ਸਰਕਾਰੀ ਬੈਂਕਾਂ ਦਰਕਿਨਾਰ ਕਰ ਨਿੱਜੀ ਬੈਂਕ ਦੀ 'ਬਰਾਂਡਿੰਗ' ਕਰ ਰਹੇ ਕੈਪਟਨ ਦੇ ਸਿੱਖਿਆ ਮੰਤਰੀ, ਸਾਈਨ ਕੀਤਾ MOU
ਸਿੱਖਿਆ ਵਿਭਾਗ ਦੇ ਮੁਲਾਜ਼ਮਾਂ ਦੀ ਇੱਛਾ ਅਨੁਸਾਰ ਉਨ੍ਹਾਂ ਦਾ ਖਾਤਾ ਪ੍ਰਾਈਵੇਟ ਬੈਂਕ ਵਿੱਚ ਖੋਲ੍ਹਿਆ ਜਾਏਗਾ। ਬੈਂਕ ਵੱਲੋਂ ਵੀ ਕੁਝ ਫਾਇਦੇ ਦੇਣ ਦਾ ਦਾਅਵਾ ਕੀਤਾ ਗਿਆ ਹੈ। ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਖੁਦ ਐਮਓਯੂ ਸਾਈਨ ਕਰਨ ਪਹੁੰਚੇ। ਇਹ ਸੌਦਾ ਕਰਨ ਦੌਰਾਨ ਵਿਜੇਇੰਦਰ ਸਿੰਗਲਾ ਨੇ ਨਿੱਜੀ ਬੈਂਕ ਦੀਆਂ ਤਾਰੀਫਾਂ ਦੇ ਪੁਲ ਬੰਨ੍ਹ ਦਿੱਤੇ।
ਅਮਨਦੀਪ ਦੀਕਸ਼ਿਤ
ਚੰਡੀਗੜ੍ਹ: ਪੰਜਾਬ ਸਿੱਖਿਆ ਵਿਭਾਗ ਨੇ ਇੱਕ ਪ੍ਰਾਈਵੇਟ ਬੈਂਕ ਨਾਲ ਇੱਕ ਸਮਝੌਤੇ 'ਤੇ ਹਸਤਾਖ਼ਰ ਕੀਤੇ ਹਨ। ਇਸ ਮੁਤਾਬਕ ਸਿੱਖਿਆ ਵਿਭਾਗ ਦੇ ਮੁਲਾਜ਼ਮਾਂ ਦੀ ਇੱਛਾ ਅਨੁਸਾਰ ਉਨ੍ਹਾਂ ਦਾ ਖਾਤਾ ਪ੍ਰਾਈਵੇਟ ਬੈਂਕ ਵਿੱਚ ਖੋਲ੍ਹਿਆ ਜਾਏਗਾ। ਬੈਂਕ ਵੱਲੋਂ ਵੀ ਕੁਝ ਫਾਇਦੇ ਦੇਣ ਦਾ ਦਾਅਵਾ ਕੀਤਾ ਗਿਆ ਹੈ। ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਖੁਦ ਐਮਓਯੂ ਸਾਈਨ ਕਰਨ ਪਹੁੰਚੇ। ਇਹ ਸੌਦਾ ਕਰਨ ਦੌਰਾਨ ਵਿਜੇਇੰਦਰ ਸਿੰਗਲਾ ਨੇ ਨਿੱਜੀ ਬੈਂਕ ਦੀਆਂ ਤਾਰੀਫਾਂ ਦੇ ਪੁਲ ਬੰਨ੍ਹ ਦਿੱਤੇ।
ਦੱਸ ਦੇਈਏ ਸਿੱਖਿਆ ਵਿਭਾਗ ਨੇ ਸਰਕਾਰੀ ਜਾਂ ਕੋਆਪਰੇਟਿਵ ਬੈਂਕ ਦੇ ਫਾਇਦੇ ਜਾਣੇ ਬਿਨਾਂ ਇਸ ਨਿੱਜੀ ਬੈਂਕ ਨਾਲ ਸਿੱਧਾ ਐੱਮਓਯੂ ਸਾਈਨ ਕਰ ਦਿੱਤਾ। ਇਸ ਬਾਰੇ ਜਦੋਂ ਸਿੰਗਲਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜਦੋਂ ਸਾਡੇ ਕੋਲ ਕੋਈ ਹੋਰ ਬੈਂਕ ਇਸ ਤੋਂ ਵੱਧ ਆਫ਼ਰ ਲੈ ਕੇ ਆਏਗਾ ਤਾਂ ਸਿੱਖਿਆ ਵਿਭਾਗ ਉਸ ਨਾਲ ਐਮਓਯੂ ਸਾਈਨ ਕਰ ਲਏਗਾ।
ਇਸ ਬੈਠਕ ਦੀ ਸਪੀਚ ਦਿੰਦੇ ਹੋਏ ਵਿਜੇਇੰਦਰ ਸਿੰਗਲਾ ਨੇ ਬੈਂਕ ਦੀ ਬਹੁਤ ਵਾਹ-ਵਾਹ ਕੀਤੀ। ਉਨ੍ਹਾਂ ਕਿਹਾ ਕਿ ਉਹ ਇਸ ਬੈਂਕ ਨਾਲ ਸਾਲ 2000 ਤੋਂ ਜੁੜੇ ਹਨ। ਉਨ੍ਹਾਂ ਦੀ ਸਪੀਚ ਤੋਂ ਇਸ ਤਰ੍ਹਾਂ ਲੱਗਾ ਕਿ ਪੰਜਾਬ ਸਰਕਾਰ ਦੇ ਇੱਕ ਮੰਤਰੀ ਆਪਣੇ ਵਿਭਾਗ ਦੇ ਕਰਮਚਾਰੀਆਂ ਦੇ ਫਾਇਦੇ ਦੀ ਗੱਲ ਨਹੀਂ, ਬਲਕਿ ਨਿੱਜੀ ਬੈਂਕ ਦੀ ਬ੍ਰਾਂਡਿੰਗ ਕਰ ਰਹੇ ਸੀ।
ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਆਖਿਰਕਾਰ ਸਰਕਾਰੀ ਬੈਂਕਾਂ ਨਾਲ ਹੱਥ ਕਿਉਂ ਨਹੀਂ ਜੋੜੇ ਜਾ ਰਹੇ ਤਾਂ ਉਨ੍ਹਾਂ ਜਵਾਬ ਦਿੱਤਾ ਕਿ ਜੋ ਵੀ ਸਾਡੇ ਕੋਲ ਵਧੀਆ ਆਫ਼ਰ ਲੈ ਕੇ ਆਵੇਗਾ ਅਸੀਂ ਉਸ ਦੇ ਨਾਲ ਫਾਇਦੇ ਵਾਲਾ ਐਮਓਯੂ ਸਾਈਨ ਕਰ ਲਵਾਂਗੇ। ਜਦੋਂ ਉਨ੍ਹਾਂ ਨੂੰ ਪੁੱਛਿਆ ਕਿ ਇਸ ਬੈਂਕ ਤੋਂ ਪਹਿਲਾਂ ਕਿੰਨੇ ਬੈਂਕਾਂ ਨਾਲ ਸੰਪਰਕ ਕੀਤਾ ਗਿਆ ਤੇ ਉਸ ਵਿੱਚੋਂ ਕਿੰਨੇ ਬੈਂਕ ਸਰਕਾਰੀ ਸਨ ਤਾਂ ਉਨ੍ਹਾਂ ਕੋਈ ਜਵਾਬ ਨਹੀਂ ਦਿੱਤਾ।