ਪੰਜਾਬ ਸਰਕਾਰ ਵੱਲੋਂ ਸੜਕ ਦੁਰਘਟਨਾਵਾਂ ਅਤੇ ਹਾਦਸਿਆਂ 'ਚ ਮੌਤ ਦਰ ਘਟਾਉਣ ਲਈ ਵਰਕਸ਼ਾਪ
ਆਰ. ਵੈਂਕਟ ਰਤਨਮ ਨੇ ਆਪਣੇ ਸੰਬੋਧਨ ਦੌਰਾਨ ਮੋਟਰ ਵਾਹਨ (ਸੋਧ) ਐਕਟ, 2019 ਦੀਆਂ ਨਵੀਆਂ ਵਿਵਸਥਾਵਾਂ ਅਤੇ ਇਸ ਦੇ ਲਾਗੂਕਰਨ ਖ਼ਾਸ ਕਰਕੇ ਫ਼ੀਸ/ਜੁਰਮਾਨੇ ਅਤੇ ਡਰਾਈਵਰਾਂ ਦੇ ਵਿਹਾਰ ਅਤੇ ਇਨ੍ਹਾਂ ਦੇ ਪ੍ਰਭਾਵਾਂ ਬਾਰੇ ਜਾਣਕਾਰੀ ਦਿੱਤੀ।
Punjab News: ਪੰਜਾਬ ਸਰਕਾਰ ਵੱਲੋਂ ਸੜਕ ਹਾਦਸਿਆਂ ਅਤੇ ਮੌਤ ਦਰ ਨੂੰ ਘਟਾਉਣ ਸਣੇ ਨਵੀਨਤਮ ਤਕਨਾਲੌਜੀ ਦੀ ਮਦਦ ਨਾਲ ਸੂਬੇ ਵਿੱਚ ਟ੍ਰੈਫਿਕ ਨਿਯਮਾਂ ਵਿੱਚ ਸੁਧਾਰ ਲਿਆਉਣ ਲਈ "ਟ੍ਰੈਫਿਕ ਪ੍ਰਬੰਧਨ ਅਤੇ ਮੋਟਰ ਵਾਹਨ (ਸੋਧ) ਐਕਟ, 2019 ਦੇ ਲਾਗੂਕਰਨ" ਵਿਸ਼ੇ 'ਤੇ ਦੋ ਰੋਜ਼ਾ ਵਰਕਸ਼ਾਪ ਇਥੋਂ ਦੇ ਮਹਾਤਮਾ ਗਾਂਧੀ ਰਾਜ ਲੋਕ ਪ੍ਰਸ਼ਾਸਨ ਸੰਸਥਾ (ਮੈਗਸੀਪਾ) ਵਿਖੇ ਕਰਵਾਈ ਜਾ ਰਹੀ ਹੈ।
ਵਰਕਸ਼ਾਪ ਵਿੱਚ ਪੰਜਾਬ ਭਰ ਤੋਂ ਪੁੱਜੇ ਟ੍ਰੈਫ਼ਿਕ ਪੁਲਿਸ ਅਤੇ ਹੋਰਨਾਂ ਅਧਿਕਾਰੀਆਂ ਨੂੰ ਸੰਬੋਧਨ ਕਰਦਿਆਂ ਸਕੱਤਰ ਟਰਾਂਸਪੋਰਟ ਵਿਕਾਸ ਗਰਗ ਨੇ ਟ੍ਰੈਫਿਕ ਪ੍ਰਬੰਧਨ ਵਿੱਚ ਨਵੀਂ ਤਕਨਾਲੌਜੀ ਜਿਵੇਂ ਸਪੀਡ ਕੈਮਰੇ, ਇੰਟਰਸੈਪਟਰ ਅਤੇ ਸੀ.ਸੀ.ਟੀ.ਵੀ. ਸਿਸਟਮ, ਵੱਡੇ ਸ਼ਹਿਰਾਂ ਵਿੱਚ ਟ੍ਰੈਫਿਕ ਦਾ ਪ੍ਰਵਾਹ ਨਿਰਵਿਘਨ ਚਲਣਾ ਯਕੀਨੀ ਬਣਾਉਣ ਲਈ ਟ੍ਰੈਫ਼ਿਕ ਲਾਈਟਾਂ ਦੀ ਸਿੰਕਿੰਗ ਦੀ ਲੋੜ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਇਸ ਦਿਸ਼ਾ ਵਿੱਚ ਨਿਰੰਤਰ ਯਤਨਸ਼ੀਲ ਹੈ ਅਤੇ ਮੋਟਰ ਵਾਹਨ (ਸੋਧ) ਐਕਟ, 2019 ਦੀਆਂ ਵਿਵਸਥਾਵਾਂ ਨੂੰ ਲਾਗੂ ਕਰਨਾ ਯਕੀਨੀ ਬਣਾ ਰਹੀ ਹੈ।
ਲੀਡ ਏਜੰਸੀ ਆਨ ਰੋਡ ਸੇਫਟੀ ਪੰਜਾਬ ਦੇ ਡਾਇਰੈਕਟਰ ਜਨਰਲ ਆਰ. ਵੈਂਕਟ ਰਤਨਮ ਨੇ ਆਪਣੇ ਸੰਬੋਧਨ ਦੌਰਾਨ ਮੋਟਰ ਵਾਹਨ (ਸੋਧ) ਐਕਟ, 2019 ਦੀਆਂ ਨਵੀਆਂ ਵਿਵਸਥਾਵਾਂ ਅਤੇ ਇਸ ਦੇ ਲਾਗੂਕਰਨ ਖ਼ਾਸ ਕਰਕੇ ਫ਼ੀਸ/ਜੁਰਮਾਨੇ ਅਤੇ ਡਰਾਈਵਰਾਂ ਦੇ ਵਿਹਾਰ ਅਤੇ ਇਨ੍ਹਾਂ ਦੇ ਪ੍ਰਭਾਵਾਂ ਬਾਰੇ ਜਾਣਕਾਰੀ ਦਿੱਤੀ। ਨਵੀਨਤਮ ਤਕਨਾਲੌਜੀ ਅਪਣਾ ਕੇ ਨਿਯਮਾਂ ਦਾ ਲਾਗੂਕਰਨ ਯਕੀਨੀ ਬਣਾਉਣ ਦੀ ਮਹੱਤਤਾ 'ਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ ਕਿ ਸਖ਼ਤ ਨਿਯਮਾਂ ਨਾਲ ਸਪੱਸ਼ਟ ਤੌਰ 'ਤੇ ਸੜਕੀ ਹਾਦਸਿਆਂ ਵਿੱਚ ਕਮੀ ਆਉਂਦੀ ਹੈ ਕਿਉਂ ਜੋ ਲੋਕਾਂ ਨੂੰ ਡਰ ਬਣਿਆ ਰਹਿੰਦਾ ਹੈ ਕਿ ਟ੍ਰੈਫਿਕ ਮੁਲਾਜ਼ਮਾਂ ਦੀ ਗ਼ੈਰ-ਮੌਜੂਦਗੀ ਵਿੱਚ ਵੀ ਤਕਨਾਲੌਜੀ ਦੀ ਮਦਦ ਨਾਲ ਨਿਯਮਾਂ ਦਾ ਲਾਗੂਕਰਨ ਯਕੀਨੀ ਬਣਾਇਆ ਜਾ ਰਿਹਾ ਹੈ।
ਵਰਕਸ਼ਾਪ ਦੌਰਾਨ ਸਟੇਟ ਟਰਾਂਸਪੋਰਟ ਕਮਿਸ਼ਨਰ ਵਿਮਲ ਸੇਤੀਆ ਨੇ ਸੜਕ ਦੁਰਘਟਨਾਵਾਂ ਨੂੰ ਘਟਾਉਣ ਦੇ ਉਪਾਵਾਂ, ਏ.ਡੀ.ਜੀ.ਪੀ.(ਟ੍ਰੈਫਿਕ) ਏ.ਐਸ. ਰਾਏ ਨੇ ਰਾਜ ਵਿੱਚ ਟ੍ਰੈਫਿਕ ਪ੍ਰਬੰਧਨ ਦੀ ਸਥਿਤੀ ਅਤੇ ਸਮੱਸਿਆਵਾਂ, ਟ੍ਰੈਫ਼ਿਕ ਸਲਾਹਕਾਰ ਡਾ. ਨਵਦੀਪ ਅਸੀਜਾ ਨੇ ਮੋਟਰ ਵਾਹਨ (ਸੋਧ) ਐਕਟ, 2019 ਵਿੱਚ ਖ਼ਾਸ ਤੌਰ 'ਤੇ ਸੜਕ ਸੁਰੱਖਿਆ ਅਤੇ ਇਸ ਦੇ ਲਾਗੂਕਰਨ ਨਾਲ ਸਬੰਧਤ ਸੋਧਾਂ ਬਾਰੇ ਸੰਖੇਪ ਜਾਣਕਾਰੀ ਦਿੱਤੀ ਜਦਕਿ ਸੀ.ਐਸ.ਸੀ.ਐਲ. ਚੰਡੀਗੜ੍ਹ ਦੇ ਨੁਮਾਇੰਦੇ ਸ੍ਰੀ ਅਸ਼ੀਸ਼ ਸ਼ਰਮਾ ਨੇ ਚੰਡੀਗੜ੍ਹ ਵਿੱਚ ਇੰਟੈਲੀਜੈਂਟ ਟ੍ਰੈਫ਼ਿਕ ਮੈਨੇਜਮੈਂਟ ਅਤੇ ਸੀ.ਸੀ.ਟੀ.ਵੀ. ਚਲਾਨਿੰਗ ਸਿਸਟਮ ਬਾਰੇ ਜਾਣਕਾਰੀ ਸਾਂਝੀ ਕੀਤੀ।
ਟ੍ਰੈਫਿਕ ਪੁਲਿਸ ਪੰਜਾਬ ਤੋਂ 110 ਜੀ.ਓ. ਅਤੇ ਐਨ.ਜੀ.ਓ. (ਏ.ਐਸ.ਆਈ, ਐਸ.ਆਈ ਅਤੇ ਡੀ.ਐਸ.ਪੀ. ਦੇ ਰੈਂਕ ਦੇ), ਟਰਾਂਸਪੋਰਟ ਵਿਭਾਗ ਦੇ ਸਕੱਤਰ ਆਰ.ਟੀ.ਏ. ਅਤੇ ਮੋਟਰ ਵਾਹਨ ਇੰਸਪੈਕਟਰ (ਐਮ.ਵੀ.ਆਈ.) ਅਤੇ ਇੰਜੀਨੀਅਰਿੰਗ ਵਿਭਾਗ/ਏਜੰਸੀਆਂ ਜਿਵੇਂ ਐਨ.ਐਚ.ਏ.ਆਈ, ਪੀ.ਡਬਲਯੂ.ਡੀ. (ਭਵਨ ਤੇ ਸੜਕਾਂ), ਸਥਾਨਕ ਸਰਕਾਰਾਂ ਆਦਿ ਵਿਭਾਗਾਂ ਦੇ ਅਧਿਕਾਰੀਆਂ ਨੇ ਇਸ ਵਰਕਸ਼ਾਪ ਵਿੱਚ ਭਾਗ ਲਿਆ, ਜਿਨ੍ਹਾਂ ਨੂੰ ਮੋਟਰ ਵਾਹਨ (ਸੋਧ) ਐਕਟ, 2019 ਦੀਆਂ ਸੋਧਾਂ ਅਤੇ ਨਵੀਨਤਮ ਟ੍ਰੈਫ਼ਿਕ ਪ੍ਰਬੰਧਨ ਤਕਨੀਕਾਂ ਦੀ ਵਰਤੋਂ ਬਾਰੇ ਵਿਸਥਾਰਤ ਜਾਣਕਾਰੀ ਦਿੱਤੀ ਗਈ।