ਵੇਰਕਾ ਦੁੱਧ ਦੀਆਂ ਕੀਮਤਾਂ ਵਧਣ 'ਤੇ ਭੜਕੇ ਰਾਜਾ ਵੜਿੰਗ, ਮੋਦੀ ਸਰਕਾਰ ਦੇ ਨਾਲ ਹੀ ਭਗਵੰਤ ਮਾਨ ਨੂੰ ਵੀ ਘੇਰਿਆ
ਚੰਡੀਗੜ੍ਹ: ਦੇਸ਼ ਸਮੇਤ ਪੰਜਾਬ 'ਚ ਵੱਧ ਰਹੀ ਮਹਿੰਗਾਈ ਨੂੰ ਲੈ ਕੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਇੱਕ ਵਾਰ ਫਿਰ ਵਿਰੋਧੀਆਂ ਦੇ ਨਿਸ਼ਾਨੇ 'ਤੇ ਹੈ।
ਮਨਪ੍ਰੀਤ ਕੌਰ ਦੀ ਰਿਪੋਰਟ
ਚੰਡੀਗੜ੍ਹ: ਦੇਸ਼ ਸਮੇਤ ਪੰਜਾਬ 'ਚ ਵੱਧ ਰਹੀ ਮਹਿੰਗਾਈ ਨੂੰ ਲੈ ਕੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਇੱਕ ਵਾਰ ਫਿਰ ਵਿਰੋਧੀਆਂ ਦੇ ਨਿਸ਼ਾਨੇ 'ਤੇ ਹੈ। ਆਮ ਵਰਤੋਂ ਵਾਲੀਆਂ ਚੀਜ਼ਾਂ ਦੀਆਂ ਕੀਮਤਾਂ 'ਚ ਹੋ ਰਹੇ ਵਾਧੇ ਨੂੰ ਲੈ ਕੇ ਜਿੱਥੇ ਕਾਂਗਰਸ ਦੇਸ਼ ਭਰ 'ਚ ਪ੍ਰਦਰਸ਼ਨ ਕਰ ਰਹੀ ਹੈ, ਉੱਥੇ ਹੀ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਹਮਲਾ ਬੋਲਿਆ ਹੈ।
ਵੇਰਕਾ ਵੱਲੋਂ ਦੁੱਧ ਦੀਆਂ ਕੀਮਤਾਂ 'ਚ ਕੀਤੇ ਵਾਧੇ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਟਵੀਟ ਕਰ ਪੰਜਾਬ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਿਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀ ਆਰਥਿਕਤਾ ਦੇ ਕੁਪ੍ਰਬੰਧਨ ਕਾਰਨ ਦਿਨੋ-ਦਿਨ ਵਧ ਰਹੀ ਮਹਿੰਗਾਈ ਕਾਫੀ ਨਹੀਂ ਸੀ ਕਿ ਪੰਜਾਬ ਸਰਕਾਰ ਨੇ ਵੀ ਵੇਰਕਾ ਦੁੱਧ ਦੀਆਂ ਕੀਮਤਾਂ ਵਧਾ ਕੇ ਕੋਈ ਕਸਰ ਨਹੀਂ ਛੱਡੀ। ਉਨ੍ਹਾਂ ਕਿਹਾ ਕਿ ਇਹ ਆਮ ਆਦਮੀ ਕੋਲ ਆਖਰੀ ਤਿਣਕਾ ਵਾਲੀ ਕਹਾਵਤ ਸੱਚ ਹੋ ਰਹੀ ਹੈ।
.@BJP4India govt at centre proposes, @AAPPunjab govt disposes. As if backbreaking inflation due to Centre's mismanagement of economy was not enough, Punjab govt has increased prices of @Verka_Coop milk by Rs 2/kg.
— Amarinder Singh Raja Warring (@RajaBrar_INC) August 19, 2022
This will prove to be proverbial last straw on aam-aadmi's back. pic.twitter.com/2G5teoGIpJ
ਦਸ ਦਈਏ ਕਿ ਅਮੂਲ ਤੋਂ ਬਾਅਦ ਪੰਜਾਬ ਦੇ ਸਭ ਤੋਂ ਵੱਡੇ ਦੁੱਧ ਉਤਪਾਦਕਾਂ ਵਿੱਚੋਂ ਇੱਕ ਵੇਰਕਾ ਨੇ ਵੀ ਦੁੱਧ ਦੀਆਂ ਕੀਮਤਾਂ ਵਿੱਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਹੈ ਅਤੇ ਨਵੀਆਂ ਦਰਾਂ ਸ਼ੁੱਕਰਵਾਰ ਯਾਨੀ ਅੱਜ ਤੋਂ ਲਾਗੂ ਹੋ ਗਈਆਂ ਹਨ। ਦੁੱਧ ਦੀਆਂ ਵਧੀਆਂ ਕੀਮਤਾਂ ਦਾ ਅਸਰ ਪੰਜਾਬ ਦੇ ਨਾਲ-ਨਾਲ ਚੰਡੀਗੜ੍ਹ ਅਤੇ ਪੰਚਕੂਲਾ 'ਤੇ ਵੀ ਪਵੇਗਾ। ਵੇਰਕਾ ਸੂਬੇ ਵਿੱਚ ਹਰ ਰੋਜ਼ 12 ਲੱਖ ਲੀਟਰ ਦੁੱਧ ਵੇਚਦਾ ਹੈ।
ਹਾਲ ਹੀ ਵਿੱਚ ਅਮੂਲ ਅਤੇ ਮਦਰ ਡੇਅਰੀ ਨੇ ਵੀ ਦੁੱਧ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਹੈ। ਹੁਣ ਵੇਰਕਾ ਨੇ ਵੀ 2 ਰੁਪਏ ਦੁੱਧ ਦਾ ਰੇਟ ਵਧਾਉਣ ਦਾ ਫੈਸਲਾ ਕੀਤਾ ਹੈ। ਵੇਰਕਾ ਨੇ ਪਿਛਲੇ ਮਹੀਨੇ ਦਹੀਂ, ਮੱਖਣ ਅਤੇ ਦੇਸੀ ਘਿਓ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਸੀ। ਕੰਪਨੀ ਮੈਨੇਜਮੈਂਟ ਵੱਲੋਂ ਦੁੱਧ ਦੀਆਂ ਕੀਮਤਾਂ ਵਿੱਚ ਕੀਤੇ ਵਾਧੇ ਪਿੱਛੇ ਲਾਗਤ ਵਿੱਚ ਵਾਧਾ ਹੋਣਾ ਜ਼ਿੰਮੇਵਾਰ ਦੱਸਿਆ ਜਾ ਰਿਹਾ ਹੈ।
ਨਵੇਂ ਰੇਟ ਮੁਤਾਬਕ ਹੁਣ ਲੋਕਾਂ ਨੂੰ ਸਟੈਂਡਰਡ ਅੱਧਾ ਲੀਟਰ ਦੁੱਧ 28 ਰੁਪਏ ਵਿੱਚ, ਇੱਕ ਲੀਟਰ 55 ਰੁਪਏ ਵਿੱਚ, ਡੇਢ ਲੀਟਰ ਦੁੱਧ ਦਾ ਪੈਕੇਟ 80 ਰੁਪਏ ਵਿੱਚ, ਅੱਧਾ ਲੀਟਰ ਡਬਲ ਟੋਨਡ ਦੁੱਧ 23 ਰੁਪਏ ਵਿੱਚ ਮਿਲੇਗਾ। ਲੋਕਾਂ ਨੂੰ ਫੁੱਲ ਕਰੀਮ ਅੱਧਾ ਲੀਟਰ ਦੁੱਧ ਲਈ 31 ਰੁਪਏ ਅਤੇ ਇੱਕ ਲੀਟਰ ਲਈ 61 ਰੁਪਏ ਦੇਣੇ ਪੈਣਗੇ। ਅੱਧਾ ਲੀਟਰ ਗਾਂ ਦੇ ਦੁੱਧ ਦੀ ਕੀਮਤ 26 ਰੁਪਏ ਹੋਵੇਗੀ
ਇਸ ਤੋਂ ਪਹਿਲਾਂ ਗੁਜਰਾਤ ਕੋ-ਆਪਰੇਟਿਵ ਮਿਲਕ ਮਾਰਕੀਟਿੰਗ ਫੈਡਰੇਸ਼ਨ ਨੇ ਅਮੂਲ ਦੁੱਧ ਦੀਆਂ ਕੀਮਤਾਂ ਵਿੱਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਹੈ। ਇਸ ਦੇ ਨਾਲ ਹੀ ਮਦਰ ਡੇਅਰੀ ਨੇ ਵੀ ਦੁੱਧ ਦੇ ਭਾਅ ਵਧਾ ਦਿੱਤੇ ਹਨ। ਨਵੀਆਂ ਦਰਾਂ 17 ਅਗਸਤ 2022 ਤੋਂ ਲਾਗੂ ਹੋ ਚੁੱਕੀਆਂ ਹਨ। ਅਮੂਲ ਦੁੱਧ ਦੀਆਂ ਕੀਮਤਾਂ ਵਿੱਚ ਕੀਤਾ ਗਿਆ ਇਹ ਵਾਧਾ ਗੁਜਰਾਤ ਦੇ ਅਹਿਮਦਾਬਾਦ ਅਤੇ ਸੌਰਾਸ਼ਟਰ ਤੋਂ ਇਲਾਵਾ ਦਿੱਲੀ ਅਤੇ ਐਨਸੀਆਰ, ਪੱਛਮੀ ਬੰਗਾਲ, ਮੁੰਬਈ ਅਤੇ ਹੋਰ ਸਾਰੀਆਂ ਥਾਵਾਂ 'ਤੇ ਲਾਗੂ ਹੈ। ਇਥੇ ਅਮੂਲ ਦੇ ਉਤਪਾਦ ਵੇਚੇ ਜਾਂਦੇ ਹਨ। ਨਵੀਆਂ ਦਰਾਂ ਦੇ ਐਲਾਨ ਤੋਂ ਬਾਅਦ ਅਮੂਲ ਮਿਲਕ ਦੇ ਗੋਲਡ, ਤਾਜ਼ਾ ਅਤੇ ਸ਼ਕਤੀ ਬ੍ਰਾਂਡਾਂ ਦੀਆਂ ਕੀਮਤਾਂ 'ਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ।