ਹਲਕੇ ਦੇ ਲੋਕ ਬੇਵਕੂਫ ਨਹੀਂ ਕਿਸੇ ਗੁੰਡੇ ਨੂੰ ਵੋਟ ਪਾ ਦੇਣਗੇ, ਨਵਜੋਤ ਕੌਰ ਸਿੱਧੂ ਦਾ ਮਜੀਠੀਆ 'ਤੇ ਹਮਲਾ
ਬਿਕਰਮ ਮਜੀਠੀਆ ਦੇ ਪੂਰਬੀ ਹਲਕੇ ਤੋਂ ਚੋਣ ਲੜਨ ਦੀਆਂ ਚੱਲ ਰਹੀਆਂ ਕਿਆਸਅਰਾਈਆਂ 'ਤੇ ਉਨ੍ਹਾਂ ਕਿਹਾ ਕਿ ਪੂਰਬੀ ਹਲਕੇ ਦੇ ਲੋਕ ਬੇਵਕੂਫ ਨਹੀਂ ਕਿ ਕਿਸੇ ਗੁੰਡੇ ਨੂੰ ਵੋਟ ਪਾ ਦੇਣਗੇ ਜਾਂ ਅਜਿਹੇ ਵਿਅਕਤੀ ਨੂੰ ਵੋਟ ਪਾਉਣਗੇ
ਅੰਮ੍ਰਿਤਸਰ: ਸਾਬਕਾ ਸੰਸਦੀ ਸਕੱਤਰ ਨਵਜੋਤ ਕੌਰ ਸਿੱਧੂ ਨੇ ਅੱਜ ਪੂਰਬੀ ਵਿਧਾਨ ਸਭਾ ਹਲਕੇ 'ਚ ਆਪਣੇ ਪਤੀ ਨਵਜੋਤ ਸਿੱਧੂ ਦੇ ਹੱਕ ਵਿੱਚ ਡੋਰ-ਟੂ-ਡੋਰ ਚੋਣ ਪ੍ਰਚਾਰ ਕੀਤਾ। ਇਸ ਮੌਕੇ ਨਵਜੋਤ ਕੌਰ ਸਿੱਧੂ ਨੇ ਕਿਹਾ ਮੁੱਖ ਮੰਤਰੀ ਦੇ ਅਹੁਦੇ 'ਤੇ ਉਹ ਵਿਅਕਤੀ ਬੈਠਣਾ ਚਾਹੀਦਾ ਹੈ ਜੋ ਪੰਜਾਬ ਦਾ ਭਲਾ ਚਾਹੁੰਦਾ ਹੋਵੇ। ਉਨ੍ਹਾਂ ਕਿਹਾ ਕਿ ਪਿਛਲੀ ਵਾਰ ਨਾਲੋਂ ਇਸ ਵਾਰ ਚੋਣ ਥੋੜ੍ਹੀ ਔਖੀ ਹੈ ਪਰ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੰਨਣੀਆਂ ਪੈਣਗੀਆਂ।
ਉਨ੍ਹਾਂ ਕਿਹਾ ਕਿ ਸਾਨੂੰ ਕਦੇ ਵੀ ਇੰਨੀ ਤਾਕਤ ਨਹੀਂ ਮਿਲੀ ਕਿ ਅਸੀਂ ਪੂਰੀ ਸਮਰੱਥਾ ਨਾਲ ਕੰਮ ਕਰ ਸਕੀਏ। ਅਸੀਂ ਕਈ ਮੇਜਰ ਪ੍ਰੋਜੈਕਟ ਅੰਮ੍ਰਿਤਸਰ ਸ਼ਹਿਰ ਲਈ ਲੈ ਕੇ ਆਏ ਪਰ ਕੈਪਟਨ ਅਮਰਿੰਦਰ ਸਿੰਘ ਨੂੰ ਪਤਾ ਨਹੀਂ ਸਾਡੇ ਨਾਲ ਕੀ ਸਮੱਸਿਆ ਸੀ। ਅਸੀਂ ਇੱਕੋ ਮੰਗ ਰੱਖੀ ਸੀ ਕਿ ਕੋਈ ਪੈਸਾ ਨਹੀਂ ਖਾਣ ਦਿੱਤਾ ਜਾਵੇਗਾ।
ਬਿਕਰਮ ਮਜੀਠੀਆ ਦੇ ਪੂਰਬੀ ਹਲਕੇ ਤੋਂ ਚੋਣ ਲੜਨ ਦੀਆਂ ਚੱਲ ਰਹੀਆਂ ਕਿਆਸਅਰਾਈਆਂ 'ਤੇ ਉਨ੍ਹਾਂ ਕਿਹਾ ਕਿ ਪੂਰਬੀ ਹਲਕੇ ਦੇ ਲੋਕ ਬੇਵਕੂਫ ਨਹੀਂ ਕਿ ਕਿਸੇ ਗੁੰਡੇ ਨੂੰ ਵੋਟ ਪਾ ਦੇਣਗੇ ਜਾਂ ਅਜਿਹੇ ਵਿਅਕਤੀ ਨੂੰ ਵੋਟ ਪਾਉਣਗੇ ਜੋ ਘਰ-ਘਰ ਨਸ਼ਾ ਵੇਚਣਾ ਲਾ ਦੇਵੇ। ਉਨ੍ਹਾਂ ਕਿਹਾ ਕਿ ਮਜੀਠੀਆ ਤੇ ਅਕਾਲੀ ਦਲ ਨੇ ਕੇਸ ਦਰਜ ਹੋਣ ਤੋਂ ਰੋਕੇ ਹੋਏ ਸਨ। ਮੈਡਮ ਸਿੱਧੂ ਨੇ ਕਿਹਾ ਮਜੀਠੀਆ ਨਾਲ ਸਾਡੀ ਕੋਈ ਨਿੱਜੀ ਦੁਸ਼ਮਣੀ ਨਹੀਂ।
ਸੁਖਬੀਰ ਬਾਦਲ ਬਾਰੇ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਉਸ ਨੂੰ ਨਸ਼ੇ ਦੇ ਲੋਰ 'ਚ ਕੁਝ ਪਤਾ ਨਹੀਂ ਲੱਗਦਾ ਕਿ ਕੀ ਬੋਲਣਾ ਹੈ। ਭਗਵੰਤ ਮਾਨ ਨੂੰ ਆਪ ਵੱਲੋਂ ਸੀਐਮ ਦਾ ਉਮੀਦਵਾਰ ਐਲਾਨੇ ਜਾਣ 'ਤੇ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਭਗਵੰਤ ਮਾਨ ਸਿੱਧਾ ਬੰਦਾ ਹੈ ਤੇ ਅਜਿਹਾ ਬੰਦਾ ਸ਼ਰਾਬ ਪੀਕੇ ਡਿੱਗਦਾ ਫਿਰਦਾ ਹੋਵੇ, ਉਹ ਮੁੱਖ ਮੰਤਰੀ ਦੇ ਅਹੁਦੇ ਲਈ ਕਾਬਲ ਨਹੀਂ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚੰਨੀ ਨੇ ਬਿਲਕੁਲ ਕੈਪਟਨ ਦੇ ਉਲਟ ਤੇ ਵਧੀਆ ਕੰਮ ਕੀਤਾ। ਉਨ੍ਹਾਂ ਕਿਹਾ ਕਿ ਰਾਤੋ-ਰਾਤ ਨਾਜਾਇਜ ਮਾਈਨਿੰਗ, ਨਕਲੀ ਸ਼ਰਾਬ ਦੇ ਕੰਮ ਬੰਦ ਨਹੀਂ ਹੋ ਸਕਦੇ, ਇਸ ਨੂੰ ਸਮਾਂ ਲੱਗਦਾ ਹੈ। ਈਡੀ ਦੀ ਰੇਡ 'ਤੇ ਮੈਡਮ ਸਿੱਧੂ ਨੇ ਕਿਹਾ ਕਿ ਅੱਜ-ਕੱਲ੍ਹ ਆਪਣੇ ਪੁੱਤ ਦਾ ਨਹੀਂ ਪਤਾ ਉਹ ਕੀ ਕਰ ਰਿਹਾ ਹੈ ਤੇ ਕਿਸੇ ਰਿਸ਼ਤੇਦਾਰ ਕਰਕੇ ਸੀਐਮ ਨੂੰ ਨਹੀਂ ਨਿੰਦਣਾ ਚਾਹੀਦਾ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਨੂੰ ਸੁਪਨਾ ਆਇਆ ਕਿ ਚੰਨੀ ਕੋਲ ਪੈਸੇ ਹਨ ਤੇ ਜੇ ਇੰਨਾ ਹੀ ਪਤਾ ਸੀ ਤਾਂ ਪਹਿਲਾਂ ਸ਼ਿਕਾਇਤ ਕਰ ਦਿੰਦੇ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin