ਪੰਜਾਬ-ਹਰਿਆਣਾ ਹਾਈਕੋਰਟ ਦਾ ਐਕਸੀਡੈਂਟ ਕਲੇਮ ਬਾਰੇ ਵੱਡਾ ਫੈਸਲਾ, ਜਾਣੋ ਪੀੜਤਾਂ ਨੂੰ ਕੀ ਫਾਇਦਾ
ਹਾਈਕੋਰਟ ਦੇ ਜਸਟਿਸ ਅਲਕਾ ਸਰੀਨ ਨੇ ਇਹ ਹੁਕਮ ਚੰਡੀਗੜ੍ਹ ਨਿਵਾਸੀ ਬੀਨਾ ਗਰਗ ਤੇ ਪ੍ਰੇਮ ਸਾਗਰ ਗਰਗ ਦੀ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਦਿੱਤੇ। ਇਸ ਜੋੜੇ ਦੇ ਬੇਟੇ ਪ੍ਰਣਵ ਵਿਸ਼ਾਲ ਗਰਗ ਦੀ ਮੌਤ 14 ਸਤੰਬਰ, 2004 ਨੂੰ ਉੱਤਰ ਪ੍ਰਦੇਸ਼ ਦੇ ਦਾਦਰੀ 'ਚ ਹੋਈ ਸੀ ਜਦੋਂ ਉਸ ਦਾ ਮੋਟਰ ਸਾਈਕਲ ਇੱਕ ਟਰੱਕ ਦੀ ਲਪੇਟ 'ਚ ਆ ਗਿਆ ਸੀ।
ਰਮਨਦੀਪ ਕੌਰ ਦੀ ਰਿਪੋਰਟ
ਚੰਡੀਗੜ੍ਹ: ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਵਾਹਨ ਦੁਰਘਟਨਾ ਦਾਅਵੇ 'ਚ ਸਪਸ਼ਟ ਕਰ ਦਿੱਤਾ ਹੈ ਕਿ ਪ੍ਰਭਾਵਿਤ ਪੱਖ ਜਿਸ ਸਥਾਨ 'ਤੇ ਰਹਿੰਦਾ ਹੈ, ਉਹ ਉੱਥੋਂ ਦੇ ਮੋਟਰ ਐਕਸੀਡੈਂਟ ਕਲੇਮ ਟ੍ਰਿਬਿਊਨਲ ਸਾਹਮਣੇ ਕਲੇਮ ਲਈ ਕੇਸ ਦਾਇਰ ਕਰ ਸਕਦਾ ਹੈ। ਬੇਸ਼ੱਕ ਦੁਰਘਟਨਾ ਕਿਸੇ ਹੋਰ ਸੂਬੇ 'ਚ ਹੋਈ ਹੋਵੇ।
ਹਾਈਕੋਰਟ ਦੇ ਜਸਟਿਸ ਅਲਕਾ ਸਰੀਨ ਨੇ ਇਹ ਹੁਕਮ ਚੰਡੀਗੜ੍ਹ ਨਿਵਾਸੀ ਬੀਨਾ ਗਰਗ ਤੇ ਪ੍ਰੇਮ ਸਾਗਰ ਗਰਗ ਦੀ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਦਿੱਤੇ। ਇਸ ਜੋੜੇ ਦੇ ਬੇਟੇ ਪ੍ਰਣਵ ਵਿਸ਼ਾਲ ਗਰਗ ਦੀ ਮੌਤ 14 ਸਤੰਬਰ, 2004 ਨੂੰ ਉੱਤਰ ਪ੍ਰਦੇਸ਼ ਦੇ ਦਾਦਰੀ 'ਚ ਹੋਈ ਸੀ ਜਦੋਂ ਉਸ ਦਾ ਮੋਟਰ ਸਾਈਕਲ ਇੱਕ ਟਰੱਕ ਦੀ ਲਪੇਟ 'ਚ ਆ ਗਿਆ ਸੀ। ਇਸ ਤੋਂ ਬਾਅਦ ਦੋਵੇਂ ਚੰਡੀਗੜ੍ਹ ਰਹਿਣ ਲੱਗੇ ਤੇ ਉਨ੍ਹਾਂ ਚੰਡੀਗੜ੍ਹ ਮੋਟਰ ਐਕਸੀਡੈਂਟ ਕਲੇਮ ਟ੍ਰਿਬਿਊਨਲ ਕੋਲ ਕੇਸ ਦਾਇਰ ਕਰਕੇ ਕਲੇਮ ਦੀ ਮੰਗ ਕੀਤੀ ਸੀ। ਬੀਮਾ ਕੰਪਨੀ ਤੇ ਹੋਰ ਸਬੰਧਤ ਪੱਖਾਂ ਨੇ ਚੰਡੀਗੜ੍ਹ 'ਚ ਪਟੀਸ਼ਨ ਦਾਇਰ ਕਰਨ ਦਾ ਵਿਰੋਧ ਕੀਤਾ।
ਮੋਟਰ ਐਕਸੀਡੈਂਟ ਕਲੇਮ ਟ੍ਰਿਬਿਊਨਲ ਚੰਡੀਗੜ੍ਹ ਨੇ 29 ਅਕਤਬੂਰ, 2018 ਨੂੰ ਉਨ੍ਹਾਂ ਦੇ ਕਲੇਮ ਦੀ ਮੰਗ ਖਾਰਜ ਕਰਦਿਆਂ ਕਿਹਾ ਕਿ ਜਿਸ ਇਲਾਕੇ 'ਚ ਦੁਰਘਟਨਾ ਵਾਪਰੀ ਹੈ ਉੱਥੇ ਹੀ ਮੋਟਰ ਐਕਸੀਡੈਂਟ ਕਲੇਮ ਟ੍ਰਿਬਿਊਨਲ ਸਾਹਮਣੇ ਆਪਣਾ ਦਾਅਵਾ ਪੇਸ਼ ਕਰੋ। ਟ੍ਰਿਬਿਊਨਲ ਨੇ ਉਨ੍ਹਾਂ ਦੀ ਪਟੀਸ਼ਨ ਖਾਰਜ ਕਰਦਿਆਂ ਸਾਫ਼ ਕਿਹਾ ਸੀ ਕਿ ਪਟੀਸ਼ਨ ਸੁਣਨ ਲਈ ਉਨ੍ਹਾਂ ਕੋਲ ਖੇਤਰੀ ਅਧਿਕਾਰ ਨਹੀਂ ਹੈ ਕਿਉਂਕਿ ਨਾ ਦੁਰਘਟਨਾ ਚੰਡੀਗੜ੍ਹ ਹੋਈ ਤੇ ਨਾ ਹੀ ਦਾਅਵੇਦਾਰ ਉਸ ਸਮੇਂ ਚੰਡੀਗੜ੍ਹ ਰਹਿ ਰਹੇ ਸਨ।
ਐਕਸੀਡੈਂਟ ਕਲੇਮ ਟ੍ਰਿਬਿਊਨਲ ਚੰਡੀਗੜ੍ਹ ਦੇ ਇਨ੍ਹਾਂ ਹੁਕਮਾਂ ਨੂੰ ਪ੍ਰਭਾਵਿਤ ਪੱਖ ਵੱਲੋਂ ਹਾਈਕੋਰਟ 'ਚ ਚੁਣੌਤੀ ਦਿੱਤੀ ਗਈ ਸੀ। ਹਾਈਕੋਰਟ ਨੇ ਕਿਹਾ ਅਜਿਹੇ ਮਾਮਲਿਆਂ 'ਚ ਟ੍ਰਿਬਿਊਨਲ ਨੂੰ ਜਿਆਦਾ ਤਕਨੀਕੀ ਨਜ਼ਰੀਆ ਨਹੀਂ ਰੱਖਣਾ ਚਾਹੀਦਾ। ਕੋਰਟ ਨੇ ਕਿਹਾ ਪ੍ਰਭਾਵਿਤ ਪੱਖ ਜਿੱਥੇ ਰਹਿੰਦਾ ਹੈ ਉੱਥੇ ਕਲੇਮ ਦਾਇਰ ਕਰਨ 'ਚ ਕਿਸੇ ਤਰ੍ਹਾਂ ਦੀ ਕੋਈ ਰੋਕ ਨਹੀਂ ਹੈ।
ਇਹ ਵੀ ਪੜ੍ਹੋ: ਆਪ੍ਰੇਸ਼ਨ ਬਲੂ ਸਟਾਰ ਦੀ ਬਰਸੀ ਤੋਂ ਪਹਿਲਾਂ ਪੁਲਿਸ ਦਾ ਵੱਡਾ ਐਕਸ਼ਨ
ਇਸ ਦੇ ਨਾਲ ਹੀ ਹਾਈਕੋਰਟ ਨੇ ਐਕਸੀਡੈਂਟ ਕਲੇਮ ਟ੍ਰਿਬਿਊਨਲ ਚੰਡੀਗੜ੍ਹ ਨੂੰ ਕੇਸ ਵਾਪਸ ਭੇਜਦਿਆਂ ਹੁਕਮ ਦਿੱਤੇ ਕਿ 16 ਸਾਲ ਪਹਿਲਾਂ ਦੁਰਘਟਨਾ ਹੋਈ ਸੀ ਅਜਿਹੇ 'ਚ ਇਸ ਕੇਸ ਦਾ ਨਿਪਟਾਰਾ ਜਲਦ ਛੇ ਮਹੀਨਿਆਂ ਦੇ ਅੰਦਰ ਅੰਦਰ ਕੀਤਾ ਜਾਣਾ ਚਾਹੀਦਾ ਹੈ।
ਇਹ ਵੀ ਪੜ੍ਹੋ: ਪੰਜਾਬ ਦੀ ਸਿਆਸਤ 'ਚ ਵੱਡੇ ਧਮਾਕੇ ਦੇ ਆਸਾਰ, ਨਵਜੋਤ ਸਿੱਧੂ ਬਦਲਣਗੇ ਸਿਆਸੀ ਸਮੀਕਰਨਾਂ ?
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ