਾ! ਦੀਵਾਲੀ ਨੇੜੇ ਹਵਾ 'ਚ ਘੁਲਿਆ ਜ਼ਹਿਰ, ਜਾਣੋ ਤੁਹਾਡੇ ਸ਼ਹਿਰ ਦਾ ਹਾਲ!
ਦੀਵਾਲੀ ਨੇੜੇ ਆਉਂਦੇ ਹੀ ਸੂਬੇ ਦੇ ਵਿੱਚ ਪ੍ਰਦੂਸ਼ਣ ਵੱਧਣ ਲੱਗਾ ਪਿਆ ਹੈ। ਅੱਜ ਸਵੇਰੇ ਚਿੰਤਾ ਜਨਕ ਅੰਕੜੇ ਸਾਹਮਣੇ ਆਏ ਹਨ। ਜੇਕਰ ਗੱਲ ਕਰੀਏ ਮੌਸਮ ਦੀ ਤਾਂ ਉਹ ਸੁੱਕਾ ਰਹੇਗਾ।

ਪੰਜਾਬ ਵਿੱਚ ਮੌਸਮ ਸੁੱਕਾ ਬਣਿਆ ਹੋਇਆ ਹੈ। ਮੌਸਮ ਵਿਭਾਗ ਦੇ ਕੇਂਦਰ ਦਾ ਕਹਿਣਾ ਹੈ ਕਿ ਅਗਲੇ 5 ਦਿਨਾਂ ਤੱਕ ਮੌਸਮ ਵਿੱਚ ਕੋਈ ਖ਼ਾਸ ਤਬਦੀਲੀ ਨਹੀਂ ਆਵੇਗੀ। ਇਸੇ ਦੌਰਾਨ ਤਾਪਮਾਨ ਵੀ ਆਮ ਹੀ ਰਹੇਗਾ। ਬਠਿੰਡਾ ਵਿੱਚ ਸਭ ਤੋਂ ਵੱਧ 35.2 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਹੈ।
ਰਾਜ ਦੇ ਨਿਊਨਤਮ ਤਾਪਮਾਨ ਦੀ ਗੱਲ ਕਰੀਏ ਤਾਂ ਇਹ ਅਜੇ ਵੀ ਆਮ ਤਾਪਮਾਨ ਨਾਲੋਂ 1.6 ਡਿਗਰੀ ਜ਼ਿਆਦਾ ਗਰਮ ਹੈ। ਸਭ ਤੋਂ ਘੱਟ ਤਾਪਮਾਨ ਵੀ ਬਠਿੰਡਾ ਵਿੱਚ ਹੀ 15.6 ਡਿਗਰੀ ਦਰਜ ਕੀਤਾ ਗਿਆ ਹੈ। ਮੌਸਮ ਵਿੱਚ ਆ ਰਹੀਆਂ ਤਬਦੀਲੀਆਂ ਦੇ ਦਰਮਿਆਨ ਪੰਜਾਬ ਦਾ ਤਾਪਮਾਨ ਤਾਂ ਆਮ ਹੀ ਹੈ, ਪਰ ਪ੍ਰਦੂਸ਼ਣ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ। ਦੀਵਾਲੀ ਦੇ ਦਿਨ ਇਹ ਹੋਰ ਵਧਣ ਦੀ ਸੰਭਾਵਨਾ ਹੈ।
ਪਰਾਲੀ ਸਾੜਨ ਦੇ ਮਾਮਲਿਆਂ ਵਿੱਚ ਆਈ ਕਮੀ
ਪੰਜਾਬ ਵਿੱਚ ਇਸ ਸੀਜ਼ਨ ਦੌਰਾਨ ਪਰਾਲੀ ਸਾੜਨ ਦੇ ਮਾਮਲਿਆਂ ਵਿੱਚ ਵੱਡੀ ਕਮੀ ਦਰਜ ਕੀਤੀ ਗਈ ਹੈ। ਸ਼ਨੀਵਾਰ ਨੂੰ ਰਾਜ ਵਿੱਚ ਪਰਾਲੀ ਸਾੜਨ ਦੀਆਂ 33 ਘਟਨਾਵਾਂ ਸਾਹਮਣੇ ਆਈਆਂ, ਜੋ ਮੌਜੂਦਾ ਖਰੀਫ਼ ਸੀਜ਼ਨ ਵਿੱਚ ਇਕ ਦਿਨ ਦੀ ਸਭ ਤੋਂ ਵੱਧ ਗਿਣਤੀ ਹੈ। ਹੁਣ ਤੱਕ ਕੁੱਲ 241 ਮਾਮਲੇ ਦਰਜ ਹੋ ਚੁੱਕੇ ਹਨ, ਜਦਕਿ ਪਿਛਲੇ ਸਾਲ ਇਸੇ ਤਾਰੀਖ ਤੱਕ 1,348 ਅਤੇ 2023 ਵਿੱਚ 1,407 ਮਾਮਲੇ ਸਾਹਮਣੇ ਆਏ ਸਨ। ਇਸ ਤਰ੍ਹਾਂ ਅੰਕੜਿਆਂ ਵਿੱਚ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ।
ਤਰਨਤਾਰਨ ਵਿੱਚ ਇੱਕ ਦਿਨ ਵਿੱਚ 23 ਮਾਮਲੇ ਸਾਹਮਣੇ
ਤਰਨਤਾਰਨ ਸਭ ਤੋਂ ਵੱਧ ਪ੍ਰਭਾਵਿਤ ਰਿਹਾ, ਜਿੱਥੇ 24 ਘੰਟਿਆਂ ਵਿੱਚ 23 ਮਾਮਲੇ ਦਰਜ ਕੀਤੇ ਗਏ। ਇਸ ਸੀਜ਼ਨ ਵਿੱਚ ਹੁਣ ਤੱਕ ਤਰਨਤਾਰਨ ਵਿੱਚ 88, ਅੰਮ੍ਰਿਤਸਰ ਵਿੱਚ 80, ਫਿਰੋਜ਼ਪੁਰ ਵਿੱਚ 16, ਪਟਿਆਲਾ ਵਿੱਚ 11, ਸੰਗਰੂਰ ਵਿੱਚ 7, ਕਪੂਰਥਲਾ ਵਿੱਚ 6, ਬਰਨਾਲਾ ਵਿੱਚ 5, ਮਲੇਰਕੋਟਲਾ, ਗੁਰਦਾਸਪੁਰ ਅਤੇ ਜਲੰਧਰ ਵਿੱਚ 4-4, ਐਸ.ਏ.ਐਸ. ਨਗਰ ਵਿੱਚ 3, ਬਠਿੰਡਾ, ਫ਼ਰੀਦਕੋਟ, ਫ਼ਾਜ਼ਿਲਕਾ, ਹੁਸ਼ਿਆਰਪੁਰ ਅਤੇ ਲੁਧਿਆਣਾ ਵਿੱਚ 2-2, ਜਦਕਿ ਫਤਿਹਗੜ੍ਹ ਸਾਹਿਬ, ਮਨਸਾ ਅਤੇ ਐਸ.ਬੀ.ਐਸ. ਨਗਰ ਵਿੱਚ 1-1 ਮਾਮਲਾ ਸਾਹਮਣੇ ਆਇਆ ਹੈ। ਰਾਜ ਦੇ 23 ਵਿੱਚੋਂ 19 ਜ਼ਿਲ੍ਹਿਆਂ ਵਿੱਚ ਘੱਟੋ-ਘੱਟ ਇੱਕ ਪਰਾਲੀ ਸਾੜਨ ਦੀ ਘਟਨਾ ਦਰਜ ਕੀਤੀ ਗਈ ਹੈ।
ਦੀਵਾਲੀ ਨੇੜੇ ਆਉਂਦੇ ਹੀ ਪ੍ਰਦੂਸ਼ਣ ਵੱਧਣ ਲੱਗਾ
ਦੀਵਾਲੀ ਨੇੜੇ ਆਉਂਦੇ ਹੀ ਪੰਜਾਬ ਵਿਚ ਪ੍ਰਦੂਸ਼ਣ ਵਧਦਾ ਦਿਖਾਈ ਦੇ ਰਿਹਾ ਹੈ। ਪੰਜਾਬ ਦਾ ਔਸਤ ਏਕਿਊਆਈ (AQI) 141 ਤੱਕ ਪਹੁੰਚ ਗਿਆ ਹੈ, ਜਿਸਦਾ ਅਰਥ ਹੈ ਕਿ ਪੰਜਾਬ ਦੇ ਸ਼ਹਿਰ ਹੁਣ "ਯੈਲੋ ਅਲਰਟ" 'ਤੇ ਹਨ।
ਸਵੇਰੇ 8 ਵਜੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਹਵਾ ਦੀ ਗੁਣਵੱਤਾ ਦੇ ਅੰਕ ਚਿੰਤਾਜਨਕ ਪੱਧਰ 'ਤੇ ਪਹੁੰਚ ਗਏ ਹਨ। ਅੰਮ੍ਰਿਤਸਰ ਵਿੱਚ ਹਵਾ ਸਭ ਤੋਂ ਸਾਫ਼ ਰਹੀ ਜਿੱਥੇ ਔਸਤ AQI 54 ਅਤੇ ਵੱਧ ਤੋਂ ਵੱਧ 92 ਦਰਜ ਕੀਤਾ ਗਿਆ। ਇਸਦੇ ਉਲਟ, ਬਠਿੰਡਾ ਵਿੱਚ ਪ੍ਰਦੂਸ਼ਣ ਦਾ ਪੱਧਰ ਸਭ ਤੋਂ ਜ਼ਿਆਦਾ ਰਿਹਾ ਜਿੱਥੇ ਔਸਤ AQI 224 ਅਤੇ ਵੱਧ ਤੋਂ ਵੱਧ 325 ਰਿਹਾ। ਜਲੰਧਰ ਵਿੱਚ ਵੀ ਹਾਲਾਤ ਗੰਭੀਰ ਹਨ, ਜਿੱਥੇ ਔਸਤ 132 ਤੇ ਵੱਧ ਤੋਂ ਵੱਧ 322 ਦਰਜ ਕੀਤਾ ਗਿਆ। ਖੰਨਾ ਵਿੱਚ AQI 89 ਤੋਂ 120 ਦੇ ਵਿਚਕਾਰ ਰਿਹਾ, ਜਦਕਿ ਲੁਧਿਆਣਾ ਵਿੱਚ 122 ਤੋਂ 137 ਤੱਕ। ਮੰਡੀ ਗੋਬਿੰਦਗੜ੍ਹ ਵਿੱਚ ਪ੍ਰਦੂਸ਼ਣ ਦਾ ਪੱਧਰ ਵੀ ਉੱਚਾ ਰਿਹਾ, ਔਸਤ 197 ਅਤੇ ਵੱਧ ਤੋਂ ਵੱਧ 287 ਨਾਲ। ਪਟਿਆਲਾ ਵਿੱਚ AQI 110 ਤੋਂ 137 ਦਰਜ ਕੀਤਾ ਗਿਆ। ਸਭ ਤੋਂ ਖਰਾਬ ਹਾਲਾਤ ਰੂਪਨਗਰ ਦੇ ਰਹੇ ਜਿੱਥੇ ਹਵਾ ਦਾ ਵੱਧ ਤੋਂ ਵੱਧ AQI 500 ਤੱਕ ਪਹੁੰਚ ਗਿਆ, ਜੋ ਗੰਭੀਰ ਪ੍ਰਦੂਸ਼ਣ ਦੀ ਨਿਸ਼ਾਨੀ ਹੈ।




















