Punjab News: ਪੰਜਾਬ ਸਰਕਾਰ ਵੱਲੋਂ ਅਧਿਆਪਕਾਂ ਲਈ ਵੱਡਾ ਐਲਾਨ
Pension for Teaching Faculty: ਸੇਵਾ ਮੁਕਤ ਅਧਿਆਪਕਾਂ ਲਈ ਵੱਡੀ ਖਬਰ ਹੈ। ਪੰਜਾਬ ਸਰਕਾਰ ਨੇ ਸੂਬੇ ਦੇ ਸੇਵਾਮੁਕਤ ਟੀਚਿੰਗ ਫੈਕਲਟੀ ਲਈ ਅਹਿਮ ਫ਼ੈਸਲਾ ਲੈਂਦਿਆਂ 7ਵੇਂ ਯੂਜੀਸੀ ਤਨਖ਼ਾਹ ਸਕੇਲਾਂ ਅਨੁਸਾਰ ਸਰਕਾਰੀ ਕਾਲਜਾਂ

Pension for Teaching Faculty: ਸੇਵਾ ਮੁਕਤ ਅਧਿਆਪਕਾਂ ਲਈ ਵੱਡੀ ਖਬਰ ਹੈ। ਪੰਜਾਬ ਸਰਕਾਰ ਨੇ ਸੂਬੇ ਦੇ ਸੇਵਾਮੁਕਤ ਟੀਚਿੰਗ ਫੈਕਲਟੀ ਲਈ ਅਹਿਮ ਫ਼ੈਸਲਾ ਲੈਂਦਿਆਂ 7ਵੇਂ ਯੂਜੀਸੀ ਤਨਖ਼ਾਹ ਸਕੇਲਾਂ ਅਨੁਸਾਰ ਸਰਕਾਰੀ ਕਾਲਜਾਂ ਤੇ ਯੂਨੀਵਰਸਿਟੀਆਂ ਵਿੱਚ ਪਹਿਲੀ ਜਨਵਰੀ 2016 ਤੋਂ ਪਹਿਲਾਂ ਸੇਵਾਮੁਕਤ ਹੋਏ ਅਧਿਆਪਕਾਂ ਤੇ ਹੋਰ ਟੀਚਿੰਗ ਫੈਕਲਟੀ ਲਈ ਪੈਨਸ਼ਨ ਤੇ ਪਰਿਵਾਰਕ ਪੈਨਸ਼ਨ ਵਿੱਚ ਸੋਧ ਨੂੰ ਮਨਜ਼ੂਰੀ ਦਿੱਤੀ ਹੈ।
ਦੱਸ ਦਈਏ ਕਿ ਇਹ ਸੋਧ 1 ਜਨਵਰੀ 2016 ਤੋਂ ਲਾਗੂ ਹੋਵੇਗੀ। ਇਸ ਸਬੰਧੀ ਸੂਬਾ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਇਸ ਸਬੰਧੀ ਉਚੇਰੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਸੋਧੀ ਪੈਨਸ਼ਨ ਨਾਲ ਲਗਪਗ 500 ਸੇਵਾਮੁਕਤ ਟੀਚਿੰਗ ਪੇਸ਼ੇਵਰਾਂ ਨੂੰ ਲਾਭ ਹੋਵੇਗਾ। ਇਨ੍ਹਾਂ ਵਿੱਚ 400 ਪੈਨਸ਼ਨਰ ਤੇ 100 ਪਰਿਵਾਰਕ ਪੈਨਸ਼ਨਰ ਸ਼ਾਮਲ ਹਨ। ਇਸ ਦੀ ਰਕਮ 38.99 ਕਰੋੜ ਰੁਪਏ ਬਣੇਗੀ।
ਬੈਂਸ ਨੇ ਕਿਹਾ ਕਿ ਸੋਧੀ ਪੈਨਸ਼ਨ 1 ਜਨਵਰੀ 2016 ਤੋਂ ਪਹਿਲਾਂ ਸੇਵਾਮੁਕਤ ਹੋਏ ਪੈਨਸ਼ਨਰਾਂ ਨੂੰ ਅਦਾ ਕੀਤੀ ਜਾਵੇਗੀ ਜਦੋਂਕਿ 1 ਅਕਤੂਬਰ 2022 ਤੋਂ ਜਨਵਰੀ 2025 ਤੱਕ ਸੋਧੀ ਪੈਨਸ਼ਨ ਦੇ ਬਕਾਏ ਚਾਰ ਬਰਾਬਰ ਤਿਮਾਹੀ ਕਿਸ਼ਤਾਂ ਵਿੱਚ ਦਿੱਤੇ ਜਾਣਗੇ। ਇਹ ਭੁਗਤਾਨ ਵਿੱਤ ਵਿਭਾਗ ਦੇ 7 ਅਪਰੈਲ 2025 ਵਾਲੇ ਪੱਤਰ ਵਿੱਚ ਕੀਤੇ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕੀਤਾ ਜਾਵੇਗਾ। ਇਸ ਸਕੀਮ ਤਹਿਤ ਪੈਨਸ਼ਨ ਦੀ ਗਣਨਾ (ਕੈਲਕੁਲੇਸ਼ਨ) 1 ਜਨਵਰੀ 2016 ਨੂੰ ਨਿਰਧਾਰਤ ਨੋਸ਼ਨਲ ਤਨਖ਼ਾਹ ਦੇ 50 ਫ਼ੀਸਦੀ ਵਜੋਂ ਕੀਤੀ ਜਾਵੇਗੀ ਤੇ ਪਰਿਵਾਰਕ ਪੈਨਸ਼ਨ ਉਸੇ ਨੋਸ਼ਨਲ ਤਨਖ਼ਾਹ ਦਾ 30 ਫ਼ੀਸਦੀ ਹੋਵੇਗੀ।
2000 ਪੀਟੀਆਈ ਅਧਿਆਪਕਾਂ ਦੀ ਭਰਤੀ ਦਾ ਐਲਾਨ
ਇਸ ਦੇ ਨਾਲ ਹੀ ਪੰਜਾਬ ਸਰਕਾਰ ਵੱਲੋਂ ਸੂਬੇ ’ਚ ਸਕੂਲ ਪੱਧਰ ’ਤੇ ਵਿਦਿਆਰਥੀਆਂ ਨੂੰ ਖੇਡਾਂ ਨਾਲ ਜੋੜਨ ਲਈ ਪ੍ਰਾਇਮਰੀ ਸਕੂਲਾਂ ਲਈ 2000 ਸਰੀਰਕ ਸਿਖਲਾਈ ਇੰਸਟਰੱਕਟਰ (ਪੀਟੀਆਈ) ਅਧਿਆਪਕਾਂ ਦੀ ਭਰਤੀ ਕੀਤੀ ਜਾਵੇਗੀ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਇਨ੍ਹਾਂ ਅਸਾਮੀਆਂ ਨੂੰ ਭਰਨ ਲਈ ਸਕੂਲ ਸਿੱਖਿਆ ਵਿਭਾਗ ਦੇ ਭਰਤੀ ਬੋਰਡ ਨੂੰ ਪ੍ਰਵਾਨਗੀ ਪੱਤਰ ਭੇਜ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੀਟੀਆਈ ਅਧਿਆਪਕਾਂ ਦੀ ਭਰਤੀ ਨਾਲ ਵਿਦਿਆਰਥੀਆਂ ਨੂੰ ਢੁੱਕਵਾਂ ਖੇਡ ਢਾਂਚਾ ਮੁਹੱਈਆ ਹੋਵੇਗਾ।
ਸਕੂਲ ਸਿੱਖਿਆ ਵਿਭਾਗ ਦੇ ਸਕੱਤਰ ਅਨਿੰਦਿਤਾ ਮਿੱਤਰਾ ਨੇ ਦੱਸਿਆ ਕਿ ਇਨ੍ਹਾਂ ਅਸਾਮੀਆਂ ਲਈ ਅਰਜ਼ੀ ਪ੍ਰਕਿਰਿਆ ਸਬੰਧੀ ਵੇਰਵੇ ਸੱਤ ਦਿਨਾਂ ਵਿੱਚ ਵੈੱਬਸਾਈਟ educationrecruitmentboard.com ’ਤੇ ਉਪਲਬਧ ਹੋ ਜਾਣਗੇ। ਅਧਿਆਪਕਾਂ ਲਈ ਯੋਗਤਾ ਦੇ ਵੇਰਵਿਆਂ ਬਾਰੇ ਉਨ੍ਹਾਂ ਦੱਸਿਆ ਕਿ ਬਿਨੈਕਾਰ ਲਈ ਦਸਵੀਂ ਜਮਾਤ ਵਿੱਚ ਪੰਜਾਬੀ ਲਾਜ਼ਮੀ ਪਾਸ ਕੀਤੀ ਹੋਣੀ ਚਾਹੀਦੀ ਹੈ ਤੇ ਬਾਰ੍ਹਵੀਂ ਜਮਾਤ ਪਾਸ ਕਰਨ ਦੇ ਨਾਲ-ਨਾਲ ਘੱਟੋ-ਘੱਟ ਦੋ ਸਾਲਾਂ ਦਾ ਸਰੀਰਕ ਸਿੱਖਿਆ ਵਿੱਚ ਡਿਪਲੋਮਾ ਜਾਂ ਸਰਟੀਫ਼ਿਕੇਟ ਹੋਣਾ ਚਾਹੀਦਾ ਹੈ, ਜਿਵੇਂ ਕਿ ਸਰੀਰਕ ਸਿੱਖਿਆ ਵਿੱਚ ਡਿਪਲੋਮਾ ਜਾਂ ਸਰੀਰਕ ਸਿੱਖਿਆ ਵਿੱਚ ਸਰਟੀਫ਼ਿਕੇਟ (ਡੀਪੀਐੱਡ, ਸੀਪੀਐੱਡ) ਜਾਂ ਇਸ ਸਬੰਧੀ ਕੋਈ ਹੋਰ ਕੋਰਸ ਕੀਤਾ ਹੋਵੇ। ਯੋਗ ਉਮੀਦਵਾਰਾਂ ਨੂੰ ਲਿਖਤੀ ਪ੍ਰੀਖਿਆ ਤੇ ਸਰੀਰਕ ਫਿਟਨੈਸ ਟੈਸਟ ਮਗਰੋਂ ਸ਼ਾਰਟਲਿਸਟ ਕੀਤਾ ਜਾਵੇਗਾ।






















