Maur Mandi Blast: ਮੌੜ ਮੰਡੀ ਬੰਬ ਧਮਾਕੇ ਮਾਮਲੇ 'ਚ ਪੰਜਾਬ ਪੁਲਿਸ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਕਾਰਵਾਈ, ਹਾਈਕੋਰਟ ਨੂੰ ਦਿੱਤੀ ਰਿਪੋਰਟ
Maur Mandi Blast Case: ਮੌੜ ਮੰਡੀ ਬੰਬ ਧਮਾਕੇ ਮਾਮਲੇ ਵਿੱਚ ਸਰਕਾਰ ਨੇ ਹਾਈ ਕੋਰਟ ਵਿੱਚ ਸਟੇਟਸ ਰਿਪੋਰਟ ਦਾਇਰ ਕਰਦਿਆਂ ਕਿਹਾ ਕਿ ਤਿੰਨ ਭਗੌੜੇ ਮੁਲਜ਼ਮਾਂ ਗੁਰਤੇਜ ਸਿੰਘ, ਅਮਰੀਕ ਸਿੰਘ ਅਤੇ ਅਵਤਾਰ ਸਿੰਘ ਦੀ ਜਾਇਦਾਦ ਜ਼ਬਤ ਕਰ ਲਈ ਗਈ ਹੈ।
Maur Mandi Blast Case: ਸਾਲ 2017 ਦੇ ਮੌੜ ਮੰਡੀ ਬੰਬ ਧਮਾਕੇ ਮਾਮਲੇ ਵਿੱਚ ਸਰਕਾਰ ਨੇ ਹਾਈ ਕੋਰਟ ਵਿੱਚ ਸਟੇਟਸ ਰਿਪੋਰਟ ਦਾਇਰ ਕਰਦਿਆਂ ਕਿਹਾ ਕਿ ਤਿੰਨ ਭਗੌੜੇ ਮੁਲਜ਼ਮਾਂ ਗੁਰਤੇਜ ਸਿੰਘ, ਅਮਰੀਕ ਸਿੰਘ ਅਤੇ ਅਵਤਾਰ ਸਿੰਘ ਦੀ ਜਾਇਦਾਦ ਜ਼ਬਤ ਕਰ ਲਈ ਗਈ ਹੈ। ਇਕ ਦੋਸ਼ੀ ਦੀ ਜਾਇਦਾਦ ਦੀ ਨਿਲਾਮੀ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਕੋਈ ਖਰੀਦਦਾਰ ਨਹੀਂ ਆਇਆ।
ਇਸ ਤੋਂ ਇਲਾਵਾ ਜਲਦ ਹੀ ਦੋਵਾਂ ਦੋਸ਼ੀਆਂ ਦੀਆਂ ਜਾਇਦਾਦਾਂ ਦੀ ਨਿਲਾਮੀ ਕੀਤੀ ਜਾਵੇਗੀ। ਬਠਿੰਡਾ ਦੇ ਐਸਐਸਪੀ ਦੀਪਕ ਪਾਰੀਕ ਨੇ ਰਿਪੋਰਟ ਵਿੱਚ ਦੱਸਿਆ ਕਿ ਤਿੰਨਾਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇ ਮਾਰੇ ਜਾ ਰਹੇ ਹਨ। ਸਟੇਟਸ ਰਿਪੋਰਟ ਨੂੰ ਰਿਕਾਰਡ 'ਤੇ ਲੈਂਦਿਆਂ ਹਾਈ ਕੋਰਟ ਨੇ ਹੁਣ ਪਟੀਸ਼ਨਰ ਨੂੰ ਆਪਣਾ ਪੱਖ ਪੇਸ਼ ਕਰਨ ਲਈ ਕਿਹਾ ਹੈ।
ਹੁਣ ਸੁਣਵਾਈ 20 ਅਗਸਤ ਨੂੰ ਤੈਅ ਕੀਤੀ ਗਈ ਹੈ। ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਫਟਕਾਰ ਲਗਾਉਂਦੇ ਹੋਏ ਕਿਹਾ ਸੀ ਕਿ ਘਟਨਾ ਦੇ 7 ਸਾਲ ਬਾਅਦ ਵੀ ਪੰਜਾਬ ਪੁਲਸ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ 'ਚ ਅਸਫਲ ਰਹੀ ਹੈ।
ਪੰਜਾਬ ਪੁਲਿਸ ਦੀ ਐੱਸਆਈਟੀ ਨੇ ਆਪਣੀ ਜਾਂਚ ਮਗਰੋਂ ਇਸ ਘਟਨਾ ਲਈ ਅਮਰੀਕ ਸਿੰਘ (52), ਗੁਰਤੇਜ ਸਿੰਘ (51) ਅਤੇ ਅਵਤਾਰ ਸਿੰਘ (47) ਨੂੰ 'ਮੁੱਖ ਸਾਜ਼ਿਸ਼ਕਰਤਾ' ਕਰਾਰ ਦਿੱਤਾ ਸੀ।
ਇਸ ਤੋਂ ਬਾਅਦ ਸਾਲ 2018 ਵਿੱਚ ਤਲਵੰਡੀ ਸਾਬੋ ਦੀ ਅਦਾਲਤ ਨੇ ਇਨ੍ਹਾਂ ਨੂੰ ਭਗੌੜਾ ਕਰਾਰ ਦੇ ਦਿੱਤਾ ਸੀ।
ਪੁਲਿਸ ਮੁਤਾਬਿਕ ਅਮਰੀਕ ਸਿੰਘ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੇ 'ਅਹਿਮ' ਪੈਰੋਕਾਰਾਂ ਵਿੱਚੋਂ ਹੈ ਤੇ ਉਹ ਕਥਿਤ ਤੌਰ 'ਤੇ ਡੇਰਾ ਮੁਖੀ ਦੀ ਸੁਰੱਖਿਆ ਦੀ ਨਿਗਰਾਨੀ ਕਰਦਾ ਸੀ।
ਅਮਰੀਕ ਸਿੰਘ ਹਰਿਆਣਾ ਦੇ ਸਿਰਸਾ ਨਾਲ ਸਬੰਧਤ ਹੈ।
ਪੁਲਿਸ ਨੇ ਆਪਣੀ ਮੁੱਢਲੀ ਜਾਂਚ ਵਿੱਚ ਇਹ ਵੀ ਖੁਲਾਸਾ ਕੀਤਾ ਸੀ ਕਿ ਇਹ ਵਿਅਕਤੀ ਡੇਰੇ ਵਿਚ ਇਲੈਕਟ੍ਰਿਸ਼ਨ ਵਜੋਂ ਸੇਵਾਵਾਂ ਨਿਭਾਉਂਦਾ ਸੀ ਤੇ ਡੇਰੇ ਦੇ 'ਮੋਹਤਬਰ' ਵਿਅਕਤੀਆਂ ਵਿੱਚ ਸ਼ੁਮਾਰ ਸੀ।
ਪੁਲਿਸ ਵੱਲੋਂ ਇਸੇ ਮਾਮਲੇ ਵਿੱਚ ਨਾਮਜ਼ਦ ਵਿਅਕਤੀ ਗੁਰਤੇਜ ਸਿੰਘ ਹਰਿਆਣਾ ਸੂਬੇ ਦੇ ਡੱਬਵਾਲੀ ਖੇਤਰ ਨਾਲ ਸੰਬੰਧਤ ਹੈ।
ਐੱਸਆਈਟੀ ਨੇ ਆਪਣੀ ਜਾਂਚ ਵਿੱਚ ਖੁਲਾਸਾ ਕੀਤਾ ਸੀ ਕਿ ਇਹ ਵਿਅਕਤੀ ਡੇਰਾ ਸੱਚਾ ਸੌਦਾ ਦੀ ਵਰਕਸ਼ਾਪ ਦਾ 'ਕਰਤਾ-ਧਰਤਾ' ਸੀ।
ਜਾਂਚ ਵਿੱਚ ਕਿਹਾ ਗਿਆ ਸੀ ਕਿ ਜਿਸ ਮਾਰੂਤੀ ਕਾਰ ਤੇ ਪ੍ਰੈਸ਼ਰ ਕੁੱਕਰ ਰਾਹੀਂ ਚੋਣ ਜਲਸੇ ਵਾਲੀ ਜਗ੍ਹਾ 'ਤੇ ਧਮਾਕਾ ਕੀਤਾ ਗਿਆ ਸੀ, ਉਹ ਕਾਰ ਕਥਿਤ ਤੌਰ 'ਤੇ ਡੇਰੇ ਦੀ ਵਰਕਸ਼ਾਪ ਵਿੱਚ ਤਿਆਰ ਕੀਤੀ ਗਈ ਸੀ।
ਇਨਾਂ ਦਾ ਤੀਜਾ ਕਥਿਤ ਸਾਥੀ ਪੰਜਾਬ ਦੇ ਜ਼ਿਲਾ ਸੰਗਰੂਰ ਨਾਲ ਸਬੰਧਤ ਅਵਤਾਰ ਸਿੰਘ ਹੈ।
ਪੁਲਿਸ ਮੁਤਾਬਿਕ ਧਮਾਕੇ ਦੀ ਸਾਜ਼ਿਸ਼ ਰਚਣ ਵੇਲੇ ਇਹ ਵਿਅਕਤੀ ਅਮਰੀਕ ਸਿੰਘ ਤੇ ਗੁਰਤੇਜ ਸਿੰਘ ਦਾ 'ਖਾਸਮ-ਖਾਸ' ਸੀ।