Punjab Election 2022: ਹੁਣ ਸੀਐਮ ਚੰਨੀ ਦੇ ਭਰਾ ਨੇ ਵਧਾਈਆਂ ਕਾਂਗਰਸ ਦੀਆਂ ਮੁਸ਼ਕਲਾਂ
Punjab News: ਚਰਨਜੀਤ ਸਿੰਘ ਚੰਨੀ ਦੇ ਭਰਾ ਡਾ. ਮਨੋਹਰ ਨੇ ਬੱਸੀ ਪਠਾਣਾ ਤੋਂ ਨਾ ਸਿਰਫ਼ ਆਪਣੀ ਦਾਅਵੇਦਾਰੀ ਪੇਸ਼ ਕੀਤੀ ਹੈ, ਸਗੋਂ ਮੌਜੂਦਾ ਵਿਧਾਇਕ ਖ਼ਿਲਾਫ਼ ਵੀ ਮੋਰਚਾ ਖੋਲ੍ਹ ਦਿੱਤਾ ਹੈ।
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਰਾ ਡਾਕਟਰ ਮਨੋਹਰ ਸਿੰਘ ਕਾਰਨ ਕਾਂਗਰਸ ਦੀਆਂ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਮਨੋਹਰ ਸਿੰਘ ਨੇ ਪੰਜਾਬ ਦੀ ਬੱਸੀ ਪਠਾਣਾ ਸੀਟ ਤੋਂ ਦਾਅਵਾ ਪੇਸ਼ ਕੀਤਾ ਹੈ। ਇੰਨਾ ਹੀ ਨਹੀਂ ਡਾ. ਮਨੋਹਰ ਸਿੰਘ ਨੇ ਮੋਰਚਾ ਖੋਲ੍ਹਦੇ ਹੋਏ ਮੌਜੂਦਾ ਕਾਂਗਰਸੀ ਵਿਧਾਇਕ ਗੁਰਪ੍ਰੀਤ ਸਿੰਘ 'ਤੇ ਵਾਅਦੇ ਪੂਰੇ ਨਾ ਕਰਨ ਦੇ ਦੋਸ਼ ਲਾਏ ਹਨ।
ਡਾਕਟਰ ਮਨੋਹਰ ਸਿੰਘ ਨੇ ਹਾਲ ਹੀ ਵਿੱਚ ਸੀਨੀਅਰ ਮੈਡੀਕਲ ਅਫਸਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਤੇ ਇਸ ਤੋਂ ਬਾਅਦ ਰਾਜਨੀਤੀ ਵਿੱਚ ਕਦਮ ਰੱਖਿਆ। ਮਨੋਹਰ ਸਿੰਘ ਨੇ ਬੱਸੀ ਪਠਾਣਾ ਵਿਖੇ ਰੈਲੀ 'ਚ ਹਿੱਸਾ ਲਿਆ ਤੇ ਉੱਥੋਂ ਮੌਜੂਦਾ ਕਾਂਗਰਸੀ ਵਿਧਾਇਕ ਗੁਰਪ੍ਰੀਤ ਸਿੰਘ 'ਤੇ ਖੂਬ ਵਰ੍ਹੇ। ਮਨੋਹਰ ਸਿੰਘ ਨੇ ਦੋਸ਼ ਲਾਇਆ ਕਿ ਗੁਰਪ੍ਰੀਤ ਸਿੰਘ ਨੇ ਆਪਣੇ ਵਾਅਦੇ ਪੂਰੇ ਨਹੀਂ ਕੀਤੇ।
ਮਨੋਹਰ ਸਿੰਘ ਨੇ ਪੁਲਿਸ ਅਧਿਕਾਰੀਆਂ ’ਤੇ ਵਿਧਾਇਕ ਗੁਰਪ੍ਰੀਤ ਸਿੰਘ ਨਾਲ ਮੁਲਾਕਾਤ ਕਰਨ ਦਾ ਦੋਸ਼ ਵੀ ਲਾਇਆ। ਉਨ੍ਹਾਂ ਕਿਹਾ, ‘‘ਗੁਰਪ੍ਰੀਤ ਸਿੰਘ ਦੇ ਇਸ਼ਾਰੇ ’ਤੇ ਪੁਲਿਸ ਅਧਿਕਾਰੀ ਮੇਰੇ ਸਮਰਥਕਾਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਹਨ। ਜਦੋਂ ਮੈਂ ਨੰਦਪੁਰ ਵਿੱਚ ਸੀਨੀਅਰ ਮੈਡੀਕਲ ਅਫ਼ਸਰ ਸੀ ਤਾਂ ਵਿਧਾਇਕ ਦੇ ਕਹਿਣ ’ਤੇ ਮੇਰੀ ਬਦਲੀ ਕਰ ਦਿੱਤੀ ਗਈ ਸੀ।"
ਗੁਰਪ੍ਰੀਤ ਸਿੰਘ ਨੇ ਕੀਤਾ ਜਵਾਬੀ ਹਮਲਾ
ਮਨੋਹਰ ਸਿੰਘ ਦੀ ਇਸ ਰੈਲੀ ਵਿੱਚ ਕਿਸੇ ਵੀ ਸੀਨੀਅਰ ਕਾਂਗਰਸੀ ਆਗੂ ਨੇ ਹਿੱਸਾ ਨਹੀਂ ਲਿਆ। ਹਾਲਾਂਕਿ ਗੁਰਪ੍ਰੀਤ ਸਿੰਘ ਨੇ ਮਨੋਹਰ ਸਿੰਘ 'ਤੇ ਪਲਟਵਾਰ ਕਰਦਿਆਂ ਕਿਹਾ ਕਿ ਉਹ ਡਾਕਟਰ ਵਜੋਂ ਫੇਲ੍ਹ ਹੋ ਗਿਆ ਹੈ। ਗੁਰਪ੍ਰੀਤ ਸਿੰਘ ਨੇ ਮੁੱਦਾ ਉਠਾਇਆ ਕਿ ਕਾਂਗਰਸ ਪਾਰਟੀ ਇੱਕੋ ਪਰਿਵਾਰ ਦੇ ਦੋ ਮੈਂਬਰਾਂ ਨੂੰ ਟਿਕਟ ਕਿਵੇਂ ਦੇ ਸਕਦੀ ਹੈ।
ਹਾਲਾਂਕਿ ਬੱਸੀ ਪਠਾਣਾਂ ਤੋਂ ਮਨੋਹਰ ਸਿੰਘ ਦੀ ਉਮੀਦਵਾਰੀ ਬਾਰੇ ਕਾਂਗਰਸ ਪਾਰਟੀ ਵੱਲੋਂ ਅਜੇ ਤੱਕ ਕੁਝ ਨਹੀਂ ਕਿਹਾ ਗਿਆ ਹੈ। ਸੂਬਾ ਕਾਂਗਰਸ ਇੰਚਾਰਜ ਹਰੀਸ਼ ਚੌਧਰੀ ਇਸ ਮਾਮਲੇ 'ਚ ਜਲਦ ਹੀ ਕੋਈ ਪ੍ਰਤੀਕਿਰਿਆ ਦੇ ਸਕਦੇ ਹਨ।
ਇਹ ਵੀ ਪੜ੍ਹੋ: CBSE English Paper: ਪੇਪਰ 'ਚ ਔਰਤਾਂ ਨੂੰ ਲੈ ਕੇ ਇਸ ਸਵਾਲ 'ਤੇ ਹੋਇਆ ਹੰਗਾਮਾ, ਜਾਣੋ ਪੂਰਾ ਮਾਮਲਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin