ਕਾਮਰੇਡ ਬਲਵਿੰਦਰ ਸਿੰਘ ਕਤਲ ਮਾਮਲੇ ਦੀ ਜਾਂਚ ਲਈ ਤਿੰਨ ਮੈਂਬਰੀ SIT ਗਠਿਤ
ਕਾਮਰੇਡ ਬਲਵਿੰਦਰ ਸਿੰਘ ਦੇ ਕਤਲ ਮਾਮਲੇ 'ਚ ਸ਼ੁੱਕਰਵਾਰ ਨੂੰ ਜਾਂਚ ਲਈ ਡੀਆਈਜੀ ਫਿਰੋਜ਼ਪੁਰ ਦੀ ਅਗਵਾਈ ਹੇਠ ਵਿਸ਼ੇਸ਼ ਜਾਂਚ ਟੀਮ (SIT)ਦਾ ਗਠਨ ਕੀਤਾ ਹੈ।
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੌਰਯਾ ਚੱਕਰ ਅਵਾਰਡੀ ਕਾਮਰੇਡ ਬਲਵਿੰਦਰ ਸਿੰਘ ਦੇ ਕਤਲ ਮਾਮਲੇ 'ਚ ਸ਼ੁੱਕਰਵਾਰ ਨੂੰ ਜਾਂਚ ਲਈ ਡੀਆਈਜੀ ਫਿਰੋਜ਼ਪੁਰ ਦੀ ਅਗਵਾਈ ਹੇਠ ਵਿਸ਼ੇਸ਼ ਜਾਂਚ ਟੀਮ (SIT)ਦਾ ਗਠਨ ਕੀਤਾ ਹੈ।
ਐਸਆਈਟੀ ਨੇ ਪਹਿਲਾਂ ਹੀ ਇਸ ਮਾਮਲੇ 'ਚ ਦੋਸ਼ੀਆਂ ਨੂੰ ਕਾਬੂ ਕਰ ਲਈ ਚਾਰ ਵਿਸ਼ੇਸ਼ ਟੀਮਾਂ ਦਾ ਗਠਨ ਕਰ ਲਿਆ ਹੈ। ਬਲਵਿੰਦਰ ਦੀ ਮੌਤ 'ਤੇ ਸੋਗ ਪ੍ਰਗਟ ਕਰਦਿਆਂ ਮੁੱਖ ਮੰਤਰੀ ਨੇ ਡੀਜੀਪੀ ਦਿਨਕਰ ਗੁਪਤਾ ਨੂੰ ਹਦਾਇਤ ਕੀਤੀ ਹੈ ਕਿ ਦੋਸ਼ੀਆਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਜਲਦ ਤੋਂ ਜਲਦ ਕਾਬੂ ਕਰਨ।
ਡੀਜੀਪੀ ਨੇ ਦੱਸਿਆ ਕਿ ਫਿਰੋਜ਼ਪੁਰ ਰੇਂਜ ਦੇ ਡੀਆਈਜੀ ਹਰਦਿਆਲ ਮਾਨ ਤੋਂ ਇਲਾਵਾ, ਐਸਆਈਟੀ ਵਿੱਚ ਤਰਨਤਾਰਨ ਦੇ ਐਸਐਸਪੀ ਧਰੁਮਨ ਨਿੰਬਲੇ ਅਤੇ ਭਿੱਖੀਵਿੰਡ ਦੇ ਡੀਐਸਪੀ ਰਾਜਬੀਰ ਸਿੰਘ ਸ਼ਾਮਲ ਹਨ। ਡੀਜੀਪੀ ਨੇ ਦੱਸਿਆ ਕਿ ਬਲਵਿੰਦਰ ਨੂੰ ਅੱਜ ਸਵੇਰੇ ਸੱਤ ਵਜੇ ਦੇ ਕਰੀਬ ਉਸ ਦੇ ਭਿੱਖੀਵਿੰਡ ਦੇ ਘਰ 'ਤੇ ਦੋ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਨਾਲ ਹਮਲਾ ਕੀਤਾ।ਜਿਸ ਤੋਂ ਬਾਅਦ ਮ੍ਰਿਤਕ ਦੀ ਮੌਕੇ' ਤੇ ਹੀ ਮੌਤ ਹੋ ਗਈ। ਇਹ ਪੂਰੀ ਵਾਰਦਾਤ ਇੱਕ ਸੀਸੀਟੀਵੀ ਫੁਟੇਜ ਤੋਂ ਪਤਾ ਚੱਲਦੀ ਹੈ। ਦੋ ਅਣਪਛਾਤੇ ਹਮਲਾਵਰ ਸਵੇਰੇ ਮ੍ਰਿਤਕ ਦੇ ਘਰ ਪਹੁੰਚੇ ਅਤੇ ਉਨ੍ਹਾਂ ਵਿਚੋਂ ਇਕ ਨੇ ਅੰਦਰ ਦਾਖਲ ਹੋ ਕੇ ਬਲਵਿੰਦਰ ਸਿੰਘ' ਤੇ ਫਾਇਰਿੰਗ ਕਰ ਦਿੱਤੀ।
ਪੁਲਿਸ ਨੇ IPC ਦੀ ਧਾਰਾ 302, 34 ਅਤੇ ਅਸਲਾ ਐਕਟ ਦੀ ਧਾਰਾ 25, 27 ਤਹਿਤ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।ਕਾਮਰੇਡ ਬਲਵਿੰਦਰ ਸਿੰਘ, ਨੂੰ ਪੰਜਾਬ ਵਿੱਚ ਅੱਤਵਾਦ ਵਿਰੁੱਧ ਲੜਾਈ ਲੜਨ ਲਈ ਸ਼ੌਰਯਾ ਚੱਕਰ ਨਾਲ ਨਿਵਾਜਿਆ ਗਿਆ ਸੀ। ਉਨ੍ਹਾਂ 1980 ਤੇ 90 ਦੇ ਦਹਾਕੇ 'ਚ ਦਹਿਸ਼ਤਗਰਦਾਂ ਨਾਲ ਕਈ ਵਾਰ ਲੋਹਾ ਲਿਆ ਸੀ। 1993 ਤੱਕ ਬਲਵਿੰਦਰ ਸਿੰਘ ਤੇ ਪਰਿਵਾਰ 'ਤੇ 11 ਮਹੀਨਿਆਂ 'ਚ 16 ਅਟੈਕ ਹੋਏ ਸੀ। ਬਲਵਿੰਦਰ ਸਿੰਘ ਦਾ ਪਰਿਵਾਰ ਅੱਤਵਾਦੀਆਂ ਦੀ ਹਿੱਟ ਲਿਸਟ 'ਚ ਸੀ।
ਬਲਵਿੰਦਰ ਤੋਂ ਪ੍ਰਭਾਵਿਤ ਹੋ ਕਈਆਂ ਨੇ ਹਥਿਆਰ ਚੁੱਕੇ ਤੇ ਅੱਤਵਾਦ ਖਿਲਾਫ ਲੜਾਈ ਲੜੀ ਸੀ। 1993 'ਚ ਰੱਖਿਆ ਮੰਤਰਾਲੇ ਨੇ ਬਲਵਿੰਦਰ ਨੂੰ ਸ਼ੌਰਯਾ ਚੱਕਰ ਸਨਮਾਨ ਦਿੱਤਾ ਸੀ। 31 ਜਨਵਰੀ 1990 'ਚ ਬਲਵਿੰਦਰ 'ਤੇ ਪਹਿਲਾ ਹਮਲਾ ਹੋਇਆ ਸੀ। 28 ਦਸੰਬਰ 1991 'ਚ ਬਲਵਿੰਦਰ 'ਤੇ ਆਖਰੀ ਹਮਲਾ ਹੋਇਆ। ਸਭ ਤੋਂ ਖਤਰਨਾਕ ਹਮਲਾ ਸਤੰਬਰ 1990 'ਚ ਹੋਇਆ ਸੀ ਜਦੋਂ 200 ਅੱਤਵਾਦੀਆਂ ਨੇ ਬਲਵਿੰਦਰ ਦੇ ਘਰ ਨੂੰ ਘੇਰਾ ਪਾਇਆ ਤੇ 5 ਘੰਟੇ ਗੋਲੀਬਾਰੀ ਕੀਤੀ।