ਪਾਕਿਸਤਾਨ ਵੱਲੋਂ ਪੰਜਾਬ ਵਿੱਚ ਡਰੋਨ ਦੀ ਘੁਸਪੈਠ, BSF ਨੇ 3 ਪੈਕਟਾਂ ਵਿੱਚ ਕਰੋੜਾਂ ਦੀ ਹੈਰੋਇਨ ਕੀਤੀ ਬਰਾਮਦ
Firozpur: ਪਾਕਿਸਤਾਨ ਵੱਲੋਂ ਇੱਕ ਵਾਰ ਫਿਰ ਭਾਰਤ ਵਿੱਚ ਘੁਸਪੈਠ ਦੀ ਨਾਪਾਕ ਕੋਸ਼ਿਸ਼ ਕੀਤੀ ਗਈ ਹੈ। ਇਸ ਦੌਰਾਨ ਬੀਐਸਐਫ ਦੇ ਜਵਾਨਾਂ ਨੇ ਪਾਕਿਸਤਾਨ ਵੱਲੋਂ ਭੇਜੇ ਡਰੋਨ ਵਿੱਚੋਂ ਤਿੰਨ ਪੈਕੇਟਾਂ ਵਿੱਚ 2.5 ਕਿਲੋ ਹੈਰੋਇਨ ਬਰਾਮਦ ਕੀਤੀ ਹੈ।
Punjab News: ਪੰਜਾਬ 'ਚ ਭਾਰਤ-ਪਾਕਿਸਤਾਨ ਸਰਹੱਦ 'ਤੇ ਇੱਕ ਵਾਰ ਫਿਰ ਡਰੋਨ ਰਾਹੀਂ ਘੁਸਪੈਠ ਦੀ ਕੋਸ਼ਿਸ਼ ਕੀਤੀ ਗਈ ਹੈ। ਦਰਅਸਲ, ਫ਼ਿਰੋਜ਼ਪੁਰ ਵਿੱਚ ਬੀਐਸਐਫ ਜਵਾਨਾਂ ਨੇ ਐਤਵਾਰ ਰਾਤ 11:55 ਵਜੇ ਪਾਕਿਸਤਾਨ ਤੋਂ ਭਾਰਤੀ ਖੇਤਰ ਵਿੱਚ ਡਰੋਨ ਦਾਖ਼ਲ ਹੋਣ ਦੀ ਆਵਾਜ਼ ਸੁਣੀ। ਇਸ ਤੋਂ ਬਾਅਦ ਬੀਐਸਐਫ ਵੱਲੋਂ ਸਰਹੱਦ ਨਾਲ ਲੱਗਦੇ ਪਿੰਡ ਸੇਠੇ ਵਾਲਾ ਦੇ ਖੇਤਾਂ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ। ਇੱਥੇ ਜਵਾਨਾਂ ਨੂੰ ਪੀਲੀ ਚਿਪਕਣ ਵਾਲੀ ਟੇਪ ਨਾਲ ਲਪੇਟਿਆ ਹੋਇਆ ਇੱਕ ਵੱਡਾ ਪੈਕੇਟ ਮਿਲਿਆ, ਜਿਸ ਨੂੰ ਖੋਲ੍ਹਣ 'ਤੇ ਉਸ ਵਿੱਚ ਢਾਈ ਕਿੱਲੋ ਹੈਰੋਇਨ ਦੇ ਤਿੰਨ ਪੈਕਟ ਸਨ ਅਤੇ ਉਸ ਪੈਕੇਟ ਦੇ ਨਾਲ ਬੈਟਰੀ ਵਾਲਾ ਇੱਕ ਚਮਕਦਾਰ ਨੀਲਾ ਐਲਈਡੀ ਬਲਬ ਲੱਗਿਆ ਹੋਇਆ ਸੀ।
ਦੂਜੇ ਪਾਸੇ ਬੀ.ਐਸ.ਐਫ ਪੰਜਾਬ ਫਰੰਟੀਅਰ ਦੇ ਲੋਕ ਸੰਪਰਕ ਅਧਿਕਾਰੀ ਵਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਡਰੋਨ ਦੀ ਹਲਚਲ ਨੂੰ ਦੇਖਦੇ ਹੋਏ ਬੀ.ਐਸ.ਐਫ ਦੀ ਟੁਕੜੀ ਵਲੋਂ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ, ਜਿਸ ਤਹਿਤ ਕਰੀਬ ਢਾਈ ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਤਸਕਰਾਂ ਨੂੰ ਸੰਕੇਤ ਦੇਣ ਲਈ LED ਬਲਬ ਲਗਾਇਆ ਗਿਆ ਸੀ। ਦੂਜੇ ਪਾਸੇ ਬੀਐਸਐਫ ਤੋਂ ਮਿਲੀ ਜਾਣਕਾਰੀ ਅਨੁਸਾਰ ਪਾਕਿਸਤਾਨ ਤੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੀ ਇੱਕ ਹੋਰ ਨਾਪਾਕ ਕੋਸ਼ਿਸ਼ ਨੂੰ ਜਵਾਨਾਂ ਨੇ ਨਾਕਾਮ ਕਰ ਦਿੱਤਾ ਹੈ। ਦੱਸ ਦੇਈਏ ਕਿ ਜ਼ਬਤ ਕੀਤੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ ਕਰੀਬ 12.5 ਕਰੋੜ ਰੁਪਏ ਹੈ।
ਲਗਾਤਾਰ ਹੋ ਰਹੀ ਹੈ ਘੁਸਪੈਠ
ਅਪਰੈਲ ਦੀ ਸ਼ੁਰੂਆਤ ਵਿੱਚ ਵੀ ਪਾਕਿਸਤਾਨ ਤੋਂ ਇੱਕ ਡਰੋਨ ਭੇਜਿਆ ਗਿਆ ਸੀ। ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਬਚੀਵਿੰਡ ਨੇੜੇ ਬੀਐਸਐਫ ਦੇ ਜਵਾਨਾਂ ਨੇ ਭਾਰਤੀ ਸਰਹੱਦ ਵਿੱਚ ਦਾਖ਼ਲ ਹੋਏ ਡਰੋਨ ਨੂੰ ਗੋਲੀਬਾਰੀ ਕਰਕੇ ਸੁੱਟ ਦਿੱਤਾ। ਇਸ ਤੋਂ ਬਾਅਦ ਪਿੰਡ ਬਚੀਵਿੰਡ ਦੇ ਖੇਤਾਂ 'ਚ ਤਲਾਸ਼ੀ ਮੁਹਿੰਮ ਚਲਾਈ ਗਈ ਤਾਂ ਬੀ.ਐੱਸ.ਐੱਫ ਦੇ ਜਵਾਨਾਂ ਨੇ ਖੇਤਾਂ 'ਚੋਂ 3 ਪੈਕੇਟ ਹੈਰੋਇਨ (ਬਲਿੰਕਰ ਸਮੇਤ), ਜਿਸ ਦਾ ਵਜ਼ਨ 3.2 ਕਿਲੋ ਹੈ, ਬਰਾਮਦ ਕੀਤਾ।
ਪਾਕਿਸਤਾਨੀ ਡਰੋਨ ਨੂੰ ਡੇਗ ਦਿੱਤਾ ਗਿਆ
ਮਾਰਚ ਮਹੀਨੇ 'ਚ ਵੀ ਪਾਕਿਸਤਾਨ ਤੋਂ ਇਕ ਡਰੋਨ ਭੇਜਿਆ ਗਿਆ ਸੀ, 27 ਮਾਰਚ ਦੀ ਰਾਤ ਨੂੰ ਰਾਜਾਤਾਲ ਚੌਕੀ ਨੇੜੇ ਡਰੋਨ ਨੂੰ ਦੇਖ ਕੇ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਡਰੋਨ 'ਤੇ ਗੋਲੀਬਾਰੀ ਕਰ ਕੇ ਉਸ ਨੂੰ ਮਾਰ ਦਿੱਤਾ ਸੀ। ਇਸ ਤੋਂ ਬਾਅਦ ਜਦੋਂ ਇਲਾਕੇ 'ਚ ਤਲਾਸ਼ੀ ਮੁਹਿੰਮ ਚਲਾਈ ਗਈ ਤਾਂ ਪੁਲਸ ਨੂੰ ਖਰਾਬ ਡਰੋਨ ਦੇ ਨਾਲ ਇਕ ਚਿੱਟਾ ਬੈਗ ਮਿਲਿਆ। ਬੈਗ ਦੇ ਅੰਦਰੋਂ ਪੀਲੇ ਰੰਗ ਦੀ ਟੇਪ ਨਾਲ ਲਪੇਟਿਆ ਹੋਇਆ ਇੱਕ ਪੈਕੇਟ ਬਰਾਮਦ ਹੋਇਆ।