(Source: ECI/ABP News/ABP Majha)
ਪੰਜਾਬ ਨੂੰ ਰਿਵਾਇਤੀ ਸਿਆਸੀ ਪਾਰਟੀਆਂ ਤੋਂ ਬਚਾਉਣ ਦਾ ਸੁਨਿਹਰੀ ਮੌਕਾ: ਭਗਵੰਤ ਮਾਨ
ਅੰਮ੍ਰਿਤਸਰ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਮੰਤਰੀ ਦੇ ਉਮੀਦਵਾਰ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਜ਼ਿਲਾ ਸ੍ਰੀ ਅੰਮ੍ਰਿਤਸਰ ਵਿੱਚ ਚੋਣ ਪ੍ਰਚਾਰ ਕਰਦਿਆਂ ਪਾਰਟੀ ਦੇ ਚਾਰ ਉਮੀਦਵਾਰਾਂ ਹੱਕ ਵਿੱਚ ਚੋਣ ਜਲਸਿਆਂ ਨੂੰ ਸੰਬੋਧਨ ਕੀਤਾ।
ਅੰਮ੍ਰਿਤਸਰ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਮੰਤਰੀ ਦੇ ਉਮੀਦਵਾਰ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਜ਼ਿਲਾ ਸ੍ਰੀ ਅੰਮ੍ਰਿਤਸਰ ਵਿੱਚ ਚੋਣ ਪ੍ਰਚਾਰ ਕਰਦਿਆਂ ਪਾਰਟੀ ਦੇ ਚਾਰ ਉਮੀਦਵਾਰਾਂ (ਏ.ਡੀ.ਸੀ) ਜਸਵਿੰਦਰ ਸਿੰਘ, ਬਲਦੇਵ ਸਿੰਘ , ਕੁਲਦੀਪ ਸਿੰਘ ਧਾਲੀਵਾਲ , ਸੁਖਜਿੰਦਰ ਰਾਜ ਸਿੰਘ (ਲਾਲੀ ਮਜੀਠੀਆ) ਦੇ ਹੱਕ ਵਿੱਚ ਚੋਣ ਜਲਸਿਆਂ ਨੂੰ ਸੰਬੋਧਨ ਕੀਤਾ। ਚੋਣ ਜਲਸਿਆਂ ਨੂੰ ਸੰਬੋਧਨ ਕਰਦਿਆਂ ਮਾਨ ਨੇ ਅੰਮ੍ਰਿਤਸਰ ਦੇ ਵੋਟਰਾਂ ਨੂੰ ਅਪੀਲ ਕੀਤੀ, ''70 ਸਾਲਾਂ ਤੋਂ ਲੁੱਟ ਲੁੱਟ ਕੇ ਪੰਜਾਬ ਨੂੰ ਬਰਬਾਦ ਕਰ ਰਹੀਆਂ ਰਿਵਾਇਤੀ ਸਿਆਸੀ ਪਾਰਟੀਆਂ ਤੋਂ ਪੰਜਾਬ ਨੂੰ ਬਚਾਉਣ ਦਾ ਇਹ ਸੁਨਿਹਰੀ ਮੌਕਾ ਹੈ।''
ਭਗਵੰਤ ਮਾਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇੱਕ ਪਾਸੇ ਉਹ ਲੋਕ ਨੇ ਜਿਨਾਂ ਨੇ ਪੰਜਾਬ ਵਿੱਚ ਦੁੱਧ ਦੀ ਥਾਂ ਨਸ਼ੇ ਦੀਆਂ ਨਦੀਆਂ ਵਹਾਈਆਂ ਹਨ ਅਤੇ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਵਿੱਚ ਡੁਬਣ ਜਾਂ ਵਿਦੇਸ਼ ਜਾਣ ਲਈ ਮਜ਼ਬੂਰ ਕੀਤਾ ਹੈ, ਦੂਜੇ ਪਾਸੇ ਉਹ ਸੁਹਿਰਦ ਲੋਕ ਹਨ ਜਿਨਾਂ ਨੇ ਪੰਜਾਬ ਨੂੰ ਮੁੜ ਖੁਸ਼ਹਾਲ ਅਤੇ ਹੱਸਦਾ ਪੰਜਾਬ ਬਣਾਉਣ ਦਾ ਸੰਕਲਪ ਲਿਆ ਹੈ। ਇਸ ਲਈ ਅੰਮ੍ਰਿਤਸਰ ਦੇ ਲੋਕ 20 ਫਰਵਰੀ ਨੂੰ 'ਝਾੜੂ' ਵਾਲਾ ਬਟਨ ਦੱਬ ਕੇ ਨਵੇਂ ਸੰਕਲਪ ਦੇ ਹੱਕ ਵਿੱਚ ਵੋਟਾਂ ਪਾਉਣ।
ਚੋਣ ਪ੍ਰਚਾਰ ਦੌਰਾਨ ਮਾਨ ਨੇ ਹਲਕਾ ਅਟਾਰੀ ਦੇ ਉਮੀਦਵਾਰ (ਏ.ਡੀ.ਸੀ) ਜਸਵਿੰਦਰ ਸਿੰਘ ਦੇ ਹੱਕ 'ਚ ਖਾਸਾ ਅਤੇ ਅਟਾਰੀ ਵਿਖੇ, ਰਾਜਾਸਾਂਸੀ ਦੇ ਉਮੀਦਵਾਰ ਬਲਦੇਵ ਸਿੰਘ ਦੇ ਹੱਕ 'ਚ ਚੁਗਾਵਾਂ ਅਤੇ ਰਾਜਾਸਾਂਸੀ, ਅਜਨਾਲਾ ਦੇ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਦੇ ਹੱਕ ਵਿੱਚ ਅਜਨਾਲਾ ਅਤੇ ਰਮਦਾਸ, ਜਦੋਂ ਕਿ ਮਜੀਠਾ ਦੇ ਉਮੀਦਵਾਰ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ ਦੇ ਹੱਕ ਵਿੱਚ ਚਵਿੰਡਾ ਦੇਵੀ ਅਤੇ ਮਜੀਠਾ ਬੱਸ ਅੱਡਾ ਵਿਖੇ ਚੋਣ ਰੈਲੀਆਂ ਨੂੰ ਸੰਬੋਧਨ ਕੀਤਾ।
ਭਗਵੰਤ ਮਾਨ ਨੇ ਕਿਹਾ ਕਿ ਸ੍ਰੀ ਅੰਮ੍ਰਿਤਸਰ ਜ਼ਿਲਾ ਪੰਜਾਬ ਦਾ ਸਭ ਤੋਂ ਅਹਿਮ ਅਤੇ ਪ੍ਰਸਿੱਧ ਜ਼ਿਲਾ ਹੋਣ ਦੇ ਬਾਵਜੂਦ ਅਧੁਨਿਕ ਤਰੱਕੀ ਦੀ ਦੌੜ ਵਿੱਚ ਪਿੱਛੇ ਰਹਿ ਗਿਆ ਹੈ। ਕਾਂਗਰਸ, ਅਕਾਲੀ ਦਲ ਬਾਦਲ ਅਤੇ ਭਾਰਤੀ ਜਨਤਾ ਪਾਰਟੀ ਦੀਆਂ ਸਰਕਾਰਾਂ ਨੇ ਇਸ ਸਰਹੱਦੀ ਹਲਕੇ 'ਚ ਸਕੂਲਾਂ, ਕਾਲਜਾਂ, ਹਸਪਤਾਲਾਂ ਦੀ ਤਰੱਕੀ ਲਈ ਕੋਈ ਕਦਮ ਨਹੀਂ ਚੁੱਕਿਆ। ਉਦਯੋਗਾਂ ਨੂੰ ਬਰਬਾਦ ਕਰ ਦਿੱਤਾ। ਇੱਥੋਂ ਦੇ ਖਾਨਦਾਨੀ ਸਿਆਸੀ ਆਗੂ ਲੋਕਾਂ ਦੀਆਂ ਵੋਟਾਂ ਲੈ ਕੇ ਚੰਡੀਗੜ ਜਾ ਬੈਠਦੇ ਹਨ, ਜਿਸ ਕਰਕੇ ਅਟਾਰੀ, ਰਾਜਾਸਾਂਸੀ, ਅਜਨਾਲਾ ਅਤੇ ਮਜੀਠੀਆ ਹਲਕੇ ਦੇ ਲੋਕ ਵੱਖ- ਵੱਖ ਤਰਾਂ ਦੀਆਂ ਸਮੱਸਿਆਵਾਂ ਨਾਲ ਜੂਝ ਰਹੇ ਹਨ।
ਉਨਾਂ ਕਿਹਾ ਕਿ ਚੰਗੀ ਸਿੱਖਿਆ, ਇਲਾਜ, ਸਸਤੀ ਬਿਜਲੀ ਮੁਫ਼ਤ ਪਾਣੀ, ਬੀਬੀਆਂ- ਭੈਣਾਂ ਲਈ ਮਹੀਨਾਵਾਰ ਭੱਤੇ ਜਿਹੀਆਂ ਸਹੂਲਤਾਂ ਦੇਣ ਲਈ ਆਮ ਆਦਮੀ ਪਾਰਟੀ ਪੰਜਾਬ ਵਿੱਚ ਆਈ ਹੈ, ਇਸ ਲਈ ਉਹ ਲੋਕਾਂ ਦਾ ਸਾਥ ਮੰਗਣ ਲਈ ਸ੍ਰੀ ਅੰਮ੍ਰਿਤਸਰ ਦੇ ਹਲਕਿਆਂ ਵਿੱਚ ਆਏ ਹਨ।
ਭਗਵੰਤ ਮਾਨ ਨੇ ਉਮੀਦ ਪ੍ਰਗਟ ਕੀਤੀ ਕਿ ਮਜੀਠੀਆ, ਰਾਜਾਸਾਂਸੀ, ਅਜਨਾਲਾ ਅਤੇ ਅਟਾਰੀ ਦੇ ਸੂਝਵਾਨ ਵੋਟਰ ਇਸ ਵਾਰ ਆਪਣੇ ਆਪ ਨੂੰ ਵੋਟਾਂ ਪਾ ਕੇ ਲਾਲੀ ਮਜੀਠੀਆ, ਕੁਲਦੀਪ ਸਿੰਘ ਧਾਲੀਵਾਲ, ਬਲਦੇਵ ਸਿੰਘ ਅਤੇ ਜਸਵਿੰਦਰ ਸਿੰਘ ਨੂੰ ਜ਼ਰੂਰ ਵਿਧਾਨ ਸਭਾ ਵਿੱਚ ਭੇਜਣਗੇ ਤਾਂ ਜੋ ਆਮ ਆਦਮੀ ਪਾਰਟੀ ਦੀ ਮਜ਼ਬੂਤ ਸਰਕਾਰ ਬਣਾਈ ਜਾ ਸਕੇ।
ਇਹ ਵੀ ਪੜ੍ਹੋ: ਨਵਜੋਤ ਸਿੰਘ ਸਿੱਧੂ ਦੀ ਧੀ ਰਾਬੀਆ ਨੇ ਵਿਆਹ ਲਈ ਰੱਖੀ ਸ਼ਰਤ, ਪਿਤਾ ਦੀ ਜਿੱਤ ਤੋਂ ਬਾਅਦ...
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904