Punjabi Breaking News Live 11 September 2024 : ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਮੀਂਹ ਦਾ ਅਲਰਟ ਜਾਰੀ,ਨਗਰ ਨਿਗਮਾਂ ਤੇ ਕੌਂਸਲਾਂ ਦੀਆਂ ਚੋਣਾਂ 'ਚ ਹੋ ਰਹੀ ਦੇਰੀ 'ਤੇ ਮਾਨ ਸਰਕਾਰ ਨੂੰ HC ਨੇ ਲਾਈ ਫਟਕਾਰ, ਅਮਰੀਕਾ 'ਚ ਪੰਜਾਬੀ ਵਪਾਰੀ ਦੀ ਗੋਲੀਆ ਮਾਰ ਕੇ ਹੱਤਿਆ
Punjabi Breaking News Live: ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਮੀਂਹ ਦਾ ਅਲਰਟ ਜਾਰੀ,ਨਗਰ ਨਿਗਮਾਂ ਤੇ ਕੌਂਸਲਾਂ ਦੀਆਂ ਚੋਣਾਂ 'ਚ ਹੋ ਰਹੀ ਦੇਰੀ 'ਤੇ ਮਾਨ ਸਰਕਾਰ ਨੂੰ HC ਨੇ ਲਾਈ ਫਟਕਾਰ, ਅਮਰੀਕਾ 'ਚ ਪੰਜਾਬੀ ਵਪਾਰੀ ਦੀ ਗੋਲੀਆ ਮਾਰ ਕੇ ਹੱਤਿਆ
LIVE
Background
Punjabi Breaking News Live 11 September 2024: ਪੰਜਾਬ ਅਤੇ ਚੰਡੀਗੜ੍ਹ ਵਿੱਚ ਕਈ ਦਿਨਾਂ ਬਾਅਦ ਮਾਨਸੂਨ ਮੁੜ ਐਕਟਿਵ ਹੋ ਗਿਆ ਹੈ। ਕਈ ਜ਼ਿਲ੍ਹਿਆਂ ਵਿੱਚ ਮੀਂਹ ਕਾਰਨ ਤਾਪਮਾਨ ਵਿੱਚ ਗਿਰਾਵਟ ਆਈ ਹੈ। ਇਸ ਦੇ ਨਾਲ ਹੀ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਜ਼ਰੂਰ ਮਿਲੀ ਹੈ। ਮੌਸਮ ਵਿਭਾਗ ਅਨੁਸਾਰ ਸੂਬੇ ਵਿੱਚ ਵੱਧ ਤੋਂ ਵੱਧ ਤਾਪਮਾਨ ਵਿੱਚ 2.4 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਹਾਲਾਂਕਿ ਸੂਬੇ 'ਚ ਇਹ ਆਮ ਦੇ ਕਰੀਬ ਰਿਹਾ ਹੈ। ਬਠਿੰਡਾ ਵਿੱਚ ਸਭ ਤੋਂ ਵੱਧ ਤਾਪਮਾਨ 35.9 ਡਿਗਰੀ ਦਰਜ ਕੀਤਾ ਗਿਆ। ਮੌਸਮ ਵਿਭਾਗ ਨੇ ਅੱਜ ਕਿਸੇ ਵੀ ਜ਼ਿਲ੍ਹੇ ਵਿੱਚ ਭਾਰੀ ਮੀਂਹ ਦਾ ਅਲਰਟ ਜਾਰੀ ਨਹੀਂ ਕੀਤਾ ਹੈ ਪਰ ਮੀਂਹ ਪੈਣ ਦੀ ਸੰਭਾਵਨਾ ਹੈ।
Punjab Weather: ਅੱਜ ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਮੀਂਹ ਦਾ ਅਲਰਟ ਜਾਰੀ, ਅਗਲੇ ਦਿਨਾਂ 'ਚ ਇਦਾਂ ਦਾ ਰਹੇਗਾ ਮੌਸਮ
Municipal Council Elections: ਪੰਜਾਬ ਵਿੱਚ ਨਗਰ ਨਿਗਮਾਂ ਅਤੇ ਕੌਂਸਲਾਂ ਦੀਆਂ ਚੋਣਾਂ ਵਿੱਚ ਦੇਰੀ ਦੇ ਮਾਮਲੇ ਦੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਸੁਣਵਾਈ ਹੋਈ ਹੈ। ਅਦਾਲਤ ਨੇ ਸਰਕਾਰ ਨੂੰ ਫਟਕਾਰ ਲਗਾਉਂਦੇ ਹੋਏ ਪੁੱਛਿਆ ਹੈ ਕਿ ਉਨ੍ਹਾਂ ਦਾ ਕਾਰਜਕਾਲ ਖਤਮ ਹੋਣ ਦੇ ਬਾਵਜੂਦ ਚੋਣਾਂ ਕਿਉਂ ਨਹੀਂ ਕਰਵਾਈਆਂ ਜਾ ਰਹੀਆਂ।
ਅਦਾਲਤ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ 23 ਸਤੰਬਰ ਲਈ ਤੈਅ ਕੀਤੀ ਹੈ। ਸਰਕਾਰ (ਪ੍ਰਮੁੱਖ ਸਕੱਤਰ, ਸਥਾਨਕ ਸਰਕਾਰਾਂ ਵਿਭਾਗ) ਨੂੰ ਅਗਲੀ ਸੁਣਵਾਈ 'ਤੇ ਇਸ ਮਾਮਲੇ 'ਚ ਜਵਾਬ ਦਾਖ਼ਲ ਕਰਨ ਲਈ ਕਿਹਾ ਗਿਆ ਹੈ। ਮਲੇਰਕੋਟਲਾ ਦੇ ਰਹਿਣ ਵਾਲੇ ਬੇਅੰਤ ਸਿੰਘ ਵੱਲੋਂ ਅਦਾਲਤ ਵਿੱਚ ਕੇਸ ਦਾਇਰ ਕੀਤਾ ਗਿਆ ਹੈ।
Naveen Singh shot in Chicago: ਕਪੂਰਥਲਾ ਦੇ ਇੱਕ ਵਿਅਕਤੀ ਦਾ ਅਮਰੀਕਾ ਵਿੱਚ ਕਤਲ ਕਰ ਦਿੱਤਾ ਗਿਆ। ਅਮਰੀਕਾ ਦੇ ਸ਼ਿਕਾਗੋ ਵਿੱਚ ਨਵੀਨ ਸਿੰਘ (50) ਦੀ ਅਮਰੀਕੀ ਮੂਲ ਦੇ ਇੱਕ ਕਾਲੇ ਵਿਅਕਤੀ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਮ੍ਰਿਤਕ ਦੀ ਪਛਾਣ ਨਵੀਨ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਵਾਸੀ ਕੂਕਾ ਤਲਵੰਡੀ ਹਾਲ ਵਾਸੀ ਨਡਾਲਾ ਵਜੋਂ ਹੋਈ ਹੈ।
ਨਵੀਨ ਸਿੰਘ ਦੇ ਅਮਰੀਕਾ ਵਿੱਚ ਕਈ ਸਟੋਰ ਹਨ ਅਤੇ ਜਿਸ ਥਾਂ ਇਹ ਘਟਨਾ ਵਾਪਰੀ ਉਹ ਨਵੀਨ ਸਿੰਘ ਦੀ ਸ਼ਰਾਬ ਦੀ ਦੁਕਾਨ ਸੀ। ਅਮਰੀਕੀ ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਮ੍ਰਿਤਕ ਨਡਾਲਾ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਜਥੇਦਾਰ ਸੂਰਤ ਸਿੰਘ ਦਾ ਜਵਾਈ ਸੀ।
ਅਮਰੀਕਾ 'ਚ ਪੰਜਾਬੀ ਵਪਾਰੀ ਦੀ ਗੋਲੀਆ ਮਾਰ ਕੇ ਹੱਤਿਆ, ਇਸ ਗੱਲ ਤੋਂ ਚੱਲ ਪਈਆਂ ਗੋਲੀਆਂ
Punjab News: ਪੰਜਾਬ ਦੀ ਅਫ਼ਸਰਸ਼ਾਹੀ 'ਚ ਭ੍ਰਿਸ਼ਟ ਅਫ਼ਸਰਾਂ ਦੀ ਲਿਸਟ ਬਣਨੀ ਤਿਆਰ, ਦਾਗੀ ਮੁਲਾਜ਼ਮਾਂ 'ਤੇ ਹੋਣ ਵਾਲੀ ਵੱਡੀ ਕਾਰਵਾਈ
Punjab Corrupt Officer List: ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਵੱਲੋਂ ਗ੍ਰਹਿ ਵਿਭਾਗ ਨੂੰ ਸੂਬੇ ਦੀ ਅਫ਼ਸਰਸ਼ਾਹੀ ਅੰਦਰ ਕਾਲੀਆਂ ਭੇਡਾਂ ਦੀ ਤਲਾਸ਼ ਕਰਨ ਅਤੇ ਉਹਨਾਂ ਖਿਲਾਫ਼ ਕਾਰਵਾਈ ਕਰਨ ਦੇ ਹੁਕਮ ਜਾਰੀ ਕੀਤੇ ਸਨ। ਜਿਸ 'ਤੇ ਅਸਰ ਕਰਦਿਆਂ ਗ੍ਰਹਿ ਵਿਭਾਗ ਨੇ ਕਰੱਪਟ ਅਫ਼ਸਰਾਂ ਦੀ ਛਾਂਟੀ ਕਰਨੀ ਸ਼ੁਰੂ ਕਰ ਦਿੱਤੀ ਹੈ ਅਤੇ ਇਹਨਾਂ ਦੀ ਲਿਸਟ ਤਿਆਰ ਕਰਕੇ ਸਪੀਕਰ ਕੁਲਤਾਰ ਸੰਧਵਾ ਨੂੰ ਸੌਂਪੀ ਜਾਵੇਗੀ।
ਵਿਭਾਗ ਨੇ ਉਨ੍ਹਾਂ ਸਾਰੇ ਪੁਲੀਸ ਅਧਿਕਾਰੀਆਂ/ਮੁਲਾਜ਼ਮਾਂ ਦੀ ਸੂਚੀ ਤਿਆਰ ਕਰਨ ਦਾ ਅਮਲ ਸ਼ੁਰੂ ਕਰ ਦਿੱਤਾ ਹੈ, ਜਿਨ੍ਹਾਂ ਖਿਲਾਫ਼ ਪੁਲੀਸ ਜਾਂ ਵਿਜੀਲੈਂਸ ਬਿਊਰੋ ਵੱਲੋਂ ਕੇਸ ਦਰਜ ਕੀਤਾ ਗਿਆ ਹੈ। ਸਪੀਕਰ ਨੂੰ ਇਹ ਸੂਚੀ ਅਗਲੇ ਹਫ਼ਤੇ ਭੇਜੀ ਜਾਣੀ ਹੈ। ਸਰਕਾਰੀ ਸੂਤਰਾਂ ਮੁਤਾਬਕ ਅਜਿਹੇ ਪੁਲੀਸ ਮੁਲਾਜ਼ਮਾਂ ਦੀ ਗਿਣਤੀ ਸੈਂਕੜਿਆਂ ਵਿੱਚ ਹੈ ਅਤੇ ਇਨ੍ਹਾਂ ਵਿੱਚ ਹਰੇਕ ਖ਼ਿਲਾਫ਼ ਕੀਤੀ ਗਈ ਕਾਰਵਾਈ ਅਤੇ ਉਨ੍ਹਾਂ ਦੇ ਕੇਸਾਂ ਦੀ ਕਾਨੂੰਨੀ ਸਥਿਤੀ ਦਾ ਵੇਰਵਾ ਇਕੱਠਾ ਕਰਨ ਵਿੱਚ ਸਮਾਂ ਲੱਗੇਗਾ।
ਅਕਾਲ ਤਖ਼ਤ ਸਾਹਿਬ 'ਤੇ ਅਕਾਲੀ ਦਲ ਦੇ 2 ਹੋਰ ਸਾਬਕਾ ਮੰਤਰੀ ਪਹੁੰਚੇ ਸਪੱਸ਼ਟੀਕਰਨ ਦੇਣ, ਰਾਮ ਰਹੀਮ ਦੀ ਮੁਆਫ਼ੀ 'ਤੇ ਦਿੱਤਾ ਵੱਡਾ ਬਿਆਨ
Akal Takht Sahib: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਤਹਿਤ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਕੈਬਿਨਟ ਮੰਤਰੀ ਸਿਕੰਦਰ ਸਿੰਘ ਮਲੂਕਾ ਅਤੇ ਸਰਵਣ ਸਿੰਘ ਫਿਲੌਰ ਨੇ ਅਕਾਲ ਤਖ਼ਤ ਦੇ ਸਕੱਤਰੇਤ 'ਤੇ ਆਪਣਾ ਸਪੱਸ਼ਟੀਕਰਨ ਸੌਂਪ ਦਿੱਤਾ ਹੈ। ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਸੁਖਬੀਰ ਬਾਦਲ ਸਮੇਤ 15 ਦੇ ਕਰੀਬ ਅਕਾਲੀ ਦਲ ਦੀ ਸਰਕਾਰ 'ਚ 2007 ਤੋਂ ਲੈ ਕੇ 2017 ਤੱਕ ਮੰਤਰੀ ਰਹਿ ਚੁੱਕੇ ਲੀਡਰਾਂ ਨੂੰ ਤਲਬ ਕੀਤਾ ਸੀ।
ਸਾਬਕਾ ਮੰਤਰੀ ਸਰਵਣ ਸਿੰਘ ਫਿਲੌਰ ਅਤੇ ਸਿਕੰਦਰ ਸਿੰਘ ਮਲੂਕਾ ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਸਣੇ ਲਗਪਗ 12 ਸਾਬਕਾ ਮੰਤਰੀ ਆਪਣਾ ਸਪੱਸ਼ਟੀਕਰਨ ਸੌਂਪ ਚੁੱਕੇ ਹਨ। ਦੋਵਾਂ ਸਾਬਕਾ ਮੰਤਰੀਆਂ ਨੇ ਪਹਿਲਾਂ ਅਕਾਲ ਤਖ਼ਤ ਵਿਖੇ ਮੱਥਾ ਟੇਕਿਆ ਮਗਰੋਂ ਅਕਾਲ ਤਖ਼ਤ ਦੇ ਸਕੱਤਰੇਤ ਵਿਖੇ ਆਪੋ ਆਪਣਾ ਸਪੱਸ਼ਟੀਕਰਨ ਸੌਂਪਿਆ।