ਪੀਜੀਆਈ ਦਾ ਦਾਅਵਾ ਪੰਜਾਬ ਸਰਕਾਰ ਨੇ ਨਹੀਂ ਭੇਜਿਆ ਕੋਈ ਫੰਡ, ਫਿਰ ਪੰਜਾਬ ਦੇ ਮਰੀਜ਼ਾਂ ਦਾ ਇਲਾਜ ਸ਼ੁਰੂ
ਪੰਜਾਬ ਸਰਕਾਰ ਵੱਲੋਂ ਅਜੇ ਵੀ ਪੀਜੀਆਈ ਨੂੰ ਫੰਡ ਮੁਹੱਈਆ ਨਹੀਂ ਕਰਵਾਏ। ਇਸ ਦੇ ਬਾਵਜੂਦ ਪੀਜੀਆਈ ਨੇ ਪੰਜਾਬ ਦੇ ਮਰੀਜ਼ਾਂ ਦਾ ਆਪਣੇ ਤੌਰ 'ਤੇ ਇਲਾਜ ਸ਼ੁਰੂ ਕਰ ਦਿੱਤਾ ਹੈ। ਇਹ ਦਾਅਵਾ ਪੀਜੀਆਈ ਦੇ ਡਾਇਰੈਕਟਰ ਪ੍ਰੋਫੈਸਰ ਵਿਵੇਕ ਲਾਲ ਨੇ ਕੀਤਾ ਹੈ।
ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਅਜੇ ਵੀ ਪੀਜੀਆਈ ਨੂੰ ਫੰਡ ਮੁਹੱਈਆ ਨਹੀਂ ਕਰਵਾਏ। ਇਸ ਦੇ ਬਾਵਜੂਦ ਪੀਜੀਆਈ ਨੇ ਪੰਜਾਬ ਦੇ ਮਰੀਜ਼ਾਂ ਦਾ ਆਪਣੇ ਤੌਰ 'ਤੇ ਇਲਾਜ ਸ਼ੁਰੂ ਕਰ ਦਿੱਤਾ ਹੈ। ਇਹ ਦਾਅਵਾ ਪੀਜੀਆਈ ਦੇ ਡਾਇਰੈਕਟਰ ਪ੍ਰੋਫੈਸਰ ਵਿਵੇਕ ਲਾਲ ਨੇ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਤੋਂ ਕੋਈ ਪੈਸਾ ਨਹੀਂ ਆਇਆ ਪਰ ਅਸੀਂ ਇਲਾਜ ਸ਼ੁਰੂ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਕੇਂਦਰੀ ਸਿਹਤ ਮੰਤਰਾਲੇ ਦੇ ਹੁਕਮਾਂ 'ਤੇ ਮਰੀਜ਼ਾਂ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ। ਇਹ ਇਲਾਜ ਇੱਕ ਘੰਟੇ ਵਿੱਚ ਸ਼ੁਰੂ ਹੋ ਜਾਵੇਗਾ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ 15 ਕਰੋੜ ਰੁਪਏ ਦੇ ਬਕਾਏ ਦਾ ਭੁਗਤਾਨ ਅਜੇ ਵੀ ਨਹੀਂ ਕੀਤਾ। ਦੱਸ ਦਈਏ ਕਿ ਪੰਜਾਬ ਸਰਕਾਰ ਵੱਲੋਂ ਬਕਾਇਆ ਅਦਾ ਨਾ ਕਰਨ ਕਰਕੇ ‘ਆਯੂਸ਼ਮਾਨ ਸਕੀਮ’ ਤਹਿਤ ਪੰਜਾਬ ਦੇ ਮਰੀਜ਼ਾਂ ਦਾ ਇਲਾਜ ਬੰਦ ਕਰ ਦਿੱਤਾ ਗਿਆ ਸੀ। ਇਸ ਮਗਰੋਂ ਪੰਜਾਬ ਸਰਕਾਰ ਨੇ ਦਾਅਵਾ ਕੀਤਾ ਸੀ ਕਿ ਇਹ ਬਕਾਇਆ ਰਾਸ਼ੀ ਅਦਾ ਕਰ ਦਿੱਤੀ ਗਈ ਹੈ ਪਰ ਹੁਣ ਪੀਜੀਆਈ ਦੇ ਡਾਇਰੈਕਟਰ ਵਿਵੇਕ ਲਾਲ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਤੋਂ ਕੋਈ ਫੰਡ ਪ੍ਰਾਪਤ ਨਹੀਂ ਹੋਏ।
ਅਹਿਮ ਗੱਲ ਹੈ ਕਿ ਪੀਜੀਆਈ ਤੋਂ ਇਲਾਵਾ ਪੰਜਾਬ ਦੇ ਸੈਂਕੜੇ ਪ੍ਰਾਈਵੇਟ ਹਸਪਤਾਲਾਂ ਵਿੱਚ ਵੀ ‘ਆਯੂਸ਼ਮਾਨ ਸਕੀਮ’ ਤਹਿਤ ਮਰੀਜ਼ਾਂ ਦਾ ਇਲਾਜ ਠੱਪ ਹੋ ਗਿਆ। ਇਸ ਸਕੀਮ ਵਾਲੇ ਗ਼ਰੀਬ ਤੇ ਲੋੜਵੰਦ ਮਰੀਜ਼ਾਂ ਲਈ ਪ੍ਰਾਈਵੇਟ ਹਸਪਤਾਲਾਂ ਨੇ ਬੂਹੇ ਬੰਦ ਕਰ ਲਏ। ਪੰਜਾਬ ਸਰਕਾਰ ਵੱਲੋਂ ਇਸ ਸਕੀਮ ਤਹਿਤ ਮਰੀਜ਼ਾਂ ਦੇ ਇਲਾਜ ਬਦਲੇ ਪ੍ਰਾਈਵੇਟ ਹਸਪਤਾਲਾਂ ਦੀ ਕਰੀਬ 260 ਕਰੋੜ ਦੀ ਰਾਸ਼ੀ ਜਾਰੀ ਨਹੀਂ ਕੀਤੀ ਗਈ। ਇੱਕ ਅੰਦਾਜ਼ੇ ਅਨੁਸਾਰ ਪੰਜਾਬ ਦੇ ਕਰੀਬ 500 ਪ੍ਰਾਈਵੇਟ ਹਸਪਤਾਲਾਂ ਨੇ ਮਰੀਜ਼ਾਂ ਨੂੰ ਇਸ ਸਕੀਮ ਤਹਿਤ ਇਲਾਜ ਦੇਣਾ ਬੰਦ ਕਰ ਦਿੱਤਾ ਹੈ।
ਦੱਸ ਦਈਏ ਕਿ ‘ਆਯੂਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਸਕੀਮ’ 20 ਅਗਸਤ 2019 ਨੂੰ ਸ਼ੁਰੂ ਕੀਤੀ ਗਈ ਸੀ ਜਿਸ ਤਹਿਤ ਪੰਜਾਬ ਵਿੱਚ 39.18 ਲੱਖ ਪਰਿਵਾਰਾਂ ਦਾ ਇਸ ਸਕੀਮ ਤਹਿਤ ਇਲਾਜ ਕਰਨਾ ਸੀ। ਕਰੀਬ 65 ਫ਼ੀਸਦੀ ਆਬਾਦੀ ਇਸ ਬੀਮਾ ਸਕੀਮ ਦਾ ਫ਼ਾਇਦਾ ਲੈਣ ਦੇ ਯੋਗ ਸੀ। ਇਨ੍ਹਾਂ ਵਿੱਚੋਂ 14.65 ਲੱਖ ਪਰਿਵਾਰਾਂ ਨੂੰ ਸਿਹਤ ਬੀਮਾ ਸਕੀਮ ਲਈ 60 ਫ਼ੀਸਦੀ ਰਾਸ਼ੀ ਕੇਂਦਰ ਸਰਕਾਰ ਵੱਲੋਂ ਅਦਾ ਕੀਤੀ ਜਾਂਦੀ ਹੈ ਜਦੋਂਕਿ ਬਾਕੀ 24.53 ਲੱਖ ਪਰਿਵਾਰਾਂ ਦੀ ਰਾਸ਼ੀ ਪੰਜਾਬ ਸਰਕਾਰ ਵੱਲੋਂ ਦਿੱਤੀ ਜਾਂਦੀ ਹੈ।