Protest: ਹੁਣ ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਜੱਦੀ ਪਿੰਡ ਦਾ ਘਿਰਾਓ ਕਰਨ ਦਾ ਐਲਾਨ, ਮੰਤਰੀ ਦੀਆਂ ਵੱਧ ਸਕਦੀਆਂ ਮੁਸ਼ਕਲਾਂ !
Protest against Harjot Bains : ਇਲਜ਼ਾਮ ਹੈ ਕਿ ਸਰਕਾਰ ਨੇ 1 ਸਾਲ 8 ਮਹੀਨੇ ਤੋਂ ਉਹਨਾਂ ਨੂੰ ਨਿਯੁਕਤੀ ਪੱਤਰ ਦਿੱਤੇ ਹੋਏ ਹਨ। ਪਰ ਹਾਲੇ ਤੱਕ ਇਹ ਨਹੀਂ ਦੱਸਿਆ ਕਿ ਅਸੀਂ ਕਿਹੜੇ ਥਾਂ ਪੜ੍ਹਾਉਣ ਜਾਣਾ ਹੈ ਯਾਨੀ ਕਿ ਇਹਨਾਂ 483 ਸਹਾਇਕ...
ਪੰਜਾਬ ਦੇ ਸਰਕਾਰੀ ਕਾਲਜਾਂ ਦੇ ਸਹਾਇਕ ਪ੍ਰੋਫੈਸਰਾਂ ਤੇ ਲਾਇਬ੍ਰੇਰੀਅਨਾਂ ਵੱਲੋਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਖਿਲਾਫ਼ ਮੋਰਚਾ ਖੋਲ੍ਹਣ ਦੀ ਤਿਆਰੀ ਕੀਤੀ ਜਾ ਰਹੀ ਹੈ। 483 ਸਹਾਇਕ ਪ੍ਰੋਫੈਸਰਾਂ ਤੇ ਲਾਇਬ੍ਰੇਰੀਅਨਾਂ 31 ਅਗਸਤ ਨੂੰ ਸਿੱਖਿਆ ਮੰਤਰੀ ਦੇ ਜੱਦੀ ਪਿੰਡ ਗੰਭੀਰਪੁਰ ਪੱਕਾ ਧਰਨਾ ਲਗਾਉਣ ਜਾ ਰਹੇ ਹਨ। ਪਰ ਇਹਨਾਂ ਮੁਲਾਜ਼ਮਾਂ ਨੇ ਸਰਕਾਰ ਨੂੰ ਦੋ ਦਿਨ ਦਾ ਸਮਾਂ ਵੀ ਦਿੱਤਾ ਹੈ ਜੇਕਰ ਇਹਨਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਹੁਣ ਰੂਪਨਗਰ ਦਾ ਪਿੰਡ ਗੰਭੀਰਪੁਰ ਧਰਨਿਆਂ ਦਾ ਕੇਂਦਰ ਬਣ ਸਕਦਾ ਹੈ।
483 ਸਹਾਇਕ ਪ੍ਰੋਫੈਸਰਾਂ ਤੇ ਲਾਇਬ੍ਰੇਰੀਅਨਾਂ ਦਾ ਇਲਜ਼ਾਮ ਹੈ ਕਿ ਸਰਕਾਰ ਨੇ 1 ਸਾਲ 8 ਮਹੀਨੇ ਤੋਂ ਉਹਨਾਂ ਨੂੰ ਨਿਯੁਕਤੀ ਪੱਤਰ ਦਿੱਤੇ ਹੋਏ ਹਨ। ਪਰ ਹਾਲੇ ਤੱਕ ਇਹ ਨਹੀਂ ਦੱਸਿਆ ਕਿ ਅਸੀਂ ਕਿਹੜੇ ਥਾਂ ਪੜ੍ਹਾਉਣ ਜਾਣਾ ਹੈ ਯਾਨੀ ਕਿ ਇਹਨਾਂ 483 ਸਹਾਇਕ ਪ੍ਰੋਫੈਸਰਾਂ ਤੇ ਲਾਇਬ੍ਰੇਰੀਅਨਾਂ ਨੂੰ ਨਿਯੁਕਤੀ ਪੱਤਰ ਤਾਂ ਦੇ ਦਿੱਤੇ ਪਰ ਸੇਵਾਵਾਂ ਦੇਣ ਲਈ ਸਟੇਸ਼ਨ ਨਹੀਂ ਵੰਡੇ ਗਏ। ਜਿਸ ਨਾਲ ਇਹ ਮੁਲਾਜ਼ਮ ਕਾਫ਼ੀ ਖੱਜਲ-ਖੁਆਰ ਹੋ ਰਹੇ ਹਨ।
1158 ਸਰਕਾਰੀ ਕਾਲਜ ਸਹਾਇਕ ਪ੍ਰੋਫੈਸਰ ਤੇ ਲਾਇਬ੍ਰੇਰੀਅਨ ਫਰੰਟ ਦੀ ਕਨਵੀਨਰ ਜਸਵਿੰਦਰ ਕੌਰ ਤੇ ਮੈਂਬਰ ਪ੍ਰਭਜੋਤ ਕੌਰ ਨੇ ਦੱਸਿਆ ਕਿ ਉਹ ਲੰਮੇ ਸਮੇਂ ਤੋਂ ਮੰਗਾਂ ਲਈ ਮੰਤਰੀਆਂ ਦੇ ਚੱਕਰ ਕੱਢ ਰਹੇ ਹਨ ਪਰ ਉਨ੍ਹਾਂ ਦੀਆਂ ਮੰਗਾਂ 'ਤੇ ਨਾ ਤਾਂ ਮੁੱਖ ਮੰਤਰੀ ਤੇ ਨਾ ਹੀ ਸਿੱਖਿਆ ਮੰਤਰੀ ਵੱਲੋਂ ਕੋਈ ਗੌਰ ਕੀਤਾ ਜਾ ਰਿਹਾ ਹੈ। ਉਹ ਪਹਿਲੀਆਂ ਨੌਕਰੀਆ ਤੋਂ ਅਸਤੀਫ਼ੇ ਦੇ ਕੇ ਇਸ ਨੌਕਰੀ ’ਤੇ ਨਿਯੁਕਤ ਹੋਏ ਸਨ।
ਉਨ੍ਹਾਂ ਨੂੰ ਨਿਯੁਕਤੀ ਪੱਤਰ ਮਿਲਣ ਦੇ ਬਾਵਜੂਦ ਸਟੇਸ਼ਨ ਅਲਾਟ ਨਹੀਂ ਕੀਤੇ ਗਏ ਜਿਸ ਲਈ ਉਹ ਸਹਾਇਕ ਪ੍ਰੋਫੈਸਰ ਹੁੰਦੇ ਹੋਏ ਵੀ ਬੇਰੁਜ਼ਗਾਰ ਫਿਰ ਰਹੇ ਹਨ ਅਤੇ ਰੋਜ਼ੀ-ਰੋਟੀ ਲਈ ਵੀ ਆਤੁਰ ਹੋਏ ਪਏ ਹਨ। ਉਨ੍ਹਾਂ ਦੱਸਿਆ ਕਿ 13 ਅਗਸਤ ਨੂੰ ਕਾਲਾ ਆਜ਼ਾਦੀ ਦਿਵਸ ਮਨਾਉਣ ਲਈ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਜੱਦੀ ਪਿੰਡ ਗੰਭੀਰਪੁਰ 'ਚ ਧਰਨਾ ਲਾਇਆ ਸੀ।
ਧਰਨੇ ਮੌਕੇ ਸਥਾਨਕ ਅਧਿਕਾਰੀਆ ਨੇ ਮੰਤਰੀ ਨਾਲ ਗੱਲ ਕਰਵਾ ਕੇ 17 ਅਗਸਤ ਨੂੰ ਮੀਟਿੰਗ ਕਰਵਾਉਣ ਲਈ ਪੱਤਰ ਦਿੱਤਾ ਸੀ।ਇਸੇ ਦੌਰਾਨ ਮੰਤਰੀ ਦੇ ਹਲਕੇ 'ਚ ਹੜ੍ਹ ਆਉਣ ਕਰ ਕੇ ਇਹ ਮੀਟਿੰਗ 30 ਅਗਸਤ ਨੂੰ ਰੱਖ ਦਿੱਤੀ ਗਈ ਸੀ। ਕਨਵੀਨਰ ਜਸਵਿੰਦਰ ਕੌਰ, ਪ੍ਰਿਤਪਾਲ ਤੇ ਯੋਧਾ ਸਿੰਘ ਦਾ ਕਹਿਣਾ ਹੈ ਕਿ ਸਰਕਾਰ ਉਨ੍ਹਾਂ ਦੇ ਮਸਲੇ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੀ ਅਤੇ ਵਾਰ- ਵਾਰ ਮੀਟਿੰਗਾਂ ਮੁਲਤਵੀ ਕਰ ਕੇ ਅੱਗੇ ਪਾ ਦਿੱਤੀਆ ਜਾਂਦੀਆਂ ਹਨ।
ਇਸ ਲਈ ਹੁਣ ਅਸੀਂ ਸਰਕਾਰ ਦੀਆਂ ਇਨ੍ਹਾਂ ਮੀਟਿੰਗਾਂ ਦਾ ਬਾਈਕਾਟ ਕਰਦੇ ਹਾਂ ਅਤੇ 31 ਅਗਸਤ ਨੂੰ ਸਿੱਖਿਆ ਮੰਤਰੀ ਦੇ ਪਿੰਡ ਗੰਭੀਰਪੁਰ 'ਚ ਪੱਕਾ ਮੋਰਚਾ ਲਾਉਣ ਜਾ ਰਹੇ ਹਨ। ਇਸ ਮੋਰਚੇ 'ਚ ਹੋਰ ਵੀ ਭਰਾਤਰੀ ਜਥੇਬੰਦੀਆ ਸਹਿਯੋਗ ਕਰ ਰਹੀਆ ਹਨ। ਇਹ ਧਰਨਾ ਉਦੋਂ ਤਕ ਨਹੀਂ ਚੁੱਕਿਆ ਜਾਵੇਗਾ ਜਦੋਂ ਤਕ ਸਰਕਾਰ ਉਨ੍ਹਾਂ ਦੀ ਪੋਸਟਿੰਗ ਦੇ ਆਰਡਰ ਨਹੀਂ ਦੇ ਦਿੰਦੀ।
Education Loan Information:
Calculate Education Loan EMI