Punjab By Election: ਬਾਈਕਾਟ ਦੇ ਬਾਵਜੂਦ ਚੋਣ ਮੈਦਾਨ 'ਚ 'ਅਕਾਲੀਆਂ' ਦਾ ਦਬਦਬਾ! ਸਾਰੇ ਚੋਣ ਸਮੀਕਰਨ ਬਦਲ ਸਕਦੇ 5 ਜਰਨੈਲ
Punjab By Election: ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ 'ਤੇ 13 ਨਵੰਬਰ ਨੂੰ ਹੋਣ ਵਾਲੀਆਂ ਜ਼ਿਮਨੀ ਚੋਣਾਂ ਵਿੱਚ ਦਿਲਚਸਪ ਸਥਿਤੀ ਬਣ ਗਈ ਹੈ। ਇਨ੍ਹਾਂ ਚੋਣਾਂ ਦਾ ਸ਼੍ਰੋਮਣੀ ਅਕਾਲੀ ਦਲ ਨੇ ਬਾਈਕਾਟ ਕੀਤਾ ਪਰ ਅਕਾਲੀ ਦਲ ਦੇ ਹੀ ਪੰਜ ਸਾਬਕਾ ਲੀਡਰ ਮੈਦਾਨ ਵਿੱਚ ਡਟੇ ਹੋਏ ਹਨ।
Punjab By Election: ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ 'ਤੇ 13 ਨਵੰਬਰ ਨੂੰ ਹੋਣ ਵਾਲੀਆਂ ਜ਼ਿਮਨੀ ਚੋਣਾਂ ਵਿੱਚ ਦਿਲਚਸਪ ਸਥਿਤੀ ਬਣ ਗਈ ਹੈ। ਇਨ੍ਹਾਂ ਚੋਣਾਂ ਦਾ ਸ਼੍ਰੋਮਣੀ ਅਕਾਲੀ ਦਲ ਨੇ ਬਾਈਕਾਟ ਕੀਤਾ ਪਰ ਅਕਾਲੀ ਦਲ ਦੇ ਹੀ ਪੰਜ ਸਾਬਕਾ ਲੀਡਰ ਮੈਦਾਨ ਵਿੱਚ ਡਟੇ ਹੋਏ ਹਨ। ਅਹਿਮ ਗੱਲ ਹੈ ਕਿ ਚਾਰੇ ਸਾਬਕਾ ਅਕਾਲੀ ਲੀਡਰ ਹਲਕਿਆਂ ਅੰਦਰ ਆਪਣਾ ਚੰਗਾ ਵੱਕਾਰ ਰੱਖਦੇ ਹਨ। ਇਸ ਲਈ ਬਾਈਕਾਟ ਦੇ ਬਾਵਜੂਦ ਅਕਾਲੀ ਦਲ ਦੀ ਚੋਣਾਂ ਵਿੱਚ ਗੂੰਜ ਵੇਖਣ ਨੂੰ ਮਿਲੇਗੀ।
ਦਰਅਸਲ ਸ਼੍ਰੋਮਣੀ ਅਕਾਲੀ ਦਲ ਨੇ ਭਾਵੇਂ ਪੰਜਾਬ ਵਿੱਚ ਹੋ ਰਹੀਆਂ ਉਪ ਚੋਣਾਂ ਤੋਂ ਦੂਰੀ ਬਣਾ ਲਈ ਹੈ, ਪਰ ਪਾਰਟੀ ਦੇ ਚਾਰ ਸਾਬਕਾ ਆਗੂ ਤੇ ਇੱਕ ਬਾਗੀ ਆਗੂ ਚੋਣ ਲੜ ਰਹੇ ਹਨ। ਇਨ੍ਹਾਂ ਚਾਰ ਸਾਬਕਾ ਅਕਾਲੀ ਆਗੂਆਂ ਨੇ ਵੱਖ-ਵੱਖ ਪਾਰਟੀਆਂ ਵੱਲੋਂ ਨਾਮਜ਼ਦਗੀਆਂ ਦਾਖ਼ਲ ਕੀਤੀਆਂ ਹਨ, ਜਦੋਂਕਿ ਇੱਕ ਆਗੂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਿਹਾ ਹੈ।
ਦੱਸ ਦਈਏ ਕਿ ਭਾਜਪਾ ਨੇ ਅਕਾਲੀ ਦਲ ਛੱਡ ਕੇ ਆਏ ਨੇਤਾਵਾਂ 'ਤੇ ਸਭ ਤੋਂ ਵੱਧ ਭਰੋਸਾ ਜਤਾਇਆ ਹੈ ਕਿਉਂਕਿ 4 'ਚੋਂ 3 ਸੀਟਾਂ 'ਤੇ ਭਾਜਪਾ ਨੇ ਅਜਿਹੇ ਆਗੂਆਂ ਨੂੰ ਮੈਦਾਨ 'ਚ ਉਤਾਰਿਆ ਹੈ ਜੋ ਕਦੇ ਅਕਾਲੀ ਦਲ 'ਚ ਰਹਿ ਚੁੱਕੇ ਹਨ। ਇਨ੍ਹਾਂ ਆਗੂਆਂ ਵਿੱਚ ਚੱਬੇਵਾਲ ਸੀਟ ਤੋਂ ਭਾਜਪਾ ਉਮੀਦਵਾਰ ਸੋਹਣ ਸਿੰਘ ਠੰਡਲ, ਗਿੱਦੜਬਾਹਾ ਤੋਂ ਮਨਪ੍ਰੀਤ ਸਿੰਘ ਬਾਦਲ ਤੇ ਡੇਰਾ ਬਾਬਾ ਤੋਂ ਰਵੀਕਰਨ ਕਾਹਲੋਂ ਸ਼ਾਮਲ ਹਨ।
ਇਨ੍ਹਾਂ ਆਗੂਆਂ ਤੋਂ ਇਲਾਵਾ ਗਿੱਦੜਬਾਹਾ ਤੋਂ ਆਮ ਆਦਮੀ ਪਾਰਟੀ (ਆਪ) ਦੀ ਟਿਕਟ ’ਤੇ ਚੋਣ ਲੜ ਰਹੇ ਹਰਦੀਪ ਸਿੰਘ ਢਿੱਲੋਂ ਵੀ ਅਕਾਲੀ ਦਲ ਛੱਡ ਕੇ ਆਏ ਹਨ। ਦੂਜੇ ਪਾਸੇ ਜਗਮੀਤ ਬਰਾੜ ਨੇ ਗਿੱਦੜਬਾਹਾ ਤੋਂ ਹੀ ਆਜ਼ਾਦ ਉਮੀਦਵਾਰ ਵਜੋਂ ਆਪਣੀ ਨਾਮਜ਼ਦਗੀ ਦਾਖਲ ਕਰ ਦਿੱਤੀ ਹੈ। ਖਾਸ ਗੱਲ ਇਹ ਹੈ ਕਿ ਕਰੀਬ ਸਾਢੇ 4 ਸਾਲ ਪਹਿਲਾਂ ਭਾਜਪਾ ਤੇ ਅਕਾਲੀ ਦਲ ਵਿਚਾਲੇ ਗਠਜੋੜ ਸੀ ਪਰ ਕਿਸਾਨ ਅੰਦੋਲਨ ਤੋਂ ਬਾਅਦ ਗੱਠਜੋੜ ਟੁੱਟ ਗਿਆ।
ਗਿੱਦੜਬਾਹਾ ਤੋਂ 3 ਸਾਬਕਾ ਅਕਾਲੀ ਆਗੂ ਆਹਮੋ-ਸਾਹਮਣੇ
1. ਮਨਪ੍ਰੀਤ ਸਿੰਘ ਬਾਦਲ
ਗਿੱਦੜਬਾਹਾ ਤੋਂ ਅਕਾਲੀ ਦਲ ਦੇ ਤਿੰਨ ਸਾਬਕਾ ਆਗੂ ਚੋਣ ਮੈਦਾਨ ਵਿੱਚ ਹਨ। ਇਸ ਸੀਟ ਤੋਂ ਸਾਬਕਾ ਅਕਾਲੀ ਆਗੂ ਮਨਪ੍ਰੀਤ ਸਿੰਘ ਬਾਦਲ ਭਾਜਪਾ ਦੀ ਟਿਕਟ 'ਤੇ ਚੋਣ ਲੜ ਰਹੇ ਹਨ। ਉਨ੍ਹਾਂ ਨੇ 1995 ਵਿੱਚ ਗਿੱਦੜਬਾਹਾ ਤੋਂ ਅਕਾਲੀ ਦਲ ਨੂੰ ਜਿੱਤ ਦਿਵਾਈ ਸੀ, ਜਦੋਂ ਅਕਾਲੀ ਦਲ ਦਾ ਗ੍ਰਾਫ ਕਾਫੀ ਹੇਠਾਂ ਡਿੱਗ ਚੁੱਕਾ ਸੀ। ਹਾਲਾਂਕਿ ਉਨ੍ਹਾਂ ਨੇ ਅਕਾਲੀ ਦਲ ਛੱਡ ਕੇ ਆਪਣੀ ਪਾਰਟੀ 'ਪੀਪਲਜ਼ ਪਾਰਟੀ ਆਫ਼ ਪੰਜਾਬ' ਬਣਾ ਲਈ ਸੀ। ਕੁਝ ਸਮੇਂ ਬਾਅਦ ਉਹ ਕਾਂਗਰਸ ਵਿੱਚ ਸ਼ਾਮਲ ਹੋ ਗਏ। ਫਿਰ 2023 ਵਿੱਚ ਉਹ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ। ਉਨ੍ਹਾਂ ਦੇ ਕਰੀਅਰ ਦਾ ਸਭ ਤੋਂ ਲੰਬਾ ਸਮਾਂ ਅਕਾਲੀ ਦਲ ਨਾਲ ਰਿਹਾ ਹੈ। ਮਨਪ੍ਰੀਤ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਭਰਾ ਗੁਰਦਾਸ ਸਿੰਘ ਬਾਦਲ ਦਾ ਪੁੱਤਰ ਹਨ।
2. ਹਰਦੀਪ ਸਿੰਘ ਡਿੰਪੀ ਢਿੱਲੋਂ
ਗਿੱਦੜਬਾਹਾ ਤੋਂ ਦੂਜਾ ਵੱਡਾ ਨਾਂ ਹਰਦੀਪ ਸਿੰਘ ਡਿੰਪੀ ਢਿੱਲੋਂ ਦਾ ਹੈ। ਉਨ੍ਹਾਂ ਨੇ 'ਆਪ' ਦੀ ਟਿਕਟ 'ਤੇ ਗਿੱਦੜਬਾਹਾ ਤੋਂ ਨਾਮਜ਼ਦਗੀ ਦਾਖਲ ਕੀਤੀ ਹੈ। ਡਿੰਪੀ ਢਿੱਲੋਂ ਵੀ ਅਕਾਲੀ ਦਲ ਵਿੱਚ ਰਹਿ ਚੁੱਕੇ ਹਨ। ਜ਼ਿਮਨੀ ਚੋਣਾਂ ਦੇ ਐਲਾਨ ਤੋਂ ਕੁਝ ਸਮਾਂ ਪਹਿਲਾਂ ਹੀ ਉਨ੍ਹਾਂ ਨੇ ਅਕਾਲੀ ਦਲ 'ਤੇ ਭਾਈ-ਭਤੀਜਾਵਾਦ ਦਾ ਦੋਸ਼ ਲਾਉਂਦਿਆਂ ਪਾਰਟੀ ਛੱਡ ਦਿੱਤੀ ਸੀ ਤੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਸੀ। ਡਿੰਪੀ ਢਿੱਲੋਂ ਨੂੰ ਕਦੇ ਸੁਖਬੀਰ ਬਾਦਲ ਦੀ ਸੱਜੀ ਬਾਂਹ ਮੰਨਿਆ ਜਾਂਦਾ ਸੀ।
3. ਜਗਮੀਤ ਸਿੰਘ ਬਰਾੜ
ਗਿੱਦੜਬਾਹਾ ਤੋਂ ਤੀਜਾ ਨਾਂ ਜਗਮੀਤ ਸਿੰਘ ਬਰਾੜ ਦਾ ਹੈ। ਉਹ ਲੰਮਾ ਸਮਾਂ ਕਾਂਗਰਸ ਵਿੱਚ ਰਹੇ ਤੇ ਬਾਦਲ ਪਰਿਵਾਰ ਦੇ ਵਿਰੋਧੀ ਮੰਨੇ ਜਾਂਦੇ ਰਹੇ ਪਰ 19 ਅਪ੍ਰੈਲ 2019 ਨੂੰ ਉਹ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ ਤੇ ਹਰਸਿਮਰਤ ਬਾਦਲ ਦੀ ਮੌਜੂਦਗੀ ਵਿੱਚ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ। ਪਾਰਟੀ ਨੇ ਉਨ੍ਹਾਂ ਨੂੰ ਸੀਨੀਅਰ ਮੀਤ ਪ੍ਰਧਾਨ ਵੀ ਨਿਯੁਕਤ ਕੀਤਾ ਹੈ। ਇਸ ਤੋਂ ਇਲਾਵਾ ਮੌੜ ਵਿਧਾਨ ਸਭਾ ਹਲਕੇ ਤੋਂ ਵੀ 2022 ਦੀਆਂ ਚੋਣਾਂ ਲਈ ਉਮੀਦਵਾਰ ਐਲਾਨਿਆ ਗਿਆ।
ਦੋ ਹੋਰ ਸਾਬਕਾ ਅਕਾਲੀ ਲੀਡਰ ਮੈਦਾਨ 'ਚ
1- ਸੋਹਣ ਸਿੰਘ ਠੰਡਲ
ਨਾਮਜ਼ਦਗੀਆਂ ਭਰਨ ਦੀ ਆਖ਼ਰੀ ਤਰੀਕ ਤੋਂ ਇੱਕ ਦਿਨ ਪਹਿਲਾਂ ਅਕਾਲੀ ਦਲ ਵਿੱਚ ਉਸ ਸਮੇਂ ਹਲਚਲ ਮਚ ਗਈ ਜਦੋਂ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਸੋਹਣ ਸਿੰਘ ਠੰਡਲ ਨੇ ਅਸਤੀਫ਼ਾ ਦੇ ਦਿੱਤਾ। ਅਸਤੀਫਾ ਦੇਣ ਦੇ 4 ਘੰਟੇ ਦੇ ਅੰਦਰ ਹੀ ਹੁਸ਼ਿਆਰਪੁਰ 'ਚ ਉਨ੍ਹਾਂ ਲਈ ਵਿਸ਼ੇਸ਼ ਪ੍ਰੋਗਰਾਮ ਕੀਤਾ ਗਿਆ, ਜਿੱਥੇ ਭਾਜਪਾ ਦੇ ਸੀਨੀਅਰ ਨੇਤਾਵਾਂ ਨੇ ਉਨ੍ਹਾਂ ਨੂੰ ਪਾਰਟੀ 'ਚ ਸ਼ਾਮਲ ਕਰਵਾਇਆ। ਇਸ ਦੇ ਨਾਲ ਹੀ ਭਾਜਪਾ ਨੇ ਚੱਬੇਵਾਲ ਸੀਟ ਤੋਂ ਸੋਹਣ ਸਿੰਘ ਠੰਡਲ ਨੂੰ ਆਪਣਾ ਉਮੀਦਵਾਰ ਐਲਾਨ ਦਿੱਤਾ।
2-ਕਰਨ ਸਿੰਘ ਕਾਹਲੋਂ
ਪੰਜਾਬ ਦੀ ਸਿਆਸਤ ਵਿੱਚ ਅਕਾਲੀ ਦਲ ਨਾਲ ਜੁੜੇ ਕਾਹਲੋਂ ਪਰਿਵਾਰ ਦੇ ਪੁੱਤਰ ਰਵੀਕਰਨ ਕਾਹਲੋਂ ਲੋਕ ਸਭਾ ਚੋਣਾਂ 2024 ਤੋਂ ਪਹਿਲਾਂ ਬਾਗੀ ਹੋ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ। ਉਨ੍ਹਾਂ ਸੁਖਬੀਰ ਬਾਦਲ ਦੀ ਲੀਡਰਸ਼ਿਪ ਨੂੰ ਚੁਣੌਤੀ ਦਿੰਦੇ ਹੋਏ ਪਾਰਟੀ 'ਤੇ ਕਈ ਸਵਾਲ ਖੜ੍ਹੇ ਕੀਤੇ ਸਨ। ਭਾਜਪਾ ਨੇ ਡੇਰਾ ਬਾਬਾ ਨਾਨਕ ਤੋਂ ਰਵੀਕਰਨ ਸਿੰਘ ਕਾਹਲੋਂ ਨੂੰ ਆਪਣਾ ਉਮੀਦਵਾਰ ਬਣਾਇਆ ਹੈ।