ਸ਼੍ਰੋਮਣੀ ਅਕਾਲੀ ਦਲ ਦੀ ਮੁੜ ਸਥਾਪਤੀ ਲਈ ਲੀਡਰਸ਼ਿਪ 'ਚ ਤਬਦੀਲੀ ਦੀ ਲੋੜ? 85 ਫੀਸਦੀ ਲੋਕਾਂ ਨੇ ਕਿਹਾ ਹਾਂ ਲੀਡਰਸ਼ਿਪ ਬਦਲੀ ਜਾਵੇ
ਸ਼੍ਰੋਮਣੀ ਅਕਾਲੀ ਦਲ ਵਿੱਚ ਲੀਡਰਸ਼ਿਪ ਨੂੰ ਲੈ ਕੇ ਘਮਾਸਾਣ ਸ਼ੁਰੂ ਹੋ ਗਿਆ ਹੈ। ਪਾਰਟੀ ਅੰਦਰ ਬਾਗੀ ਸੁਰਾਂ ਉੱਠਣ ਲੱਗੀਆਂ ਹਨ। ਕਈ ਸੀਨੀਅਰ ਲੀਡਰਾਂ ਦਾ ਮੰਨਣਾ ਹੈ ਕਿ ਉਪਰਲੀ ਲੀਡਪਸ਼ਿਪ ਬਦਲੇ ਬਗੈਰ ਪਾਰਟੀ ਦਾ ਵੱਕਾਰ ਬਹਾਲ ਹੋਣਾ ਔਖਾ ਹੈ।
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਵਿੱਚ ਲੀਡਰਸ਼ਿਪ ਨੂੰ ਲੈ ਕੇ ਘਮਾਸਾਣ ਸ਼ੁਰੂ ਹੋ ਗਿਆ ਹੈ। ਪਾਰਟੀ ਅੰਦਰ ਬਾਗੀ ਸੁਰਾਂ ਉੱਠਣ ਲੱਗੀਆਂ ਹਨ। ਕਈ ਸੀਨੀਅਰ ਲੀਡਰਾਂ ਦਾ ਮੰਨਣਾ ਹੈ ਕਿ ਉਪਰਲੀ ਲੀਡਪਸ਼ਿਪ ਬਦਲੇ ਬਗੈਰ ਪਾਰਟੀ ਦਾ ਵੱਕਾਰ ਬਹਾਲ ਹੋਣਾ ਔਖਾ ਹੈ। ਅਜਿਹੇ ਵਿੱਚ 'ਏਬੀਪੀ ਸਾਂਝਾ' ਵੱਲੋਂ ਸਵਾਲ ਪੁੱਛਿਆ ਗਿਆ ਕਿ ਕੀ ਸ਼੍ਰੋਮਣੀ ਅਕਾਲੀ ਦਲ ਦੀ ਮੁੜ ਸਥਾਪਤੀ ਲਈ ਲੀਡਰਸ਼ਿਪ 'ਚ ਤਬਦੀਲੀ ਦੀ ਲੋੜ?
ਇਸ ਸਰਵੇ ਵਿੱਚ 85 ਫੀਸਦੀ ਲੋਕਾਂ ਨੇ ਕਿਹਾ ਹਾਂ ਲੀਡਰਸ਼ਿਪ ਬਦਲੀ ਜਾਣੀ ਚਾਹੀਦੀ ਹੈ। ਇਸ ਸਰਵੇ ਵਿੱਚ ਨੌਂ ਫੀਸਦੀ ਲੋਕਾਂ ਨੇ ਕਿਹਾ ਕਿ ਲੀਡਰਸ਼ਿਪ ਬਦਲਣ ਦੀ ਲੋੜ ਨਹੀਂ ਜਦੋਂ ਕਿ ਛੇ ਫੀਸਦੀ ਲੋਕਾਂ ਨੇ ਕਿਹਾ ਕਿ ਇਸ ਬਾਰੇ ਉਹ ਕੁਝ ਨਹੀਂ ਕਹਿ ਸਕਦੇ। ਇਹ ਸਰਵੇ 24 ਘੰਟਿਆਂ ਦਾ ਹੈ ਜੋ ਅਜੇ ਵੀ ਲਾਈਵ ਹੈ। ਇਸ ਲਈ ਅੰਕੜਾ ਤਬਦੀਲ ਵੀ ਹੋ ਸਕਦਾ ਹੈ।
ਦੱਸ ਦਈਏ ਕਿ ਸਾਲ 2017 ਦੀਆਂ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਹੋਈ ਹਾਰ ਤੋਂ ਬਾਅਦ ਲਗਾਤਾਰ ਹੋ ਰਹੀਆਂ ਹਾਰਾਂ ਦੇ ਕਾਰਨ ਸ਼੍ਰੋਮਣੀ ਅਕਾਲੀ ਦਲ ਵਿੱਚ ਲੀਡਰਸ਼ਿਪ ਬਦਲਾਅ ਸਬੰਧੀ ਸੁਰਾਂ ਤਿੱਖੀਆਂ ਹੋਣੀਆਂ ਸ਼ੁਰੂ ਹੋ ਗਈਆਂ ਹਨ। ਇਨ੍ਹਾਂ ਸੁਰਾਂ ਨੂੰ ਦਬਾਉਣ ਲਈ ਭਾਵੇਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਭੰਗ ਕੀਤੇ ਢਾਂਚੇ ਦੌਰਾਨ ਹੀ ਇੱਕ ਅਨੁਸ਼ਾਸਨੀ ਕਮੇਟੀ ਬਣਾ ਦਿੱਤੀ ਗਈ ਹੈ ਪਰ ਇਹ ਸੁਰਾਂ ਭਵਿੱਖ ਵਿਚ ਹੋਰ ਤਿੱਖੀਆਂ ਹੋਣ ਦੀ ਸੰਭਾਵਨਾ ਹੈ।
ਪਿਛਲੇ ਦਿਨੀਂ ਮੋਰਚਾ ਗੁਰੂ ਕੇ ਬਾਗ ਦੀ ਸ਼ਤਾਬਦੀ ਸਮੇਂ ਇਕੱਠੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂਆਂ ਨੇ ਪਾਰਟੀ ਨੂੰ ਮਜ਼ਬੂਤ ਕਰਨ ਦੇ ਮੁੱਦੇ ਨੂੰ ਲੈ ਕੇ ਮੀਟਿੰਗ ਕੀਤੀ ਹੈ। ਇਹ ਮੀਟਿੰਗ ਰਵੀਕਰਨ ਸਿੰਘ ਕਾਹਲੋਂ ਦੇ ਘਰ ਵਿੱਚ ਕੀਤੀ ਗਈ। ਇਸ ਮੀਟਿੰਗ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਆਗੂ ਮਨਪ੍ਰੀਤ ਸਿੰਘ ਇਯਾਲੀ ਸਣੇ ਸੀਨੀਅਰ ਆਗੂ ਪ੍ਰੇਮ ਸਿੰਘ ਚੰਦੂਮਾਜਰਾ, ਚਰਨਜੀਤ ਸਿੰਘ ਅਟਵਾਲ, ਜਗਮੀਤ ਸਿੰਘ ਬਰਾੜ ,ਭਾਈ ਮਨਜੀਤ ਸਿੰਘ, ਅਮਰਪਾਲ ਸਿੰਘ ਬੋਨੀ, ਕਰਨੈਲ ਸਿੰਘ ਪੰਜੋਲੀ ਤੇ ਹੋਰ ਕਈ ਸੀਨੀਅਰ ਆਗੂ ਹਾਜ਼ਰ ਸਨ।
ਭਾਵੇਂ ਇਸ ਮੀਟਿੰਗ ਵਿੱਚ ਪਾਰਟੀ ਦੀ ਲੀਡਰਸ਼ਿਪ ਵਿੱਚ ਬਦਲਾਅ ਬਾਰੇ ਵੀ ਵਿਚਾਰ ਚਰਚਾ ਹੋਈ ਹੈ ਪਰ ਮੀਟਿੰਗ ਵਿੱਚ ਸ਼ਾਮਲ ਆਗੂਆਂ ਦਾ ਕਹਿਣਾ ਕਿ ਉਨ੍ਹਾਂ ਇਸ ਮੀਟਿੰਗ ਦੌਰਾਨ ਅਕਾਲੀ ਦਲ ਨੂੰ ਮਜ਼ਬੂਤ ਕਰਨ, ਪੰਥ ਦੀ ਚੜ੍ਹਦੀ ਕਲਾ ਆਦਿ ਲਈ ਸਲਾਹ ਮਸ਼ਵਰਾ ਕੀਤਾ ਹੈ। ਇਸ ਮਾਮਲੇ ਵਿੱਚ ਸਾਰੇ ਅਕਾਲੀ ਆਗੂਆਂ ਦੀ ਰਾਏ ਹੈ ਕਿ ਉਹ ਇਕੱਠੇ ਹੋ ਕੇ ਸੁਖਬੀਰ ਸਿੰਘ ਬਾਦਲ ਨੂੰ ਮਿਲਣਗੇ ਤੇ ਉਨ੍ਹਾਂ ਨਾਲ ਅਕਾਲੀ ਦਲ ਦੇ ਮੌਜੂਦਾ ਹਾਲਾਤ ’ਤੇ ਵਿਚਾਰ ਚਰਚਾ ਕਰਨਗੇ।