Punjab Cabinet Meeting: ਅੱਜ CM ਮਾਨ ਵੱਲੋਂ ਸੱਦੀ ਗਈ ਪੰਜਾਬ ਕੈਬਨਿਟ ਮੀਟਿੰਗ, ਸੂਬਾ ਸਰਕਾਰ ਲਗਾ ਸਕਦੀ ਕਈ ਅਹਿਮ ਫੈਸਲਿਆਂ 'ਤੇ ਮੋਹਰ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ 'ਚ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਹੋਵੇਗੀ। ਇਹ ਮੀਟਿੰਗ CM ਆਵਾਸ 'ਚ ਅੱਜ ਦੁਪਹਿਰ 12 ਵਜੇ ਹੋਵੇਗੀ। ਇਸ ਮੀਟਿੰਗ ਦੌਰਾਨ ਕਈ ਅਹਿਮ ਮੁੱਦਿਆਂ 'ਤੇ ਚਰਚਾ ਹੋਣ ਦੀ ਸੰਭਾਵਨਾ ਹੈ।

ਪੰਜਾਬ ਸਰਕਾਰ ਦੀ ਕੈਬਿਨਟ ਮੀਟਿੰਗ ਅੱਜ 20 ਜਨਵਰੀ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰਧਾਨਗੀ ਹੇਠ ਹੋਵੇਗੀ। ਇਹ ਮੀਟਿੰਗ ਦੁਪਹਿਰ 12 ਵਜੇ ਚੰਡੀਗੜ੍ਹ ਵਿੱਚ ਮੁੱਖ ਮੰਤਰੀ ਦੇ ਨਿਵਾਸ ‘ਤੇ ਬੁਲਾਈ ਗਈ ਹੈ। ਇਸਨੂੰ ਇਕ ਅਹਿਮ ਮੀਟਿੰਗ ਮੰਨਿਆ ਜਾ ਰਿਹਾ ਹੈ, ਜਿਸ ਵਿੱਚ ਕਈ ਮਹੱਤਵਪੂਰਨ ਮਸਲਿਆਂ ‘ਤੇ ਵਿਚਾਰ-ਵਟਾਂਦਰਾ ਤੇ ਫੈਸਲੇ ਹੋਣ ਦੀ ਸੰਭਾਵਨਾ ਹੈ।
ਖ਼ਾਸ ਤੌਰ ‘ਤੇ 22 ਜਨਵਰੀ ਨੂੰ ਸ਼ੁਰੂ ਹੋ ਰਹੀ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਨੂੰ ਲੈ ਕੇ ਵੀ ਰਣਨੀਤੀ ਤਿਆਰ ਕੀਤੀ ਜਾ ਸਕਦੀ ਹੈ। ਹਾਲਾਂਕਿ ਸਰਕਾਰ ਵੱਲੋਂ ਮੀਟਿੰਗ ਲਈ ਕੋਈ ਅਧਿਕਾਰਕ ਏਜੰਡਾ ਜਾਰੀ ਨਹੀਂ ਕੀਤਾ ਗਿਆ। ਮੰਨਿਆ ਜਾ ਰਿਹਾ ਹੈ ਕਿ ਇਸ ਦੌਰਾਨ ਬਜਟ ਨਾਲ ਜੁੜੇ ਕਈ ਅਹਿਮ ਪ੍ਰਸਤਾਵਾਂ ‘ਤੇ ਮੋਹਰ ਲੱਗ ਸਕਦੀ ਹੈ ਅਤੇ ਕਈ ਨਵੇਂ ਮਸਲੇ ਵੀ ਕੈਬਨਿਟ ਅੱਗੇ ਰੱਖੇ ਜਾਣਗੇ।
ਬਾਸਮਤੀ ਚੌਲਾਂ ਦਾ ਮੁੱਦਾ ਵੀ ਇਸ ਮੀਟਿੰਗ ਵਿੱਚ ਅਹਿਮ ਰਹੇਗਾ। ਮੁੱਖ ਮੰਤਰੀ ਦੀ ਹਾਲੀਆ ਕੇਂਦਰੀ ਗ੍ਰਹਿ ਮੰਤਰੀ ਨਾਲ ਹੋਈ ਮੀਟਿੰਗ ਦੌਰਾਨ ਚੁੱਕੇ ਗਏ ਮਸਲਿਆਂ ‘ਤੇ ਵੀ ਵਿਚਾਰ ਕੀਤਾ ਜਾਵੇਗਾ। ਇਸ ਤੋਂ ਇਲਾਵਾ ਇਰਾਨ ਵਿੱਚ ਬਣੇ ਹਾਲਾਤਾਂ ਕਾਰਨ ਪੰਜਾਬ ਦੇ ਬਾਸਮਤੀ ਵਪਾਰ ਨਾਲ ਜੁੜੇ ਲੋਕਾਂ ਲਈ ਅੱਗੇ ਦੀ ਰਣਨੀਤੀ ਤਿਆਰ ਕਰਨ ‘ਤੇ ਵੀ ਚਰਚਾ ਹੋਵੇਗੀ।
ਜ਼ਿਕਰਯੋਗ ਹੈ ਕਿ ਇਸ ਮਾਮਲੇ ਨੂੰ ਲੈ ਕੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਪਹਿਲਾਂ ਹੀ ਕੇਂਦਰ ਸਰਕਾਰ ਨੂੰ ਪੱਤਰ ਲਿਖ ਕੇ ਧਿਆਨ ਦੇਣ ਦੀ ਮੰਗ ਕਰ ਚੁੱਕੇ ਹਨ, ਕਿਉਂਕਿ ਪੰਜਾਬ ਤੋਂ ਸਭ ਤੋਂ ਵੱਧ ਬਾਸਮਤੀ ਚੌਲ ਇਰਾਨ ਭੇਜੇ ਜਾਂਦੇ ਹਨ।
ਪਿਛਲੀ ਕੈਬਨਿਟ ਮੀਟਿੰਗ ਵਿੱਚ ਸਰਕਾਰ ਵੱਲੋਂ ਕਈ ਅਹਿਮ ਫੈਸਲੇ ਲਏ ਗਏ ਸਨ। ਇਸ ਦੌਰਾਨ ਬਨੂੜ ਸਬ-ਤਹਸੀਲ ਨੂੰ ਅਪਗ੍ਰੇਡ ਕਰਨ ਦਾ ਫੈਸਲਾ ਕੀਤਾ ਗਿਆ, ਜਿਸ ਵਿੱਚ ਦੋ ਕਾਨੂੰਨਗੋ ਸਰਕਲ, 14 ਪਟਵਾਰ ਸਰਕਲ ਅਤੇ 40 ਪਿੰਡ ਸ਼ਾਮਲ ਹਨ। ਇਸ ਤੋਂ ਇਲਾਵਾ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਤਹਸੀਲ ਹਰਿਆਣਾ ਬਣਾਉਣ ਦਾ ਫੈਸਲਾ ਵੀ ਲਿਆ ਗਿਆ, ਜਿਸ ਅਧੀਨ 12 ਪਟਵਾਰ ਸਰਕਲ, ਦੋ ਕਾਨੂੰਨਗੋ ਸਰਕਲ ਅਤੇ 50 ਪਿੰਡ ਸ਼ਾਮਲ ਕੀਤੇ ਗਏ।
ਇਸਦੇ ਨਾਲ ਹੀ ਭੂ-ਰਾਜਸਵ ਐਕਟ 1888 ਵਿੱਚ ਸੋਧ ਕਰਕੇ ਰਿਕਾਰਡ ਨੂੰ ਕੰਪਿਊਟਰਾਈਜ਼ ਕਰਨ ਦਾ ਫੈਸਲਾ ਲਿਆ ਗਿਆ। ‘ਮੇਰਾ ਘਰ, ਮੇਰਾ ਨਾਮ’ ਯੋਜਨਾ ਨੂੰ ਤੇਜ਼ੀ ਨਾਲ ਲਾਗੂ ਕਰਨ ਲਈ ਮਨਜ਼ੂਰੀ ਦਿੱਤੀ ਗਈ ਅਤੇ ਇਸ ਵਿੱਚ ਲੋੜੀਂਦੀਆਂ ਸੋਧਾਂ ਵੀ ਕੀਤੀਆਂ ਗਈਆਂ।






















