Punjab Municipal Election 2021: ਪੰਜਾਬ ਵਿੱਚ ਮਿਊਂਸਪਲ ਚੋਣਾਂ ਦਾ ਦਿਨ, ਰਹੇਗੀ ਖਾਸ ਨਜ਼ਰ
ਪੰਜਾਬ ਵਿੱਚ ਸੱਤਾਧਾਰੀ ਕਾਂਗਰਸ ਤੋਂ ਇਲਾਵਾ ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਉਮੀਦਵਾਰ ਮੈਦਾਨ ਵਿਚ ਹਨ। ਇਹ ਪਹਿਲੀ ਚੋਣ ਹੈ ਜਿਸ ਵਿੱਚ ਪਿਛਲੇ ਸਾਲ ਖੇਤੀ ਕਾਨੂੰਨਾਂ ਨੂੰ ਲੈ ਕੇ ਭਾਜਪਾ ਨਾਲ ਗੱਠਜੋੜ ਤੋੜਨ ਤੋਂ ਬਾਅਦ ਅਕਾਲੀ ਦਲ ਅਤੇ ਭਾਜਪਾ ਵੱਖਰੇ ਤੌਰ ’ਤੇ ਚੋਣ ਲੜਨਗੇ।
ਮਨਵੀਰ ਰੰਧਾਵਾ ਦੀ ਰਿਪੋਰਟ
ਚੰਡੀਗੜ੍ਹ: 14 ਫਰਵਰੀ ਨੂੰ ਪੰਜਾਬ ਵਿੱਚ ਮਿਊਂਸਪਲ ਚੋਣਾਂ ਹੋਣਗੀਆਂ। ਪੰਜਾਬ ਸਰਕਾਰ ਨੇ ਸ਼ਾਂਤਮਈ ਚੋਣਾਂ ਲਈ ਵਿਸਤ੍ਰਿਤ ਸੁਰੱਖਿਆ ਪ੍ਰਬੰਧ ਕੀਤੇ ਹਨ। ਐਤਵਾਰ ਨੂੰ ਵੋਟਿੰਗ ਸਵੇਰੇ ਅੱਠ ਵਜੇ ਸ਼ੁਰੂ ਹੋਵੇਗੀ ਅਤੇ ਸ਼ਾਮ ਚਾਰ ਵਜੇ ਤੱਕ ਜਾਰੀ ਰਹੇਗੀ। ਇਸ ਦਾ ਲਈ 7000 ਵੋਟਿੰਗ ਮਸ਼ੀਨਾਂ ਦਾ ਪ੍ਰਬੰਧ ਕੀਤਾ ਗਿਆ ਹੈ। ਵੋਟਾਂ ਨੂੰ ਨਿਰਵਿਘਨ ਮੁਕੰਮਲ ਕਰਨ ਲਈ 20 ਹਜ਼ਾਰ 510 ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਇਸ ਤੋਂ ਇਲਾਵਾ ਲਗਪਗ 19 ਹਜ਼ਾਰ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ।
ਇਸ ਵਾਰ ਕਿਸਾਨ ਅੰਦੋਲਨ (Farmers Protest) ਕਰਕੇ ਚੋਣਾਂ ਵਿੱਚ ਪਾਰਾ ਕੁਝ ਜ਼ਿਆਦਾ ਹੀ ਚੜ੍ਹਿਆ ਹੋਇਆ ਹੈ। ਇਸੇ ਦੌਰਾਨ ਮਾਹੌਲ ਨੂੰ ਵੇਖਦਿਆਂ ਚੋਣ ਕਮਿਸ਼ਨ ਨੇ ਚੋਣਾ ਲਈ ਸੁਰੱਖਿਆ ਦੀਆਂ ਪੂਰੀਆਂ ਤਿਆਰੀਆਂ ਕਰ ਲਈਆਂ ਹਨ। ਪੰਜਾਬ ਦੀਆਂ ਅੱਠ ਮਿਊਂਸਪਲ ਕਾਰਪੋਰੇਸ਼ਨਾਂ ਅਤੇ 109 ਸਿਟੀ ਕੌਂਸਲਾਂ ਅਤੇ ਨਗਰ ਪੰਚਾਇਤਾਂ ਲਈ ਵੋਟਿੰਗ ਹੋਵੇਗੀ। ਪੰਜਾਬ ਚੋਣ ਕਮਿਸ਼ਨ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਕੁਲ 30 ਆਈਏਐਸ, ਪੀਸੀਐਸ ਅਧਿਕਾਰੀ ਨਿਗਰਾਨ ਨਿਯੁਕਤ ਕੀਤੇ ਗਏ ਹਨ ਤਾਂ ਜੋ ਪੋਲਿੰਗ ਨੂੰ ਨਿਰਪੱਖ ਅਤੇ ਸ਼ਾਂਤਮਈ ਢੰਗ ਨਾਲ ਮੁਕੰਮਲ ਕੀਤਾ ਜਾ ਸਕੇ।
ਨਾਲ ਹੀ ਸੂਬੇ 'ਚ ਵੋਟਾਂ ਲਈ ਪੋਲਿੰਗ ਸਟੇਸ਼ਨਾਂ 'ਤੇ 19000 ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਇਸ ਦੇ ਨਾਲ ਹੀ 20 ਹਜ਼ਾਰ 510 ਕਰਮਚਾਰੀ ਪੋਲਿੰਗ ਦਾ ਕੰਮ ਸੁਚਾਰੂ ਢੰਗ ਨਾਲ ਚਲਾਉਣ ਲਈ ਲੱਗੇ ਹੋਏ ਹਨ। ਇਨ੍ਹਾਂ ਤੋਂ ਇਲਾਵਾ ਪੰਜਾਬ ਪੁਲਿਸ ਦੇ ਆਈਜੀ, ਡੀਆਈਜੀ ਰੈਂਕ ਦੇ ਪੁਲਿਸ ਸੁਪਰਵਾਈਸਰ ਵੀ ਤਾਇਨਾਤ ਕੀਤੇ ਗਏ ਹਨ। ਇਸ ਦੇ ਨਾਲ ਹੀ ਕੋਰੋਨਾ ਦੇ ਮੱਦੇਨਜ਼ਰ ਖਾਸ ਖਿਆਲ ਰੱਖਣ ਦੀ ਹਿਦਾਇਤਾਂ ਵੀ ਦਿੱਤੀਆਂ ਗਈਆਂ ਹਨ।
ਕਮਿਸ਼ਨ ਦੇ ਬੁਲਾਰੇ ਨੇ ਦੱਸਿਆ ਕਿ ਮਿਉਂਸਪਲ ਚੋਣਾਂ ਲਈ ਕੁੱਲ 2302 ਵਾਰਡਾਂ ਲਈ 9222 ਉਮੀਦਵਾਰ ਮੈਦਾਨ ਵਿੱਚ ਹਨ। ਪੰਜਾਬ ਵਿੱਚ ਕੁੱਲ 4102 ਪੋਲਿੰਗ ਬੂਥ ਸਥਾਪਤ ਕੀਤੇ ਗਏ ਹਨ। ਕਮਿਸ਼ਨ ਵੱਲੋਂ ਜਾਰੀ ਸੂਚੀ ਮੁਤਾਬਕ ਸੂਬੇ 'ਚ 1708 ਸੰਵੇਦਨਸ਼ੀਲ ਤੇ 861 ਅਤਿ ਸੰਵੇਦਨਸ਼ੀਲ ਪੋਲਿੰਗ ਬੂਥ ਐਲਾਨੇ ਗਏ ਹਨ। ਇਨ੍ਹਾਂ ਚੋਂ 216 ਪੋਲਿੰਗ ਬੂਥ ਮੋਹਾਲੀ ਨਗਰ ਜ਼ਿਲ੍ਹੇ ਵਿੱਚ ਸੰਵੇਦਨਸ਼ੀਲ ਹਨ, ਜਦੋਂਕਿ ਅਤਿ ਸੰਵੇਦਨਸ਼ੀਲ ਬੂਥਾਂ ਵਿੱਚ ਸਭ ਤੋਂ ਵੱਧ ਬੂਥ 111 ਮਾਨਸਾ ਜ਼ਿਲ੍ਹੇ ਵਿੱਚ ਹਨ। ਸ਼ਾਮ 4 ਵਜੇ ਤਕ ਜੋ ਪੋਲਿੰਗ ਬੂਥਾਂ 'ਤੇ ਦਾਖਲ ਹੋਣਗੇ ਉਨ੍ਹਾਂ ਨੂੰ ਵੋਟ ਪਾਉਣ ਦਾ ਮੌਕਾ ਦਿੱਤਾ ਜਾਵੇਗਾ।
ਇਸੇ ਦੇ ਨਾਲ ਹੀ ਵੋਟਾਂ ਪਾਉਣ ਅਤੇ ਗਿਣਤੀ ਦੇ ਦਿਨ ਤੋਂ ਪੰਜਾਬ ਵਿਚ ਸ਼ਰਾਬ ਦੀਆਂ ਦੁਕਾਨਾਂ ਬੰਦ ਰਹਿਣਗੀਆਂ। 14 ਫਰਵਰੀ ਨੂੰ ਵੋਟਾਂ ਪੈਣੀਆਂ ਹਨ ਅਤੇ 17 ਫਰਵਰੀ ਨੂੰ ਵੋਟਾਂ ਦੀ ਗਿਣਤੀ ਸਵੇਰੇ 9 ਵਜੇ ਸ਼ੁਰੂ ਹੋਵੇਗੀ। ਇਸ ਸਮੇਂ ਦੌਰਾਨ ਪੰਜਾਬ 'ਚ ਸ਼ਰਾਬ ਦੀ ਵਿਕਰੀ 'ਤੇ ਪਾਬੰਦੀ ਰਹੇਗੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin