Punjab: ਵਾਹਨ ਚਲਾਉਂਦਾ ਮਿਲਿਆ ਨਾਬਾਲਗ ਤਾਂ ਮਾਪਿਆਂ ਨੂੰ ਜੇਲ੍ਹ ਪੱਕੀ, ਟ੍ਰੈਫਿਕ ਵਿੰਗ ਵੱਲੋਂ ਸਾਰੇ ਅਧਿਕਾਰੀਆਂ ਨੂੰ ਪੱਤਰ ਜਾਰੀ
New Trafic Rules:ਇਸ ਸਬੰਧੀ ਵੱਧ ਤੋ ਵੱਧ ਜਾਗਰੂਰਕਤਾ ਕੈਂਪ ਲਗਾਉਣ ਲਈ ਵੀ ਕਿਹਾ ਗਿਆ ਹੈ।
ਸਕੂਲਾਂ ਵਿੱਚ ਜਾ ਕੇ ਬੱਚਿਆਂ ਨੂੰ ਜਾਗਰੂਕ ਕੀਤਾ ਜਾਵੇ ਕਿ ਕੋਈ ਵੀ ਨਾਬਾਲਗ ਬੱਚਾ 31.07.2024 ਤੋਂ ਬਾਅਦ 2 ਪਹੀਆ ਅਤੇ 4 ਪਹੀਆ ਵਹੀਕਲ ਚਲਾਉਂਦਾ ਚੈਕਿੰਗ ਦੌਰਾਨ ਮੋਟਰ ਵਹੀਕਲ ਐਕਟ ਦੀ ਉਲੰਘਣਾ ਕਰਦਾ ਪਾਇਆ ਗਿਆ ਤਾਂ ਉਸ ਦੇ ਮਾਤਾ ਪਿਤਾ ਦੇ ਖਿਲਾਫ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਜਿਸ ਵਿੱਚ ਉਨ੍ਹਾਂ ਨੂੰ 3 ਸਾਲ ਦੀ ਕੈਦ ਅਤੇ 25000/- ਰੁਪਏ ਜੁਰਮਾਨਾ ਵੀ ਹੋ ਸਕਦਾ ਹੈ।
ਇਸੇ ਤਰ੍ਹਾਂ ਜੇਕਰ ਕੋਈ ਨਾਬਾਲਗ ਬੱਚਾ ਕਿਸੇ ਪਾਸੋਂ 2 ਪਹੀਆਂ ਵਾਹਨ ਜਾਂ 4 ਪਹੀਆ ਵਾਹਨ ਮੰਗ ਕੇ ਚਲਾਉਂਦਾ ਹੈ ਤਾਂ ਉਸ ਵਹੀਕਲ ਮਾਲਕ ਦੇ ਖਿਲਾਫ ਵੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਇਸ ਸਬੰਧੀ ਵੱਧ ਤੋ ਵੱਧ ਜਾਗਰੂਰਕਤਾ ਕੈਂਪ ਲਗਾਉਣ ਲਈ ਵੀ ਕਿਹਾ ਗਿਆ ਹੈ।
ਬੱਚਿਆਂ ਦੇ ਮਾਪਿਆਂ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ ਦੀ ਧਾਰਾ 125 ਤਹਿਤ ਐੱਫਆਈਆਰ ਦਰਜ ਕੀਤੀ ਜਾਵੇਗੀ। ਪੁਲਿਸ ਵੱਲੋਂ ਇਸ ਦੇ ਨਾਲ-ਨਾਲ 25 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਗਾਇਆ ਜਾਵੇਗਾ। 12 ਮਹੀਨਿਆਂ ਲਈ ਰਜਿਸਟ੍ਰੇਸ਼ਨ ਰੱਦ ਕਰ ਦਿੱਤੀ ਜਾਵੇਗੀ।
ਉੱਧਰ, ਗੱਡੀ ਚਲਾਉਣ ਵਾਲੇ ਨਾਬਾਲਗ ਨੂੰ ਲਾਇਸੈਂਸ ਲਈ ਅਯੋਗ ਕਰ ਦਿੱਤਾ ਜਾਵੇਗਾ। ਇਸ ਹਾਲਤ ’ਚ ਉਹ 18 ਸਾਲ ਦੀ ਉਮਰ ਪੂਰੀ ਕਰਨ ’ਤੇ ਵੀ ਲਾਇਸੈਂਸ ਨਹੀਂ ਬਣਵਾ ਸਕੇਗਾ। ਲਾਇਸੈਂਸ ਬਣਾਉਣ ਲਈ ਉਸ ਨੂੰ ਅੱਠ ਸਾਲ ਹੋਰ ਉਡੀਕ ਕਰਨੀ ਪਵੇਗੀ ਯਾਨੀ 25 ਸਾਲ ਦੀ ਉਮਰ ਪੂਰੀ ਕਰਨੀ ਪਵੇਗੀ। ਇਸ ਤੋਂ ਬਾਅਦ ਵੀ ਲਾਇਸੈਂਸ ਬਣਾਉਣ ਲਈ ਸਖ਼ਤ ਨਿਯਮਾਂ ’ਚੋਂ ਲੰਘਣਾ ਪਵੇਗਾ।
ਏਡੀਜੀਪੀ ਟ੍ਰੈਫਿਕ ਏਐੱਸ ਰਾਏ ਨੇ ਕਿਹਾ ਕਿ ਪੰਜਾਬ ਪੁਲਿਸ ਉਨ੍ਹਾਂ ਨਾਬਾਲਗ ਬੱਚਿਆਂ ਦੇ ਮਾਪਿਆਂ ਖ਼ਿਲਾਫ਼ ਕਾਰਵਾਈ ਕਰੇਗੀ ਜਿਹੜੇ ਨਿਯਮਾਂ ਨੂੰ ਛਿੱਕੇ ਟੰਗ ਕੇ ਆਪਣੇ ਬੱਚਿਆਂ ਨੂੰ ਵਾਹਨ ਦਿੰਦੇ ਹਨ। ਇਸ ਬਾਰੇ ਇਕ ਪੱਤਰ ਜਾਰੀ ਕੀਤਾ ਗਿਆ ਹੈ•। ਫ਼ਿਲਹਾਲ ਮਾਪੇ ਆਪਣੇ ਨਾਬਾਲਗ ਬੱਚਿਆਂ ਨੂੰ ਵਾਹਨ ਨਾ ਦੇਣ, ਇਸ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਰਾਏ ਨੇ ਮਿਸਾਲ ਦਿੰਦਿਆਂ ਦੱਸਿਆ ਕਿ ਕਰੀਬ ਦੋ ਮਹੀਨੇ ਪਹਿਲਾਂ ਪੁਣੇ ’ਚ ਇਕ ਨਾਬਾਲਗ ਨੇ ਆਪਣੀ ਪੋਰਸ਼ ਕਾਰ ਨਾਲ ਬਾਈਕ ਸਵਾਰ ਦੋ ਆਈਟੀ ਇੰਜੀਨੀਅਰਜ਼ ਮੁੰਡੇ ਤੇ ਕੁੜੀ ਨੂੰ ਟੱਕਰ ਮਾਰ ਦਿੱਤੀ ਸੀ।
ਦੋਵਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਸੀ। ਮੁਲਜ਼ਮ ਨਾਬਾਲਗ 12ਵੀਂ ਜਮਾਤ ਦੀ ਪ੍ਰੀਖਿਆ ਪਾਸ ਕਰਨ ’ਤੇ ਆਪਣੇ ਦੋਸਤਾਂ ਨਾਲ ਪਾਰਟੀ ਕਰ ਕੇ ਪਰਤ ਰਿਹਾ ਸੀ। ਉਹ ਸ਼ਰਾਬ ਦੇ ਨਸ਼ੇ ’ਚ ਕਰੀਬ 200 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਕਾਰ ਚਲਾ ਰਿਹਾ ਸੀ। ਉਵੇਂ ਹੀ ਪੰਜਾਬ ’ਚ ਵੀ ਦੇਖਣ ਨੂੰ ਮਿਲ ਰਿਹਾ ਹੈ ਕਿ ਕਈ ਮਾਪੇ ਆਪਣੇ ਨਾਬਾਲਗ ਬੱਚਿਆਂ ਨੂੰ ਵਾਹਨ ਚਲਾਉਣ ਲਈ ਦੇ ਰਹੇ ਹਨ ਜੋ ਗ਼ਲਤ ਹੈ। ਹੁਣ ਪੁਲਿਸ ਵੱਲੋਂ ਕਾਰਵਾਈ ਕੀਤੀ ਜਾਵੇਗੀ।