Punjab Budget 2022 Live: ਆਮ ਆਦਮੀ ਪਾਰਟੀ ਦਾ ਪਹਿਲਾ ਬਜਟ ਪੇਸ਼, ਖੇਤੀ, ਸਿਹਤ ਤੇ ਸਿੱਖਿਆ ਖੇਤਰ ਲਈ ਵੱਡੇ ਐਲਾਨ
Punjab Budget 2022 Live: ਆਮ ਆਦਮੀ ਪਾਰਟੀ ਦਾ ਪਹਿਲਾ ਬਜਟ ਪੇਸ਼, ਖੇਤੀ, ਸਿਹਤ ਤੇ ਸਿੱਖਿਆ ਖੇਤਰ ਲਈ ਵੱਡੇ ਐਲਾਨ
LIVE
Background
Punjab Budget 2022 Live:ਪੰਜਾਬ ਦੀ ਆਮ ਆਦਮੀ ਪਾਰਟੀ (ਆਪ) ਸਰਕਾਰ ਪਹਿਲਾ ਬਜਟ ਪੇਸ਼ ਕਰੇਗੀ। ਵਿਧਾਨ ਸਭਾ ਸੈਸ਼ਨ ਦੌਰਾਨ 10 ਵਜੇ ਤੋਂ ਬਾਅਦ ਵਿੱਤ ਮੰਤਰੀ ਹਰਪਾਲ ਚੀਮਾ ਸਰਕਾਰ ਦਾ ਪਿਟਾਰਾ ਖੋਲ੍ਹਣਗੇ। ਇਸ ਬਜਟ ਵਿੱਚ ਕੋਈ ਨਵਾਂ ਟੈਕਸ ਨਹੀਂ ਲਾਇਆ ਜਾਵੇਗਾ। ਇਸ ਸਬੰਧੀ ਵਿੱਤ ਮੰਤਰੀ ਪਹਿਲਾਂ ਹੀ ਸਥਿਤੀ ਸਪੱਸ਼ਟ ਕਰ ਚੁੱਕੇ ਹਨ।
ਇਸ ਦੇ ਨਾਲ ਹੀ ਹਰ ਘਰ ਨੂੰ 300 ਯੂਨਿਟ ਮੁਫਤ ਬਿਜਲੀ ਤੇ 18 ਸਾਲ ਤੋਂ ਵੱਧ ਉਮਰ ਦੀ ਹਰ ਔਰਤ ਨੂੰ ਇੱਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣ ਦਾ ਬਜਟ ਵੀ ਧਿਆਨ 'ਚ ਰਹੇਗਾ। ਸਰਕਾਰ ਬਜਟ 'ਚ ਇਸ ਲਈ ਕੋਈ ਪੇਸ਼ਕਸ਼ ਰੱਖਦੀ ਹੈ ਜਾਂ ਨਹੀਂ, ਵਿਰੋਧੀ ਵੀ ਇਸ 'ਤੇ ਨਜ਼ਰ ਰੱਖ ਰਹੇ ਹਨ।
CM Bhagwant Mann ਦੀ ਸਰਕਾਰ ਦਾ ਬਜਟ ਪੇਪਰ ਰਹਿਤ ਹੋਵੇਗਾ। ਇਸ ਦਾ ਐਲਾਨ ਖੁਦ ਮੁੱਖ ਮੰਤਰੀ ਨੇ ਕੀਤਾ ਹੈ। ਸਰਕਾਰ ਦਾ ਕਹਿਣਾ ਹੈ ਕਿ ਇਸ ਨਾਲ ਪੰਜਾਬ ਦੇ ਸਰਕਾਰੀ ਖਜ਼ਾਨੇ ਨੂੰ 21 ਲੱਖ ਰੁਪਏ ਦੀ ਬਚਤ ਹੋਵੇਗੀ। ਇਸ ਦੇ ਨਾਲ ਹੀ 34 ਟਨ ਕਾਗਜ਼ ਦੀ ਵੀ ਬਚਤ ਹੋਵੇਗੀ।
ਇਸ ਨਾਲ 834 ਦੇ ਕਰੀਬ ਰੁੱਖਾਂ ਦੀ ਬੱਚਤ ਹੋਵੇਗੀ।ਪੰਜਾਬ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਬਣੀ ਨੂੰ ਤਿੰਨ ਮਹੀਨੇ ਹੋ ਗਏ ਹਨ। ਸਰਕਾਰ ਦਾ ਕੰਮਕਾਜ ਚਲਾਉਣ ਲਈ ਸਰਕਾਰ ਨੇ ਅੰਤਰਿਮ ਬਜਟ ਪਾਸ ਕੀਤਾ ਸੀ। 3 ਮਹੀਨਿਆਂ ਦਾ ਇਹ ਅੰਤਰਿਮ ਬਜਟ 37,120 ਕਰੋੜ ਰੁਪਏ ਸੀ।
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਪੇਸ਼ ਕੀਤੇ ਜਾਣ ਵਾਲੇ ਇਸ ਬਜਟ ਵਿੱਚ ਸਿਹਤ ਤੇ ਸਿੱਖਿਆ ਖੇਤਰ ਨੂੰ ਤਰਜੀਹ ਮਿਲੇਗੀ ਤੇ ਉਮੀਦ ਹੈ ਕਿ ਸਰਕਾਰ ਪੰਜਾਬ ਵਾਸੀਆਂ ’ਤੇ ਨਵੇਂ ਟੈਕਸਾਂ ਦਾ ਬੋਝ ਨਹੀਂ ਪਾਏਗੀ। ਬਜਟ ਸੈਸ਼ਨ ਦਾ ਇਲੈਕਟ੍ਰਾਨਿਕ ਮੀਡੀਆ ’ਤੇ ਸਿੱਧਾ ਪ੍ਰਸਾਰਨ ਕੀਤਾ ਜਾਵੇਗਾ।
ਆਮ ਆਦਮੀ ਪਾਰਟੀ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਵਾਸੀਆਂ ਨੂੰ ਕਈ ਗਾਰੰਟੀਆਂ ਦਿੱਤੀਆਂ ਸਨ ਜਿਸ ਕਰਕੇ ਲੋਕਾਂ ਨੂੰ ‘ਆਪ’ ਸਰਕਾਰ ਤੋਂ ਵੱਡੀਆਂ ਆਸਾਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਸਰਕਾਰ ਸਿੱਖਿਆ ਬਜਟ ਵਿੱਚ 30 ਤੋਂ 40 ਫ਼ੀਸਦ ਤਕ ਵਾਧਾ ਕਰ ਸਕਦੀ ਹੈ ਤੇ ਸਿਹਤ ਬਜਟ ਨੂੰ ਵੀ ਵਧਾਇਆ ਜਾਵੇਗਾ ਤਾਂ ਕਿ ਸੂਬੇ ਵਿੱਚ ਮੁਹੱਲਾ ਕਲੀਨਿਕ ਖੋਲ੍ਹੇ ਜਾ ਸਕਣ ਤੇ ਡਿਸਪੈਂਸਰੀਆਂ ਤੇ ਹੋਰਨਾਂ ਸਿਹਤ ਸਹੂਲਤਾਂ ’ਚ ਸੁਧਾਰ ਕੀਤਾ ਜਾ ਸਕੇ। ਇਸ ਤੋਂ ਇਲਾਵਾ ਸਰਕਾਰ ਵੱਲੋਂ ਸੂਬੇ ਵਿੱਚ ਪਹਿਲੀ ਜੁਲਾਈ ਤੋਂ ਸ਼ੁਰੂ ਕੀਤੀ ਜਾਣ ਵਾਲੀ 300 ਯੂਨਿਟ ਮੁਫ਼ਤ ਬਿਜਲੀ ਯੋਜਨਾ ਲਈ ਵੀ ਬਜਟ ਵਿੱਚ ਵਿਸ਼ੇਸ਼ ਵਿਵਸਥਾ ਕੀਤੀ ਜਾ ਸਕਦੀ ਹੈ।
ਪੰਜਾਬ ’ਤੇ ਕਰਜ਼ੇ ਦਾ ਬੋਝ ਲਗਾਤਾਰ ਵਧਦਾ ਜਾ ਰਿਹਾ ਹੈ। ਅਜਿਹੇ ਹਾਲਾਤ ਵਿੱਚ ਦੇਖਣਾ ਹੋਵੇਗਾ ਕਿ ਪੰਜਾਬ ਸਰਕਾਰ ਇਸ ਕਰਜ਼ੇ ਨੂੰ ਘਟਾਉਣ ਲਈ ਕਿਸ ਤਰ੍ਹਾਂ ਦੀ ਵਿਉਂਤਬੰਦੀ ਕਰਦੀ ਹੈ। ਸੂਤਰਾਂ ਅਨੁਸਾਰ ਪੰਜਾਬ ਸਰਕਾਰ ਨੇ ਨਵੀਂ ਆਬਕਾਰੀ ਨੀਤੀ ਰਾਹੀਂ ਸੂਬੇ ਦੀ ਆਮਦਨ ਵਧਾਉਣ ਲਈ ਯੋਜਨਾ ਉਲੀਕੀ ਹੈ। ਇਸ ਤੋਂ ਇਲਾਵਾ ਸੂਬੇ ਵਿੱਚ ਨਿਵੇਸ਼ ਅਤੇ ਉਦਯੋਗ ਨੂੰ ਹੁਲਾਰਾ ਦੇਣ ਲਈ ਵੀ ਸਰਕਾਰ ਯਤਨਸ਼ੀਲ ਹੈ।
Punjab Budget 2022: ਪੰਜਾਬ ਸਿਰ 2.63 ਲੱਖ ਕਰੋੜ ਦਾ ਕਰਜ਼ਾ
ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਬਜਟ ਵਿੱਚ ਖੇਤੀ, ਸਿੱਖਿਆ ਤੇ ਸਿਹਤ ਜਿਹੇ ਖੇਤਰਾਂ ਵਿੱਚ ਜ਼ੋਰ ਦਿੱਤਾ ਹੈ। ਬਜਟ ਪੇਸ਼ ਕਰਨ ਮੌਕੇ ਦਿੱਲੀ ਦੇ ਉਪ ਮੁੱਖ ਮਨੀਸ਼ ਸਿਸੋਦੀਆ ਤੇ ਪੰਜਾਬ ਤੋਂ ਰਾਜ ਸਭਾ ਮੈਂਬਰ ਵਿਕਰਮ ਸਾਹਨੀ ਵੀ ਪੰਜਾਬ ਵਿਧਾਨ ਸਭਾ ਦੀ ਗੈਲਰੀ ਵਿੱਚ ਮੌਜੂਦ ਰਹੇ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ 1,55,860 ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ। ਪੰਜਾਬ ਦੇ ਬਜਟ ਵਿੱਚ ਪਿਛਲੇ ਸਾਲ ਨਾਲੋਂ 14.20 ਫੀਸਦ ਦਾ ਵਾਧਾ ਹੈ। ਇਸ ਵੇਲੇ ਪੰਜਾਬ ਸਿਰ 2.63 ਲੱਖ ਕਰੋੜ ਰੁਪਏ ਦਾ ਕਰਜ਼ਾ ਹੈ। ਪਿਛਲੇ ਪੰਜ ਸਾਲਾਂ ’ਚ ਪੰਜਾਬ ਦਾ ਕਰਜ਼ਾ 44.23 ਫੀਸਦ ਵਧਿਆ ਹੈ।
Punjab Budget 2022: ਸੀਐਮ ਭਗਵੰਤ ਮਾਨ ਵੱਲੋਂ ਮੰਤਰੀ ਹਰਪਾਲ ਚੀਮਾ ਨੂੰ ਵਧਾਈ
ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪਲੇਠਾ ਬਜਟ ਪਾਸ ਕਰਨ ਮਗਰੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਵਿੱਤ ਮੰਤਰੀ ਹਰਪਾਲ ਚੀਮਾ ਨੂੰ ਵਧਾਈ ਦਿੱਤੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦਿਆਂ ਕਿਹਾ ਹੈ ਕਿ ਆਮ ਲੋਕਾਂ ਦੀ ਰਾਏ ਨਾਲ ਬਣਿਆ ਇਤਿਹਾਸਕ ਬਜਟ ਪੇਸ਼ ਕਰਨ ਲਈ ਵਿੱਤ ਮੰਤਰੀ ਹਰਪਾਲ ਚੀਮਾ ਜੀ ਨੂੰ ਵਧਾਈ। ਉਨ੍ਹਾਂ ਕਿਹਾ ਹੈ ਕਿ ਪੰਜਾਬ ਦੇ ਸਿੱਖਿਆ-ਸਿਹਤ, ਖੇਤੀ ਤੇ ਵਪਾਰ ਖੇਤਰ ‘ਚ ਕ੍ਰਾਂਤੀ ਦੇ ਟੀਚੇ ਨਾਲ ਬਣਿਆ ਇਹ ਲੋਕਾਂ ਦਾ ਬਜਟ ਹੈ। ਤੁਹਾਡੀ ਸਰਕਾਰ ਗਰੰਟੀਆਂ ਵੀ ਪੂਰੀਆਂ ਕਰਨ ਜਾ ਰਹੀ ਹੈ। ਪੰਜਾਬ ਦੇ ਆਰਥਿਕ ਹਾਲਾਤਾਂ ‘ਚ ਵੀ ਵੱਡਾ ਸੁਧਾਰ ਦੇਖਣ ਨੂੰ ਮਿਲੇਗਾ।
Punjab Budget 2022: ਵਿੱਤ ਮੰਤਰੀ ਵੱਲੋਂ ਬਜਟ ਪੰਜਾਬ ਦੇ ਲੋਕਾਂ ਨੂੰ ਸਮਰਪਿਤ
ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪੰਜਾਬ ਅਸੈਂਬਲੀ ਵਿੱਚ ਆਮ ਆਦਮੀ ਪਾਰਟੀ ਸਰਕਾਰ ਦਾ ਪਲੇਠਾ ਬਜਟ ਪੇਸ਼ ਕੀਤਾ। ਬਜਟ ਵਿੱਚ ਖੇਤੀ, ਸਿੱਖਿਆ ਤੇ ਸਿਹਤ ਜਿਹੇ ਖੇਤਰਾਂ ਵਿੱਚ ਜ਼ੋਰ ਦਿੱਤਾ ਗਿਆ ਹੈ। ਬਜਟ ਪੇਸ਼ ਕਰਨ ਮੌਕੇ ਦਿੱਲੀ ਦੇ ਉਪ ਮੁੱਖ ਮਨੀਸ਼ ਸਿਸੋਦੀਆ ਤੇ ਪੰਜਾਬ ਤੋਂ ਰਾਜ ਸਭਾ ਮੈਂਬਰ ਵਿਕਰਮ ਸਾਹਨੀ ਵੀ ਪੰਜਾਬ ਵਿਧਾਨ ਸਭਾ ਦੀ ਗੈਲਰੀ ਵਿੱਚ ਮੌਜੂਦ ਰਹੇ।
Punjab Budget 2022: ਔਰਤਾਂ ਨੂੰ ਅਜੇ ਨਹੀਂ ਮਿਲਣਗੇ 1000 ਰੁਪਏ ਮਹੀਨਾ
ਪੰਜਾਬ ਸਰਕਾਰ ਤੋਂ 1000 ਰੁਪਏ ਮਹੀਨਾ ਉਡੀਕ ਰਹੀਆਂ ਔਰਤਾਂ ਦੇ ਹੱਥ ਨਿਰਾਸ਼ਾ ਲੱਗੀ ਹੈ। ਬਜਟ ਪੇਸ਼ ਕਰਨ ਮਗਰੋਂ ਪ੍ਰੈੱਸ ਕਾਨਫਰੰਸ ਦੌਰਾਨ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸਪਸ਼ਟ ਕੀਤਾ ਕਿ ਔਰਤਾਂ ਨੂੰ 1000 ਰੁਪਏ ਲਈ ਥੋੜ੍ਹਾ ਇੰਤਜ਼ਾਰ ਕਰਨਾ ਪਵੇਗਾ।
Punjab Budget 2022: 'ਆਪ' ਸਰਕਾਰ ਵੱਲੋਂ ਸ਼ਹਿਰੀਆਂ ਲਈ 2336 ਕਰੋੜ ਦਾ ਐਲਾਨ
ਪੰਜਾਬ ਸਰਕਾਰ ਨੇ ਬਜਟ ਵਿੱਚ ਐਲਾਨ ਕੀਤਾ ਹੈ ਕਿ ਪੰਜਾਬ ਵਿੱਚ 17117 ਨਵੇਂ ਘਰ ਬਣਾਏ ਜਾਣਗੇ। ਵਿੱਤ ਮੰਤਰੀ ਨੇ ਐਲਾਨ ਕੀਤਾ ਕਿ 2024 ਤੱਕ ਹੋਮ ਫਾਰ ਆਲ ਪ੍ਰੋਗਰਾਮ ਤਹਿਤ 292 ਕਰੋੜ ਰੱਖੇ ਜਾਣਗੇ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ 25,000 EWS ਘਰ ਬਣਾਏ ਜਾਣਗੇ। ਇਸ ਤੋਂ ਇਲਾਵਾ ਪੰਜਾਬ ਵਿੱਚ ਲੁਧਿਆਣਾ, ਜਲੰਧਰ, ਅੰਮ੍ਰਿਤਸਰ ਤੇ ਸੁਲਤਾਨਪੁਰ ਲੋਧੀ ਨੂੰ ਸਮਾਰਟ ਸਿਟੀ ਬਣਾਉਣ ਲਈ 1131 ਕਰੋੜ ਰੁਪਏ ਖਰਚੇ ਜਾਣਗੇ। ਪੰਜਾਬ ਦੇ ਸ਼ਹਿਰੀ ਵਿਕਾਸ ਲਈ 2336 ਕਰੋੜ ਰੁਪਏ ਰੱਖੇ ਗਏ ਹਨ।