Punjab Congress: ਨਵਜੋਤ ਸਿੱਧੂ ਜਲਦ ਹੀ ਛੱਡ ਦੇਣਗੇ ਕਾਂਗਰਸ! ਰਾਣਾ ਗੁਰਜੀਤ ਨੇ ਕੀਤਾ ਵੱਡਾ ਖੁਲਾਸਾ
Rana Gurjeet attack on Sidhu: ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਉਹ ਟਕਸਾਲੀ ਕਾਂਗਰਸੀ ਹਨ ਤੇ ਸਿੱਧੂ ਨੂੰ ਕੋਈ ਹੱਕ ਨਹੀਂ ਕਿ ਉਹ ਟਕਸਾਲੀ ਆਗੂਆਂ ਦੀ ਵਫ਼ਾਦਾਰੀ ’ਤੇ ਉਂਗਲ ਉਠਾਉਣ।
ਚੰਡੀਗੜ੍ਹ: ਕਾਂਗਰਸ ਵਿਚਲਾ ਕਲੇਸ਼ ਅਜੇ ਘਟਿਆ ਨਹੀਂ। ਹੁਣ ਤਕਨੀਕੀ ਸਿੱਖਿਆ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਉੱਪਰ ਹਮਲਾ ਬੋਲਿਆ ਹੈ। ਗੁਰਜੀਤ ਸਿੰਘ ਨੇ ਐਤਵਾਰ ਨੂੰ ਨਵਜੋਤ ਸਿੱਧੂ ’ਤੇ ਪਾਰਟੀ ਵਿੱਚ ਫੁੱਟ ਪਾਉਣ ਦਾ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ ਕਿ ਸਿੱਧੂ ਪਾਰਟੀ ਵਿੱਚ ਫੁੱਟ ਪਾਉਣ ਦੇ ਰਾਹ ਪਏ ਹਨ ਤੇ ਸਿਰਫ ਮੁੱਖ ਮੰਤਰੀ ਬਣਨ ਦੇ ਮੰਤਵ ਨਾਲ ਕਾਂਗਰਸ ਵਿੱਚ ਆਏ ਹਨ।
ਉਨ੍ਹਾਂ ਕਿਹਾ ਕਿ ਸਿੱਧੂ ਦੇ ਰਵੱਈਏ ਨੂੰ ਦੇਖ ਕੇ ਹਰ ਕਿਸੇ ਨੂੰ ਇਹੋ ਲੱਗਦਾ ਹੈ ਕਿ ਉਹ ਵਿਧਾਨ ਸਭਾ ਚੋਣਾਂ ਤੱਕ ਕਾਂਗਰਸ ਵਿੱਚ ਰਹਿਣਗੇ ਜਾਂ ਚੋਣਾਂ ਤੋਂ ਪਹਿਲਾਂ ਹੀ ਭੱਜ ਜਾਣਗੇ। ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਜੇਕਰ ਜਲਦੀ ਪਾਰਟੀ ਛੱਡਦੇ ਹਨ ਤਾਂ ਇਸ ’ਚ ਕਾਂਗਰਸ ਦੀ ਭਲਾਈ ਹੈ। ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਆਪਣੇ ਲੁਕਵੇਂ ਏਜੰਡੇ ਦੀ ਪੂਰਤੀ ਲਈ ਕਾਂਗਰਸ ਨੂੰ ਅੰਦਰੋਂ ਨੁਕਸਾਨ ਪਹੁੰਚਾ ਰਹੇ ਹਨ।
ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਉਹ ਟਕਸਾਲੀ ਕਾਂਗਰਸੀ ਹਨ ਤੇ ਸਿੱਧੂ ਨੂੰ ਕੋਈ ਹੱਕ ਨਹੀਂ ਕਿ ਉਹ ਟਕਸਾਲੀ ਆਗੂਆਂ ਦੀ ਵਫ਼ਾਦਾਰੀ ’ਤੇ ਉਂਗਲ ਉਠਾਉਣ। ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਧਿਆਨ ਨਾਲ ਬੋਲਣ। ਉਨ੍ਹਾਂ ਕਿਰਾਏਦਾਰ ਦੀ ਤਰ੍ਹਾਂ ਪਾਰਟੀ ਜੁਆਇਨ ਕੀਤੀ ਹੈ ਤੇ ਉਹ ਮੁੱਖ ਮੰਤਰੀ ਬਣਨ ਦੇ ਮਕਸਦ ਨਾਲ ਆਏ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਸਾਰੀ ਉਮਰ ਕਾਂਗਰਸ ਵਿੱਚ ਗੁਜ਼ਾਰ ਦਿੱਤੀ ਹੈ ਜਦਕਿ ਸਿੱਧੂ ਨੇ ਹਾਲੇ ਪੰਜ ਸਾਲ ਵੀ ਪਾਰਟੀ ’ਚ ਪੂਰੇ ਨਹੀਂ ਕੀਤੇ ਹਨ ਤੇ ਉਹ ਟਕਸਾਲੀ ਲੋਕਾਂ ’ਤੇ ਸੁਆਲ ਖੜ੍ਹੇ ਕਰ ਰਹੇ ਹਨ।
ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਚੰਨੀ ਦਾ ਵਿਰੋਧ ਕਰਨ ਦੇ ਨਵਜੋਤ ਸਿੱਧੂ ਦੇ ਇਰਾਦੇ ਸਪੱਸ਼ਟ ਹੋ ਗਏ ਹਨ। ਉਨ੍ਹਾਂ ਕਿਹਾ ਕਿ ਸਿੱਧੂ ਮੁੱਖ ਮੰਤਰੀ ਦੀ ਖੁੱਲ੍ਹੇਆਮ ਆਲੋਚਨਾ ਕਰ ਰਹੇ ਹਨ ਕਿਉਂਕਿ ਉਹ ਮੁੱਖ ਮੰਤਰੀ ਦੀ ਹਰਮਨਪਿਆਰਤਾ ਨੂੰ ਦੇਖਦੇ ਹੋਏ ਖੁਦ ਨੂੰ ਅਸੁਰੱਖਿਅਤ ਮਹਿਸੂਸ ਕਰਨ ਲੱਗ ਪਏ ਹਨ। ਰਾਣਾ ਨੇ ਕਿਹਾ ਕਿ ਪਾਰਟੀ ਪ੍ਰਧਾਨ ਦੀ ਜ਼ਿੰਮੇਵਾਰੀ ਤਾਂ ਪਾਰਟੀ ਨੂੰ ਇਕਜੁੱਟ ਰੱਖਣ ਦੀ ਹੁੰਦੀ ਹੈ ਪਰ ਸਿੱਧੂ ਹਾਈ ਕਮਾਨ ਵੱਲੋਂ ਗਠਿਤ ਕਮੇਟੀਆਂ ਵਿਚ ਦਰਾਰਾਂ ਪਾ ਕਰ ਰਹੇ ਹਨ।
ਇਹ ਵੀ ਪੜ੍ਹੋ: ਪਾਕਿ ਫੌਜ ਦੇ ਮੁਖੀ ਜਨਰਲ ਬਾਜਵਾ ਦਾ ਕਸ਼ਮੀਰ ਬਾਰੇ ਵੱਡਾ ਦਾਅਵਾ, ਸਾਊਦੀ ਅਰਬ ਦੇ ਵਿਦੇਸ਼ ਮੰਤਰੀ ਨਾਲ ਮੀਟਿੰਗ 'ਚ ਕਹੀ ਵੱਡੀ ਗੱਲ
ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: