Punjab News: ਬਾਰਸ਼ ਦੇ ਸੀਜ਼ਨ ਤੋਂ ਪਹਿਲਾਂ ਪੰਜਾਬ ਸਰਕਾਰ ਅਲਰਟ, ਹੜ੍ਹ ਰੋਕਣ ਲਈ ਐਕਸ਼ਨ ਮੋਡ 'ਚ ਪ੍ਰਸਾਸ਼ਨ, ਸੀਐਮ ਮਾਨ ਨੇ ਦਿੱਤਾ 30 ਜੂਨ ਤੱਕ ਦਾ ਅਲਟੀਮੇਟਮ
ਹੜ੍ਹਾਂ ਕਾਰਨ ਮਨੁੱਖੀ ਜਾਨਾਂ, ਪਸੂ ਧਨ, ਜਾਇਦਾਦ ਤੇ ਖੜ੍ਹੀਆਂ ਫਸਲਾਂ ਦੇ ਹੋਏ ਭਾਰੀ ਨੁਕਸਾਨ ‘ਤੇ ਚਿੰਤਾ ਜਾਹਰ ਕਰਦਿਆਂ CM ਮਾਨ ਨੇ ਵਿਭਾਗ ਨੂੰ ਹਦਾਇਤ ਕੀਤੀ ਕਿ ਪਿਛਲੇ ਸਮੇਂ ਦੌਰਾਨ ਆਏ ਹੜ੍ਹਾਂ ਦੀ ਸੰਭਾਵਨਾ ਨੂੰ ਖਤਮ ਕਰਨ ਲਈ ਹਰ ਸੰਭਵ ਕਦਮ ਚੁੱਕੇ ਜਾਣ।

Punjab News: ਬਾਰਸ਼ ਦੇ ਸੀਜ਼ਨ ਤੋਂ ਪਹਿਲਾਂ ਪੰਜਾਬ ਸਰਕਾਰ ਅਲਰਟ ਹੋ ਗਈ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਸੋਮਵਾਰ ਨੂੰ ਸੂਬਾਈ ਹੜ੍ਹ ਕੰਟਰੋਲ ਬੋਰਡ ਨਾਲ ਮੀਟਿੰਗ ਦੀ ਕੀਤੀ। ਉਨ੍ਹਾਂ ਨੇ 30 ਜੂਨ ਤੱਕ ਹੜ੍ਹ ਰੋਕੂ ਪ੍ਰਬੰਧ ਮੁਕੰਮਲ ਕਰਨ ਤੇ ਜਲ ਸਰੋਤਾਂ ਦੀ ਸਫਾਈ ਕਰਨ ਦੇ ਹੁਕਮ ਦਿੱਤੇ ਹਨ। ਉਨ੍ਹਾਂ ਕਿਹਾ ਕਿ ਹੜ੍ਹਾਂ ਕਾਰਨ ਹੋਣ ਵਾਲੇ ਨੁਕਸਾਨ ਨੂੰ ਰੋਕਣ ਲਈ ਸੂਬਾ ਸਰਕਾਰ ਪੂਰੀ ਤਰ੍ਹਾਂ ਤਿਆਰ ਹੈ। ਲੋਕਾਂ ਨੂੰ ਕਿਸੇ ਕਿਸਮ ਦੀ ਮੁਸਕਲ ਨਹੀਂ ਆਉਣ ਦਿੱਤੀ ਜਾਵੇਗੀ।
ਸੂਬੇ ਵਿੱਚ ਚੱਲ ਰਹੇ ਹੜ੍ਹ ਰੋਕੂ ਕੰਮਾਂ ਦਾ ਜਾਇਜਾ ਲੈਣ ਲਈ ਸੂਬਾਈ ਹੜ੍ਹ ਕੰਟਰੋਲ ਬੋਰਡ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਡਰੇਨਾਂ ਦੀ ਕੁੱਲ ਲੰਬਾਈ 8136.76 ਕਿਲੋਮੀਟਰ ਤੇ ਧੁੱਸੀ ਬੰਨ੍ਹਾਂ ਦੀ ਲੰਬਾਈ 1365 ਕਿਲੋਮੀਟਰ ਹੈ। ਉਨ੍ਹਾਂ ਦੱਸਿਆ ਕਿ ਸਾਲ 2022 ਵਿੱਚ ਡਰੇਨਾਂ ਦੀ ਸਫਾਈ ਦੇ 232 ਕੰਮਾਂ ‘ਤੇ 34.85 ਕਰੋੜ ਰੁਪਏ ਤੇ 100 ਹੜ੍ਹ ਰੋਕੂ ਕੰਮਾਂ ‘ਤੇ 48.32 ਕਰੋੜ ਰੁਪਏ ਖਰਚ ਕੀਤੇ ਗਏ ਹਨ। ਭਗਵੰਤ ਮਾਨ ਨੇ ਦੱਸਿਆ ਕਿ ਇਸ ਸਾਲ ਹੜ੍ਹ ਰੋਕੂ ਕੰਮਾਂ ‘ਤੇ ਹੁਣ ਤੱਕ 39.90 ਕਰੋੜ ਰੁਪਏ ਤੇ ਡ੍ਰੇਨਾਂ ਦੀ ਸਫਾਈ ‘ਤੇ 39.43 ਕਰੋੜ ਰੁਪਏ ਖਰਚੇ ਜਾ ਚੁੱਕੇ ਹਨ।
ਅੱਜ ਸਟੇਟ ਫਲੱਡ ਕੰਟਰੋਲ ਬੋਰਡ ਦੀ ਅਹਿਮ ਮੀਟਿੰਗ ਹੋਈ ਜਿਸ 'ਚ ਆਉਣ ਵਾਲੇ ਮਾਨਸੂਨ 'ਚ ਹੜ੍ਹ ਦੇ ਸੰਭਾਵੀ ਨੁਕਸਾਨ ਤੋਂ ਬਚਣ ਲਈ ਕੀਤੀਆਂ ਤਿਆਰੀਆਂ ਨੂੰ ਲੈਕੇ ਚਰਚਾ ਕੀਤੀ...
— Bhagwant Mann (@BhagwantMann) May 29, 2023
ਸਾਡੀ ਸਰਕਾਰ ਵੱਲੋਂ ਤਿਆਰੀਆਂ ਪੂਰੀਆਂ ਨੇ...30 ਜੂਨ ਤੱਕ ਨਹਿਰਾਂ ਦੀ ਸਫਾਈ ਦਾ ਕੰਮ ਮੁਕੰਮਲ ਹੋ ਜਾਵੇਗਾ...ਲੋਕਾਂ ਨੂੰ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ... pic.twitter.com/SBkjzJdMVp
ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚ ਕੰਮ ਚੱਲ ਰਿਹਾ ਹੈ ਤੇ ਪੁਲਾਂ ਦੇ ਹੇਠਾਂ ਜਲ ਸਰੋਤਾਂ ਦੀ ਸਫਾਈ ਤੇ ਜਲ ਸਰੋਤਾਂ ਵਿੱਚੋਂ ਗਾਰ ਕੱਢਣ ਦੇ ਨਾਲ-ਨਾਲ ਬਾਰਸਾਂ ਕਾਰਨ ਅਕਸਰ ਹੜ੍ਹਾਂ ਦੀ ਸੰਭਾਵਨਾ ਵਾਲੀਆਂ ਥਾਵਾਂ ਨੂੰ ਮਜਬੂਤ ਕਰਨ ਦਾ ਕੰਮ ਸੁਰੂ ਕਰ ਦਿੱਤਾ ਗਿਆ ਹੈ। ਭਗਵੰਤ ਮਾਨ ਨੇ ਕਿਹਾ ਕਿ ਸੂਬੇ ਭਰ ਦੇ ਡਿਪਟੀ ਕਮਿਸਨਰਾਂ ਨਾਲ ਤਾਲਮੇਲ ਕਰਕੇ ਉਨ੍ਹਾਂ ਨੂੰ ਹੜ੍ਹ ਰੋਕੂ ਕੰਮਾਂ ਦੀ ਬਾਕਾਇਦਾ ਨਿਗਰਾਨੀ ਕਰਨ ਲਈ ਕਿਹਾ ਗਿਆ ਹੈ।
ਉਨ੍ਹਾਂ ਕਿਹਾ ਕਿ ਹੜ੍ਹਾਂ ਕਾਰਨ ਮਨੁੱਖੀ ਜਾਨਾਂ, ਪਸੂ ਧਨ, ਜਾਇਦਾਦ ਤੇ ਖੜ੍ਹੀਆਂ ਫਸਲਾਂ ਦੇ ਹੋਏ ਭਾਰੀ ਨੁਕਸਾਨ ‘ਤੇ ਚਿੰਤਾ ਜਾਹਰ ਕਰਦਿਆਂ ਉਨ੍ਹਾਂ ਨੇ ਵਿਭਾਗ ਨੂੰ ਹਦਾਇਤ ਕੀਤੀ ਕਿ ਪਿਛਲੇ ਸਮੇਂ ਦੌਰਾਨ ਆਏ ਹੜ੍ਹਾਂ ਦੀ ਸੰਭਾਵਨਾ ਨੂੰ ਖਤਮ ਕਰਨ ਲਈ ਹਰ ਸੰਭਵ ਕਦਮ ਚੁੱਕੇ ਜਾਣ।
ਮੁੱਖ ਮੰਤਰੀ ਨੇ ਕਿਹਾ ਕਿ ਇਸ ਲਈ ਚੈੱਕ ਡੈਮਾਂ ਦੀ ਉਸਾਰੀ, ਰੁੱਖ ਲਾਉਣ, ਖਾਸ ਕਰਕੇ ਬਾਂਸ ਤੇ ਹੋਰ ਬੂਟੇ ਲਗਾਉਣ ਨੂੰ ਉਤਸਾਹਿਤ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਹ ਖੁਸੀ ਦੀ ਗੱਲ ਹੈ ਕਿ ਚੈੱਕ ਡੈਮਾਂ ਦੀ ਉਸਾਰੀ ਲਈ 485 ਥਾਵਾਂ ਦੀ ਸਨਾਖਤ ਕੀਤੀ ਗਈ ਹੈ ਤੇ 151 ਅਜਿਹੇ ਚੈੱਕ ਡੈਮ ਪਹਿਲਾਂ ਹੀ ਬਣਾਏ ਜਾ ਚੁੱਕੇ ਹਨ। ਭਗਵੰਤ ਮਾਨ ਨੇ ਦੱਸਿਆ ਕਿ ਡੈਮਾਂ ਦੀ ਉਸਾਰੀ ਲਈ ਹੋਰ ਥਾਵਾਂ ਦੀ ਸ਼ਨਾਖਤ ਵੀ ਕੀਤੀ ਜਾ ਰਹੀ ਹੈ ਤੇ 66.73 ਕਿਲੋਮੀਟਰ ਥਾਂ ਉਤੇ ਬਾਂਸ ਦੇ ਬੂਟੇ ਵੀ ਲਾਏ ਜਾ ਚੁੱਕੇ ਹਨ।
ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਦੱਖਣ-ਪੱਛਮੀ ਪੰਜਾਬ ਵਿੱਚ ਹੜ੍ਹਾਂ ਨੂੰ ਰੋਕਣ ਲਈ ਸੂਬਾ ਸਰਕਾਰ ਨੇ ਕੁਝ ਡਰੇਨਾਂ ਦੇ ਰਾਹ ਨੂੰ ਦਰੁਸਤ ਕਰਨ, ਨੀਵੇਂ ਇਲਾਕਿਆਂ ਨੂੰ ਨਹਿਰਾਂ ਨਾਲ ਜੋੜਨ ਲਈ ਪਾਈਪਾਂ ਵਿਛਾਉਣ ਤੇ ਪੁਲਾਂ ਨੂੰ ਦੁਬਾਰਾ ਬਣਾਉਣ ਵਰਗੇ ਕਈ ਉਪਰਾਲੇ ਕੀਤੇ ਹਨ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਉਹ ਸਰਕਾਰੀ ਫੰਡਾਂ ਦੀ ਵੱਧ ਤੋਂ ਵੱਧ ਵਰਤੋਂ ਨੂੰ ਯਕੀਨੀ ਬਣਾ ਕੇ ਕੰਮ ਨੂੰ ਉੱਚ ਗੁਣਵੱਤਾ ਨਾਲ ਨੇਪਰੇ ਚਾੜ੍ਹਨ ਨੂੰ ਯਕੀਨੀ ਬਣਾਉਣ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਹੜ੍ਹਾਂ ਦੀ ਮਾਰ ਤੋਂ ਬਚਾਉਣ ਲਈ ਵਚਨਬੱਧ ਹੈ, ਜਿਸ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।
Before You Go
Khanauri Border ’ਤੇ Kisan Andolan ਨੂੰ ਲੈ ਕੇ Governor Kataria ਦਾ ਵੱਡਾ ਬਿਆਨ | Abp Sanjha | Shorts
ਟ੍ਰੈਂਡਿੰਗ ਟੌਪਿਕ















